Tuesday, May 25, 2010

ਲੋਕ ਪੱਥਰ ਵੇਚਦੇ ਨੇ ਸ਼ੀਸ਼ਿਆਂ ਦੇ ਨਾਲ ਨਾਲ


'ਬਜ਼ਮੇ-ਗ਼ਜ਼ਲ' ਪ੍ਰੋਗਰਾਮ ਵਿਚ ਗੀਤ ਪੇਸ਼ ਕਰਦੇ ਹੋਏ ਪ੍ਰੋ. ਰਾਜੇਸ਼ ਮੋਹਨ ਅਤੇ ਅਨੂ
'ਸੁਰ ਆਂਗਣ ਪੰਜਾਬ ' ਦੀ ਜੈਤੋ ਇਕਾਈ ਵੱਲੋਂ ਇਥੇ ਗੋਪੀ ਰਾਮ ਹਜਾਰੀ ਲਾਲ ਧਰਮਸ਼ਾਲਾ ਵਿਚ ਸੰਗੀਤਮਈ ਪ੍ਰੋਗਰਾਮ 'ਬਜ਼ਮੇ-ਗ਼ਜ਼ਲ' ਕਰਵਾਇਆ ਗਿਆ ਜਿਸ ਵਿਚ ਪ੍ਰਸਿੱਧ ਸ਼ਾਇਰ ਅਤੇ ਗ਼ਜ਼ਲ ਗਾਇਕ ਪ੍ਰੋ. ਰਾਜੇਸ਼ ਮੋਹਨ ਨੇ ਪੰਜਾਬੀ, ਉਰਦੂ ਸ਼ਾਇਰੀ ਦੇ ਵੱਖ ਵੱਖ ਰੰਗ ਸਰੋਤਿਆਂ ਨਾਲ ਸਾਂਝੇ ਕੀਤੇ। ਲੋਕ ਭਲਾਈ ਪਾਰਟੀ (ਯੂਥ ਵਿੰਗ) ਦੇ ਕੌਮੀ ਜਨਰਲ ਸਕੱਤਰ ਬਲਕਾਰ ਸਿੰਘ ਦਲ ਸਿੰਘ ਵਾਲਾ ਇਸ ਪ੍ਰੋਗਰਾਮ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਰੀਦਕੋਟ ਦੇ ਪ੍ਰਧਾਨ ਗੁਰਸਾਹਿਬ ਸਿੰਘ ਬਰਾੜ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸੰਗੀਤਮਈ ਪ੍ਰੋਗਰਾਮ ਦਾ ਆਗਾਜ਼ ਵਿਜੇ ਦੇਵਗਣ ਦੀ ਗ਼ਜ਼ਲ ਨਾਲ ਹੋਇਆ। ਫਿਰ ਤਰਸੇਮ ਅਰਮਾਨ ਨੇ 'ਕਿÀਂ ਦੂਰ ਦੂਰ ਰਹਿੰਦੇ ਓ ਹਜ਼ੂਰ ਮੇਰੇ ਕੋਲੋਂ...' ਗੀਤ ਪੇਸ਼ ਕੀਤਾ। ਪ੍ਰੋ. ਰਾਜੇਸ਼ ਮੋਹਨ ਨੇ ਗਾਇਕੀ ਦੀ ਸ਼ੁਰੂਆਤ ਬਾਬਾ ਫ਼ਰੀਦ ਜੀ ਦੇ ਸ਼ਲੋਕਾਂ ਤੋਂ ਕੀਤੀ। ਉਪਰੰਤ ਪੰਜਾਬੀ ਗ਼ਜ਼ਲ ਦੇ ਉਸਤਾਦ ਸ਼ਾਇਰ ਮਰਹੂਮ ਦੀਪਕ ਜੈਤੋਈ ਨੂੰ ਸਿਜਦਾ ਕਰਦਿਆਂ ਉਨ੍ਹਾਂ ਜੈਤੋਈ ਸਾਹਿਬ ਦੀ ਗ਼ਜ਼ਲ 'ਵਾਅਦਾ ਸਾਥੋਂ ਵਫ਼ਾ ਨਹੀਂ ਹੰਦਾ। ਫਿਰ ਵੀ Àਸ ਨੂੰ ਗ਼ਿਲਾ ਨਹੀਂ ਹੁੰਦਾ' ਪੇਸ਼ ਕੀਤੀ। ਉਨ੍ਹਾਂ ਉਸਤਾਦ ਸ਼ਾਇਰ ਡਾ. ਜਗਤਾਰ ਨੂੰ ਉਨ੍ਹਾਂ ਦੀ ਗ਼ਜ਼ਲ 'ਲੋਕ ਪੱਥਰ ਵੇਚਦੇ ਨੇ ਸ਼ੀਸ਼ਿਆਂ ਦੇ ਨਾਲ ਨਾਲ ' ਰਾਹੀਂ ਯਾਦ ਕੀਤਾ। ਵਿਜੇ ਵਿਵੇਕ ਦੀ ਰਚਨਾ 'ਹੈ ਖੁਸ਼ੀ ਕਿ ਮਿਲਣ ਤੇ ਕੁੱਝ ਲੋਕ ਜ਼ਿੰਦਾ ਵੀ ਮਿਲੇ, ਏਸ ਮੁਰਦਾ ਸ਼ਹਿਰ ਵਿਚ ਮਰਦਮਸ਼ੁਮਾਰੀ ਕਰਦਿਆਂ' ਨੂੰ ਸਰੋਤਿਆਂ ਵੱਲੋਂ ਖੂਬ ਦਾਦ ਮਿਲੀ। ਉਨ੍ਹਾਂ ਪੰਜਾਬੀ ਟੱਪੇ 'ਪਾਣੀ ਬੱਦਲਾਂ ਚੋਂ ਨਹੀਂ ਮੁੱਕਦਾ , ਹੌਂਸਲੇ ਦਾ ਬੰਨ੍ਹ ਲਾ ਕੇ ਹੜ ਹੰਝੂਆਂ ਦਾ ਨਹੀਂ ਰੁਕਦਾ' ਰਾਹੀਂ ਸਮੁੱਚੇ ਮਾਹੌਲ ਨੂੰ ਝੂਮਣ ਲਾ ਦਿੱਤਾ। ਉਨ੍ਹਾਂ ਦੀ ਸ਼ਾਗਿਰਦ ਅਨੂ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ ਅਤੇ ਅਨੂ ਨੇ ਉਰਦੂ ਗ਼ਜ਼ਲ 'ਜਬ ਆਓਗੇ ਸਾਵਣ ਕੇ ਸਾਥ, ਤਬ ਯੇ ਪੇਡ ਹਰੇ ਹੋਂਗੇ' ਗਾ ਕੇ ਆਪਣੀ ਸੋਜ਼ ਭਰਪੂਰ ਆਵਾਜ਼ ਰਾਹੀਂ ਸਰੋਤਿਆਂ ਨੂੰ ਕੀਲ ਲਿਆ। ਅਰਸ਼ਦੀਪ ਸ਼ਰਮਾ ਨੇ ਇਕ ਗੀਤ 'ਮਾਏ ਨੀਂ ਮੈਂ ਖ਼ਾਬ ਸੱਜਣ ਦੇ ਵੇਖਾਂ' ਪੇਸ਼ ਕਰਕੇ ਸਰੋਤਿਆਂ ਦੀ ਵਾਹ ਵਾਹ ਖੱਟੀ। ਪ੍ਰੋ. ਰਾਜੇਸ਼ ਮੋਹਨ ਨੇ 'ਸੱਜਣ ਦੇ ਰੰਗ ਬਿਰੰਗੇ ਬੋਲ..., ਮੋਤੀ ਸਿਤਾਰੇ ਫੁੱਲ ਵੇ... ਅਤੇ ਸਰੋਤਿਆਂ ਦੀਆਂ ਫਰਮਾਇਸ਼ਾਂ ਪੂਰੀਆਂ ਕਰਦਿਆਂ ਦੇਰ ਰਾਤ ਤੱਕ ਫਿਜ਼ਾ ਵਿਚ ਸੰਗੀਤ ਦਾ ਆਨੰਦਮਈ ਰਸ ਘੋਲਿਆ।
ਮੁੱਖ ਮਹਿਮਾਨ ਬਲਕਾਰ ਸਿੰਘ ਦਲ ਸਿੰਘ ਵਾਲਾ ਨੇ ਪ੍ਰੋ. ਰਾਜੇਸ਼ ਮੋਹਨ ਦੀ ਗਾਇਕੀ ਦੀ ਭਰਵੀਂ ਤਾਰੀਫ ਕੀਤੀ ਅਤੇ ਮੇਜ਼ਬਾਨ ਸੰਸਥਾ ਨੂੰ ਆਪਣੇ ਵੱਲੋਂ 3100 ਰੁਪਏ ਦੀ ਨਕਦ ਸਹਾਇਤਾ ਦਿੱਤੀ। ਬਜ਼ਮੇ-ਗ਼ਜ਼ਲ ਦਾ ਆਨੰਦ ਮਾਣਨ ਵਾਲਿਆਂ ਵਿਚ ਸ਼ਹਿਰ ਦੇ ਉਘੇ ਸੰਗੀਤਕਾਰ ਤੇ ਗਾਇਕ ਤਿਰਲੋਕੀ ਵਰਮਾ, ਪ੍ਰੋ. ਤਰਸੇਮ ਨਰੂਲਾ, ਲੋਕ ਸੱਭਿਆਚਾਰ ਵਿਕਾਸ ਮੰਚ ਦੇ ਪ੍ਰਧਾਨ ਹਰਦਮ ਸਿੰਘ ਮਾਨ, ਸਰਬ ਸਾਂਝਾ ਸੱਭਿਆਚਾਰ ਕਲੱਬ ਦੇ ਆਗੂ ਜਸਵਿੰਦਰ ਸਿੰਘ ਜੈਤੋ ਤੇ ਨਰੇਸ਼ ਰੁਪਾਣਾ, ਰਾਮਾ ਕ੍ਰਿਸ਼ਨਾ ਡਰਾਮਾਟਿਕ ਕਲੱਬ ਦੇ ਰਾਮ ਅਵਤਾਰ ਵਰਮਾ, ਰਾਜ ਕੁਮਾਰ ਗੋਇਲ, ਸਹਾਰਾ ਕਲੱਬ ਦੇ ਬੱਬੂ ਮਾਲੜਾ ਤੇ ਲਵਲੀਨ ਕੋਚਰ, ਦੀਪਕ ਨਾਗਪਾਲ, ਸੁਰਿੰਦਰ, ਮੋਹਨ ਸਫਰੀ, ਨਵਦੀਪ ਰੰਗਾ, ਬਾਲ ਕ੍ਰਿਸ਼ਨ ਅਤੇ ਹੰਸ ਰਾਜ ਸ਼ਾਮਲ ਸਨ।

No comments:

Post a Comment