Thursday, May 6, 2010

201 ਝੋਨੇ ਦੀ ਕਿਸਮ 'ਤੇ ਲਾਈ ਪਾਬੰਦੀ ਤੁਰੰਤ ਹਟਾਈ ਜਾਵੇ

ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਜ਼ਿਲ੍ਹਾ ਫ਼ਰੀਦਕੋਟ ਦੀ ਮੀਟਿੰਗ ਇਥੇ ਜ਼ਿਲ੍ਹਾ ਪ੍ਰਙਾਨ ਸਰਮੁਖ ਸਿੰਘ ਅਜਿੱਤ ਗਿੱਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਝੌਨੇ ਦੀ ਕਿਸਮ ਪੀ. ਏ. ਯੂ. 201 ਬੀਜਣ 'ਤੇ ਲਾਈ ਪਾਬੰਦੀ ਦੀ ਨਿਖੇਧੀ ਕੀਤੀ ਗਈ ਅਤੇ ਇਸ ਫੈਸਲੇ ਨੂੰ ਕਿਸਾਨ ਅਤੇ ਪੰਜਾਬ ਵਿਰੋਧੀ ਕਰਾਰ ਦਿੱਤਾ ਗਿਆ। ਯੂਨੀਅਨ ਦੇ ਜਨਰਲ ਸਕੱਤਰ ਨੈਬ ਸਿੰਘ ਭਗਤੂਆਣਾ ਨੇ ਦੱਸਿਆ ਹੈ ਕਿ ਮੀਟਿੰਗ ਵਿਚ ਕਿਸਾਨਾਂ ਨੇ ਪੀ.ਏ.ਯੂ. 201 ਝੋਨੇ ਦੀ ਕਿਸਮ ਦੀ ਵਕਾਲਤ ਕਰਦਿਆਂ ਕਿਹਾ ਕਿ ਇਹ ਕਿਸਮ ਪਾਣੀ ਘੱਟ ਲੈਣ ਕਰਕੇ ਧਰਤੀ ਹੇਠਲੇ ਪਾਣੀ ਪੱਧਰ ਨੂੰ ਨੀਵਾਂ ਜਾਣ ਤੋਂ ਰੋਕਣ, ਲਗਾਤਾਰ ਖਰਚਾ ਘੱਟ ਹੋਣ, ਘੱਟ ਸਮੇਂ ਵਿਚ ਪੱਕਣ ਅਤੇ ਪ੍ਰਤੀ ਏਕੜ ਝਾੜ ਵੱਧ ਹੋਣ ਕਰਕੇ ਇਹ ਬੇਹਤਰੀਨ ਕਿਸਮ ਹੈ, ਇਸ ਲਈ ਏਨੀ ਬੇਹਤਰੀਨ ਕਿਸਮ ਨੂੰ ਨਕਾਰਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾਇਰੈਕਟਰ ਰਿਸਰਚ ਡਾ: ਪੀ.ਐਸ. ਮਿਨਹਾਸ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਕਤ ਕਿਸਮ ਪੂਸਾ 44 ਤੋਂ ਦੋ ਹਫ਼ਤੇ ਪਹਿਲਾਂ ਪੱਕਦੀ ਹੈ ਤੇ ਇਹ ਕਿਸਮ ਬਹੁਤ ਹੀ ਵਧੀਆ ਹੈ।
ਮੀਟਿੰਗ ਵਿਚ ਬੋਲਦਿਆਂ ਜ਼ਿਲ੍ਹਾ ਪ੍ਰਧਾਨ ਸਰਮੁਖ ਸਿੰਘ ਅਜਿੱਤ ਗਿੱਲ ਨੇ ਕਿਹਾ ਕਿ ਪੀ.ਏ.ਯੂ. 201 ਝੋਨੇ ਦੀ ਕਿਸਮ ਤੇ ਬੀਜਣ 'ਤੇ ਲਾਈ ਪਾਬੰਦੀ ਕਾਰਨ ਕਿਸਾਨਾਂ ਦਾ ਰੁਝਾਨ ਪੂਸਾ 44 ਅਤੇ 118 ਕਿਸਮ ਵੱਲ ਹੋ ਗਿਆ ਹੈ। ਇਨ੍ਹਾਂ ਕਿਸਮਾਂ ਦਾ ਬੀਜ ਸਰਕਾਰੀ ਏਜੰਸੀ ਪਨਸੀਡ ਕੋਲ ਨਹੀਂ ਮਿਲ ਰਿਹਾ। ਪ੍ਰਾਈਵੇਟ ਡੀਲਰ ਬਜ਼ਾਰ ਵਿਚ 80-90 ਰੁਪਏ ਪ੍ਰਤੀ ਕਿਲੋ ਬਲੈਕ ਕਰਕੇ ਵੇਚ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਝੋਨੇ ਦੇ ਬੀਜ ਵਿਚ ਹੋ ਰਹੀ ਬਲੈਕ ਨੂੰ ਤੁਰੰਤ ਬੰਦ ਕਰੇ ਤੇ ਬਲੈਕੀਏ ਡੀਲਰਾਂ ਵਿਰੁੱਧ ਸਖ਼ਤ ਕਾਰਵਾਈ ਕਰੇ। ਮੀਟਿੱਗ ਵਿਚ ਇਹ ਮੰਗ ਵੀ ਕੀਤੀ ਗਈ ਕਿ ਜੇਕਰ ਪੰਜਾਬ ਨੂੰ ਰੇਗਿਸਤਾਨ ਬਣਨ ਤੋਂ ਬਚਾਉਣਾ ਹੈ ਅਤੇ ਦੇਸ਼ ਨੂੰ ਭੁੱਖਮਰੀ ਤੋਂ ਬਚਾਉਣਾ ਹੈ ਤਾਂ 201 ਝੋਨੇ ਦੀ ਕਿਸਮ 'ਤੇ ਲਾਈ ਪਾਬੰਦੀ ਤੁਰੰਤ ਹਟਾਈ ਜਾਵੇ। ਇਕ ਹੋਰ ਮਤੇ ਰਾਹੀਂ ਪੰਜਾਬ ਖੇਤੀ ਵਿਕਾਸ ਬੈਂਕ ਵੱਲੋਂ ਨਰਮਾ ਪੱਟੀ ਦੇ ਕਿਸਾਨਾਂ ਵੱਲੋਂ ਕਰਜ਼ਾ ਨਾ ਮੋੜ ਸਕਣ ਵਾਲੇ 1500 ਕਿਸਾਨਾਂ ਵਿਰੁੱਧ ਵਾਰੰਟ ਜਾਰੀ ਕਰਕੇ ਉਨ੍ਹਾਂ ਦੀਆਂ ਗ੍ਰਿਫ਼ਤਾਰੀਆਂ ਸ਼ੁਰੂ ਕਰਨ ਦਾ ਤਿੱਖਾ ਵਿਰੋਧ ਕਰਦਿਆਂ ਮੰਗ ਕੀਤੀ ਕਿ ਕਿਸਾਨਾਂ ਦੇ ਜਾਰੀ ਕੀਤੇ ਵਾਰੰਟ ਤੁਰੰਤ ਰੱਦ ਕੀਤੇ ਜਾਣ ਤੇ ਗ੍ਰਿਫ਼ਤਾਰ ਕੀਤੇ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ।

No comments:

Post a Comment