Sunday, August 1, 2010

ਨਿਸ਼ਕਾਮ ਸਮਾਜ ਸੇਵਕ ਸੰਤ ਸ਼ਮਿੰਦਰ ਸਿੰਘ ਯੂ. ਐਨ. ਦੇ ਮੈਂਬਰ ਨਾਮਜ਼ਦ 18 ਅਗਸਤ ਨੂੰ ਫਰਾਂਸ ਵਿਚ ਹੋਣ ਵਾਲੀ ਮੀਟਿੰਗ 'ਚ ਹੋਣਗੇ ਸ਼ਾਮਲ


ਯੂਨਾਈਟਿਡ ਨੇਸ਼ਨ (ਯੂ. ਐਨ.) ਵੱਲੋਂ ਜੈਤੋ ਇਲਾਕੇ ਦੇ ਨਿਸ਼ਕਾਮ ਸਮਾਜ ਸੇਵਕ ਅਤੇ ਜੈਤੋ ਵਿਖੇ ਮਾਤਾ ਅਮਰ ਕੌਰ ਚੈਰੀਟੇਬਲ ਅੱਖਾਂ ਦੇ ਹਸਪਤਾਲ ਰਾਹੀਂ ਮਨੁੱਖੀ ਭਲਾਈ ਲਈ ਅਹਿਮ ਕਾਰਜ ਕਰ ਰਹੇ ਸੰਤ ਸ਼ਮਿੰਦਰ ਸਿੰਘ ਦੀਆਂ ਸੇਵਾਵਾਂ ਨੂੰ ਮੁੱਖ ਰਖਦਿਆਂ ਉਨ੍ਹਾਂ ਨੂੰ ਯੂ. ਐਨ. ਦਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ ਅਤੇ ਉਹ 18 ਅਗਸਤ 2010 ਨੂੰ ਫਰਾਂਸ ਵਿਚ ਯੂ. ਐਨ. ਦੀ ਹੋ ਰਹੀ ਮੀਟਿੰਗ ਵਿਚ ਸ਼ਾਮਲ ਹੋਣ ਲਈ ਸੱਦਾ ਪੱਤਰ ਭੇਜਿਆ ਗਿਆ ਹੈ।
ਇਥੇ ਵਿਵੇਕ ਆਸ਼ਰਮ ਵਿਚ ਬੁਲਾਈ ਪ੍ਰੈਸ ਕਾਨਫਰੰਸ ਵਿਚ ਇਹ ਪ੍ਰਗਟਾਵਾ ਕਰਦਿਆਂ ਯੂ. ਐਨ. ਦੇ ਮੈਂਬਰ ਅਤੇ ਅੰਤਰ ਰਾਸ਼ਟਰੀ ਮਨੁੱਖੀ ਅਧਿਕਾਰ ਸੰਸਥਾ (ਆਈ. ਐਚ. ਆਰ. ਏ.) ਦੇ ਪੰਜਾਬ ਦੇ ਕੋਆਰਡੀਨੇਟਰ ਹਰਮਨਪ੍ਰੀਤ ਸਿੰਘ ਰੰਧਾਵਾ ਨੇ ਦੱਸਿਆ ਹੈ ਕਿ ਸੰਤ ਸ਼ਮਿੰਦਰ ਸਿੰਘ ਨੂੰ ਇਹ ਵਡੇਰਾ ਮਾਣ ਉਨ੍ਹਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਮਨੁੱਖੀ ਸੇਵਾ ਲਈ ਕੀਤੇ ਜਾ ਰਹੇ ਸ਼ਲਾਘਾਯੋਗ ਕਾਰਜਾਂ ਦੀ ਬਦੌਲਤ ਮਿਲਿਆ ਹੈ ਅਤੇ ਉਨ੍ਹਾਂ ਦੀਆਂ ਸੇਵਾਵਾਂ ਵਿਸ਼ੇਸ਼ ਤੌਰ ਤੇ ਵਿਸ਼ਵ ਸਿਹਤ ਸੰਸਥਾ ਨੂੰ ਸਮੱਰਪਿਤ ਹੋਣਗੀਆਂ। ਪ੍ਰੈਸ ਕਾਨਫਰੰਸ ਵਿਚ ਹਾਜਰ ਆਈ. ਐਚ. ਆਰ. ਏ. ਕੌਮੀ ਮੁੱਖ ਸਲਾਹਕਾਰ ਪ੍ਰੋ. ਤਰਸੇਮ ਨਰੂਲਾ ਨੇ ਕਿਹਾ ਕਿ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਜੈਤੋ ਦੇ ਕਿਸੇ ਸ਼ਖ਼ਸੀਅਤ ਨੂੰ ਸਮੁੱਚੀ ਦੁਨੀਆਂ ਦੀ ਸਰਵਉਚ ਸੰਸਥਾ ਦੇ ਮੈਂਬਰ ਬਣਨ ਦਾ ਮਾਣ ਹਾਸਲ ਹੋਇਆ ਹੈ ਅਤੇ ਉਨ੍ਹਾਂ ਦੀ ਨਿਯੁਕਤੀ ਨਾਲ ਇਤਿਹਾਸਕ ਸ਼ਹਿਰ ਜੈਤੋ ਦੇ ਗੌਰਵ ਵਿਚ ਇਕ ਨਵਾਂ ਅਧਿਆਇ ਜੁੜ ਗਿਆ ਹੈ।
ਇਸ ਨਿਯੁਕਤੀ ਨੂੰ ਪੰਜਾਬ ਦੇ ਸਮੂਹ ਸਮਾਜ ਸੇਵਕਾਂ ਦਾ ਮਾਣ ਦਸਦਿਆਂ ਸੰਤ ਸ਼ਮਿੰਦਰ ਸਿੰਘ ਨੇ ਕਿਹਾ ਕਿ ਉਹ ਯੂ. ਐਨ. ਰਾਹੀਂ ਜੈਤੋ ਇਲਾਕੇ ਅਤੇ ਪੰਜਾਬ ਦੇ ਲੋਕਾਂ ਲਈ ਵੱਧ ਤੋਂ ਵੱਧ ਕਾਰਜ ਕਰਨ ਦਾ ਉਪਰਾਲਾ ਕਰਨਗੇ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਸਭ ਤੋਂ ਪਹਿਲਾ ਕਾਰਜ ਵਿਸ਼ਵ ਸਿਹਤ ਸੰਸਥਾ ਦੀ ਸਹਾਇਤਾ ਨਾਲ ਜੈਤੋ ਵਿਖੇ ਯਤੀਮ ਬੱਚਿਆਂ ਲਈ 7 ਕਰੋੜ ਦੀ ਲਾਗਤ ਨਾਲ ਇਕ ਆਸ਼ਰਮ ਦੀ ਉਸਾਰੀ ਕਰਨਾ ਹੋਵੇਗਾ। ਇਹ ਆਸ਼ਰਮ ਵਿਚ ਅਨਾਥ ਬੱਚਿਆਂ ਦੀ ਪਾਲਣਾ ਪੋਸ਼ਣਾ ਪਰਵਾਰਿਕ ਮੈਂਬਰਾਂ ਵਾਂਗ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਵਿਦਿਆ ਦੀਆਂ ਸਭ ਸਹੂਲਤਾਂ ਪ੍ਰਦਾਨ ਕਰਵਾਈਆਂ ਜਾਣਗੀਆਂ। ਇਸ ਮੌਕੇ ਆਈ. ਐਚ. ਆਰ. ਏ. ਦੇ ਮਾਲਵਾ ਜ਼ੋਨ ਦੇ ਪ੍ਰਧਾਨ ਐਡਵੋਕੇਟ ਸੰਜੀਵ ਮੰਗਲਾ, ਮੀਤ ਪ੍ਰਧਾਨ ਓਮ ਪ੍ਰਕਾਸ਼ ਸਿੰਗਲਾ ਤੋਂ ਇਲਾਵਾ ਪੰਜਾਬ ਦੇ ਸਕੱਤਰ ਦਰਸ਼ਨ ਕੁਮਾਰ ਗੋਇਲ, ਗੁਰਤੇਜ ਸਿੰਘ ਸਿੱਧੂ, ਵੀਰਪਾਲ ਸ਼ਰਮਾ, ਸਤਿੰਦਰਪਾਲ ਸਿੰਘ ਅਤੇ ਜਗਰੂਪ ਸਿੰਘ ਬਰਾੜ ਨੇ ਸੰਤ ਸ਼ਮਿੰਦਰ ਸਿੰਘ ਨੂੰ ਇਸ ਨਿਯੁਕਤੀ ਲਈ ਮੁਬਾਰਕਬਾਦ ਦਿੱਤੀ ਅਤੇ ਯੂ. ਐਨ. ਸੰਸਥਾ ਦਾ ਧੰਨਵਾਦ ਕੀਤਾ।

ਆਜ਼ਾਦੀ ਘੁਲਾਟੀਆਂ ਵੱਲੋਂ ਆਜ਼ਾਦੀ ਸਮਾਰੋਹਾਂ ਦੇ ਬਾਈਕਾਟ ਦਾ ਐਲਾਨ


ਆਜ਼ਾਦੀ ਘੁਲਾਟੀਆਂ ਦੀ ਸਰਕਾਰੀ ਦਰਬਾਰੇ ਹੋ ਰਹੀ ਦੁਰਗਤੀ ਦੇ ਰੋਸ ਵਜੋਂ ਜ਼ਿਲ੍ਹਾ ਫ਼ਰੀਦਕੋਟ ਦੇ ਆਜ਼ਾਦੀਏ ਘੁਲਾਟੀਏ 15 ਅਗਸਤ ਨੂੰ ਅਜ਼ਾਦੀ ਦਿਵਸ ਦੇ ਮੌਕੇ ਤੇ ਕਰਵਾਏ ਜਾ ਰਹੇ ਸਰਕਾਰੀ ਸਮਾਗਮਾਂ ਦਾ ਬਾਈਕਾਟ ਕਰਨਗੇ ਅਤੇ ਉਸ ਦਿਨ ਗ਼ੈਰ-ਸਰਕਾਰੀ ਸੰਸਥਾਵਾਂ ਵੱਲੋਂ ਕਰਵਾਏ ਜਾਣ ਵਾਲੇ ਸਮਾਰੋਹਾਂ ਵਿਚ ਸ਼ਾਮਲ ਹੋ ਕੇ ਦੇਸ਼ ਵਾਸੀਆਂ ਨਾਲ ਆਜ਼ਾਦੀ ਦੀ ਖੁਸ਼ੀ ਸਾਂਝੀ ਕਰਨਗੇ।
ਪੱਤਰਕਾਰਾਂ ਕੋਲ ਇਹ ਪ੍ਰਗਟਾਵਾ ਕਰਦਿਆਂ ਫਰੀਡਮ ਫਾਈਟਰਜ਼ ਆਰਗੇਨਾਈਜੇਸ਼ਨ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਮਾਸਟਰ ਕਰਤਾ ਰਾਮ ਸੇਵਕ ਨੇ ਇਥੇ ਕਿਹਾ ਹੈ ਕਿ ਇਹ ਫੈਸਲਾ ਲੈਣ ਲਈ ਉਨ੍ਹਾਂ ਨੂੰ ਇਸ ਕਰਕੇ ਮਜ਼ਬੂਰ ਹੋਣਾ ਪਿਆ ਹੈ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਸਿਰਫ ਰਸਮੀ ਤੌਰ ਤੇ ਆਜ਼ਾਦੀ ਦਿਵਸ ਅਤੇ ਗਣਤੰਤਰ ਦਿਵਸ ਦੇ ਸਮਾਰੋਹਾਂ ਸਮੇਂ ਆਜ਼ਾਦੀ ਘੁਲਾਟੀਆਂ ਨੂੰ ਸੱਦਾ ਪੱਤਰ ਭੇਜ ਦਿੰਦੇ ਹਨ ਪਰ ਅਸਲੀਅਤ ਇਹ ਹੈ ਕਿ ਆਜ਼ਾਦੀ ਘੁਲਾਟੀਆਂ ਨੂੰ ਸਰਕਾਰੀ ਦਰਬਾਰੇ ਕਿਤੇ ਵੀ ਬਣਦਾ ਸਨਮਾਨ ਨਹੀਂ ਦਿੱਤਾ ਜਾਂਦਾ। ਸਨਮਾਨ ਤਾਂ ਦੂਰ ਦੀ ਗੱਲ ਆਜ਼ਾਦੀ ਘੁਲਾਟੀਆਂ ਨਾਲ ਹੋ ਰਹੀ ਬੇਇਨਸਾਫੀ ਅਤੇ ਧੱਕੇਸ਼ਾਹੀ ਦੀ ਕਿਤੇ ਵੀ ਸੁਣਵਾਈ ਨਹੀਂ ਅਤੇ ਉਨ੍ਹਾਂ ਨੂੰ ਆਪਣੇ ਨਿਜੀ ਮਸਲਿਆਂ ਲਈ ਥਾਂ ਥਾਂ ਖੱਜਲ ਖ਼ੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਅਫਸੋਸ ਜ਼ਾਹਰ ਕੀਤਾ ਕਿ ਆਜ਼ਾਦੀ ਪਰਵਾਨਿਆਂ ਨੇ ਜਿਸ ਸੋਚ ਅਤੇ ਸੁਪਨਿਆਂ ਤਹਿਤ ਗ਼ੁਲਾਮੀ ਦਾ ਜੂਲਾ ਗਲੋਂ ਲਾਹਿਆ ਸੀ, ਅੱਜ ਦੇ ਰਾਜਨੀਤਕ ਆਗੂਆਂ ਅਤੇ ਅਫਸਰਸ਼ਾਹੀ ਨੇ ਆਜ਼ਾਦੀ ਘੁਲਾਟੀਅ ਦੇ ਉਨ੍ਹਾਂ ਸੁਪਨਿਆਂ ਨੂੰ ਚਕਨਾਚੂਰ ਕਰ ਦਿੱਤਾ ਹੈ। ਇਨ੍ਹਾਂ ਨੇਤਾਵਾਂ ਅਤੇ ਅਫਸਰਾਂ ਨੂੰ ਸਿਰਫ ਤੇ ਸਿਰਫ ਆਪਣੇ ਪਰਵਾਰਾਂ, ਰਿਸ਼ਤੇਦਾਰਾਂ ਅਤੇ ਚਹੇਤਿਆਂ ਤੋਂ ਸਿਵਾ ਹੋਰ ਕੋਈ ਵੀ ਨਾਗਰਿਕ ਨਜ਼ਰ ਆ ਰਿਹਾ ਹੈ ਅਤੇ ਇਹੀ ਵਜ੍ਹਾ ਹੈ ਕਿ ਦੇਸ਼ ਵਿਚ ਅਰਾਜਕਤਾ ਵਰਗੇ ਹਾਲਾਤ ਬਣਦੇ ਜਾ ਰਹੇ ਹਨ। ਸਰਕਾਰਾਂ ਚਲਾਉਣ ਵਾਲਿਆਂ ਨੂੰ ਨਾ ਦੇਸ਼ ਦੀ ਵਧਦੀ ਆਬਾਦੀ ਦੀ ਚਿੰਤਾ ਹੈ, ਨਾ ਬੇਰੁਜ਼ਗਾਰੀ ਦਾ ਕੋਈ ਖ਼ਿਆਲ ਹੈ ਅਤੇ ਨਾ ਹੀ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਲੋਕਾਂ ਨੂੰ ਸਹਾਰਾ ਦੇਣ ਲਈ ਕੋਈ ਸਰਕਾਰੀ ਵਿਉਂਤਬੰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਮਾਰੋਹਾਂ ਵਿਚ ਵੱਡੀਆਂ ਵੱਡੀਆਂ ਯੋਜਨਾਵਾਂ ਦਾ ਐਲਾਨ ਕਰਕੇ ਮੁੜ ਉਨ੍ਹਾਂ ਨੂੰ ਅਮਲੀ ਰੂਪ ਨਾ ਦੇਣਾ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਵੱਡਾ ਖਿਲਵਾੜ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਹੱਕਾਂ ਪ੍ਰਤੀ ਸੁਚੇਤ ਹੋਣ ਕਿਉਂਕਿ ਰਾਜਨੀਤਕ ਲੋਕਾਂ ਅਤੇ ਅਫਸਰਸ਼ਾਹੀ ਨੂੰ ਮਨਮਾਨੀਆਂ ਕਰਨ ਤੋਂ ਵਰਜਣਾ ਹੁਣ ਸਮੇਂ ਦੀ ਲੋੜ ਹੈ।

ਬਲਾਕ ਪੱਧਰ ਦੇ ਮੁਕਾਬਲਿਆਂ 'ਚ ਪੰਜਾਬ ਪਬਲਿਕ ਸਕੂਲ ਜੈਤੋ ਦੇ ਬੱਚੇ ਛਾਏ


ਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਬੀ. ਪੀ. ਈ. ਓ. ਜੈਤੋ ਸ੍ਰੀ ਦਰਸ਼ਨ ਸਿੰਘ ਜੀਦਾ ਦੀ ਅਗਵਾਈ ਵਿਚ ਬਲਾਕ ਪੱਧਰ ਦੇ ਸਹਿ ਅਕਾਦਮਿਕ ਵਿਦਿਅਕ ਮੁਕਾਬਲੇ ਇਥੇ ਪੰਜਾਬ ਪਬਲਿਕ ਸਕੂਲ ਵਿਚ ਕਰਵਾਏ ਗਏ। ਸ਼ਬਦ ਗਾਇਣ, ਲੋਕ ਗੀਤ, ਸੋਲੋ ਡਾਂਸ, ਸੁੰਦਰ ਲਿਖਾਈ, ਚਿੱਤਰਕਲਾ ਅਤੇ ਭਾਸ਼ਣ ਕਲਾ ਦੇ ਇਨ੍ਹਾਂ ਮੁਕਾਬਲਿਆਂ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸਮੁੱਚੇ ਤੌਰ ਤੇ ਪੰਜਾਬ ਪਬਲਕਿ ਸਕੂਲ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ।
ਮੁਕਾਬਲਿਆਂ ਦੇ ਅੰਤਿਮ ਨਤੀਜਿਆਂ ਅਨੁਸਾਰ ਸ਼ਬਦ ਗਾਇਣ ਮੁਕਾਬਲੇ ਵਿਚ ਪੰਜਾਬ ਪਬਲਿਕ ਸਕੂਲ ਜੈਤੋ ਦੀ ਟੀਮ ਨੇ ਪਹਿਲਾ ਤੇ ਸਰਕਾਰੀ ਪ੍ਰਾਇਮਰੀ ਸਕੂਲ ਚੰਦਭਾਨ ਦੀ ਟੀਮ ਨੇ ਦੂਜਾ, ਸੋਲੋ ਮੁਕਾਬਲੇ ਵਿਚ ਪੰਜਾਬ ਪਬਲਿਕ ਸਕੂਲ ਦੀ ਵਿਦਿਆਰਥਣ ਕਰਨਪ੍ਰੀਤ ਕੌਰ ਨੇ ਪਹਿਲਾ, ਸਰਕਾਰੀ ਪ੍ਰਾਇਮਰੀ ਸਕੂਲ ਦਬੜ੍ਹੀਖਾਨਾ ਦੀ ਨਿੰਦਰਪਾਲ ਕੌਰ ਨੇ ਦੂਜਾ ਤੇ ਸਰਕਾਰੀ ਪ੍ਰਾਇਮਰੀ ਸਕੂਲ (ਲੜਕੀਆਂ) ਜੈਤੋ ਦੀ ਰੂਪਾਂਗੀ ਨੇ ਤੀਜਾ, ਲੋਕ ਗੀਤ ਮੁਕਾਬਲੇ ਵਿਚ ਪੰਜਾਬ ਪਬਲਿਕ ਸਕੂਲ ਦੀ ਰੀਬਿਕਾ ਪੰਵਾਰ ਨੇ ਪਹਿਲਾ ਤੇ ਸਰਕਾਰੀ ਪ੍ਰਾਇਮਰੀ ਸਕੂਲ ਜੈਤੋ ਦੀ ਰਮਨਦੀਪ ਕੌਰ ਨੇ ਦੂਜਾ, ਭਾਸ਼ਣ ਮੁਕਾਬਲੇ ਵਿਚ ਪੰਜਾਬ ਪਬਲਿਕ ਸਕੂਲ ਦੀ ਲਵਪ੍ਰੀਤ ਕੌਰ ਨੇ ਪਹਿਲਾ, ਸਰਕਾਰੀ ਪ੍ਰਾਇਮਰੀ ਸਕੂਲ ਘਣੀਆਂ ਦੀ ਨਵਜੀਤ ਕੌਰ ਨੇ ਦੂਜਾ ਤੇ ਸਰਕਾਰੀ ਪ੍ਰਾਇਮਰੀ ਸਕੂਲ ਵਾੜਾ ਭਾਈ ਕਾ ਦੀ ਹਰਮਨਦੀਪ ਕੌਰ ਨੇ ਤੀਜਾ, ਸੰਦਰ ਲਿਖਾਈ ਮੁਕਾਬਲੇ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਰਾਮੇਆਣਾ ਦੀ ਪਰਮਜੀਤ ਕੌਰ ਨੇ ਪਹਿਲਾ, ਸਰਕਾਰੀ ਪ੍ਰਾਇਮਰੀ ਸਕੂਲ ਚੈਨਾ ਦੇ ਲਵਦੀਪ ਸਿੰਘ ਨੇ ਦੂਜਾ ਤੇ ਸਰਕਾਰੀ ਪ੍ਰਾਇਮਰੀ ਸਕੂਲ ਘਣੀਆਂ ਦੇ ਹਰਜਿੰਦਰ ਸਿੰਘ ਨੇ ਤੀਜਾ, ਚਿੱਤਰਕਲਾ ਮੁਕਾਬਲੇ ਵਿਚ ਪੰਜਾਬ ਪਬਲਿਕ ਸਕੂਲ ਜੈਤੋ ਦੇ ਗੁਰਮਹਿਕ ਸਿੰਘ ਨੇ ਪਹਿਲਾ, ਸਰਕਾਰੀ ਪ੍ਰਾਇਮਰੀ ਸਕੂਲ ਚੰਦਭਾਨ ਦੇ ਸੁਭਾਸ਼ ਨੇ ਦੂਜਾ ਤੇ ਸਰਕਾਰੀ ਪ੍ਰਾਇਮਰੀ ਸਕੂਲ ਵਾੜਾ ਭਾਈ ਕਾ ਦੀ ਰਮਨਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।
ਜੇਤੂ ਬੱਚਿਆਂ ਨੂੰ ਸਨਮਾਨਿਤ ਕਰਦਿਆਂ ਪੰਜਾਬ ਪਬਲਿਕ ਸਕੂਲ ਦੇ ਪ੍ਰਬੰਧਕ ਸ੍ਰੀ ਕ੍ਰਿਸ਼ਨ ਭਗਵਾਨ ਅਤੇ ਸਕੂਲ ਮੁਖੀ ਦੀਪਕ ਨਾਗਪਾਲ ਨੇ ਇਨ੍ਹਾਂ ਬੱਚਿਆਂ ਨੂੰ ਸ਼ਾਬਾਸ਼ ਦਿੱਤੀ ਅਤੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਅਜਿਹੇ ਮੁਕਾਬਲਿਆਂ ਵਿਚ ਸ਼ਾਮਲ ਹੋਣ ਲਈ ਪ੍ਰੇਰਿਆ। ਬੀ. ਪੀ. ਈ. ਓ. ਦਰਸ਼ਨ ਸਿੰਘ ਜੀਦਾ ਨੇ ਕਿਹਾ ਕਿ ਅਜਿਹੇ ਮੁਕਾਬਲਿਆਂ ਸਦਕਾ ਬੱਚਿਆਂ ਦੀ ਪ੍ਰਤਿਭਾ ਵਿਚ ਨਿਖਾਰ ਆਉਂਦਾ ਹੈ। ਉਨ੍ਹਾਂ ਚੰਗੇ ਪ੍ਰਬੰਧਾਂ ਲਈ ਪੰਜਾਬ ਪਬਲਿਕ ਸਕੂਲ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪੰਜਾਬ ਪਬਲਿਕ ਸਕੂਲ ਵੱਲੋਂ ਬੀ. ਪੀ. ਈ. ਓ. ਦਰਸ਼ਨ ਸਿੰਘ ਜੀਦਾ, ਬੀ. ਪੀ. ਸੀ. ਬੂਟਾ ਸਿੰਘ, ਮਨਜਿੰਦਰ ਸਿੰਘ, ਮਲਕੀਤ ਸਿੰਘ, ਦਲਬੀਰ ਸਿੰਘ, ਕਿਰਨਜੀਤ ਕੌਰ, ਸੁਦੇਸ਼ ਰਾਣੀ, ਰੀਤੂ ਨਾਰੰਗ, ਜਗਮੀਤ ਸਿੰਘ, ਜਸਵਿੰਦਰ ਸਿੰਘ ਰੋਮਾਣਾ, ਜਸਵਿੰਦਰ ਸਿੰਘ, ਅਮਨਦੀਪ ਸ਼ਰਮਾ, ਮੋਹਿਤ ਕੁਮਾਰ, ਸੁਰਜੀਤ ਸਿੰਘ ਤੇ ਭੁਪਿੰਦਰ ਸਿੰਘ ਨੂੰ ਸਨਮਾਨ ਚਿੰਨ੍ਹ ਦਿੱਤੇ ਗਏ। ਪ੍ਰੋਗਰਾਮ ਦਾ ਸੰਚਾਲਨ ਰੀਤੂ ਨਾਰੰਗ ਨੇ ਕੀਤਾ।

ਨੰਬਰਦਾਰ ਗੁਰਜੰਟ ਸਿੰਘ ਬਰਾੜ ਪ੍ਰਧਾਨ ਚੁਣੇ ਗਏ


ਦੀ ਰਾਮੂਵਾਲਾ ਬਹੁਮੰਤਵੀ ਸਹਿਕਾਰੀ ਸਭਾ ਦੇ ਪ੍ਰਧਾਨ ਦੀ ਚੋਣ ਕਰਨ ਲਈ ਸਭਾ ਦੇ ਮੈਂਬਰਾਂ ਦੀ ਵਿਸ਼ੇਸ਼ ਮੀਟਿੰਗ ਸਭਾ ਦੇ ਦਫਤਰ ਵਿਚ ਹੋਈ। ਸਭਾ ਦੇ ਸਕੱਤਰ ਨਿਰਮਲ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਹ ਚੋਣ ਸਹਿਕਾਰੀ ਸਭਾਵਾਂ ਦੇ ਹਲਕਾ ਰਾਮੇਆਣਾ ਦੇ ਨਿਰੀਖਕ ਸੁਰਿੰਦਰਪਾਲ ਸ਼ਰਮਾ ਦੀ ਦੇਖ ਰੇਖ ਹੋਈ ਜਿਸ ਵਿਚ ਸਭਾ ਦੇ ਮੈਂਬਰਾਂ ਨੇ ਨੰਬਰਦਾਰ ਗੁਰਜੰਟ ਸਿੰਘ ਬਰਾੜ ਨੂੰ ਸਰਬਸੰਮਤੀ ਨਾਲ ਸਭਾ ਦਾ ਪ੍ਰਧਾਨ ਚੁਣ ਲਿਆ ਅਤੇ ਨਗਿੰਦਰ ਸਿੰਘ ਮਾਨ ਮੀਤ ਪ੍ਰਧਾਨ ਚੁਣੇ ਗਏ। ਇਨ੍ਹਾਂ ਤੋਂ ਇਲਾਵਾ ਕੌਰ ਸਿੰਘ ਬਰਾੜ, ਗੁਰਚਰਨ ਸਿੰਘ ਗਿੱਲ, ਜਗਜੀਤ ਸਿੰਘ ਬਰਾੜ, ਹਰਬੰਸ ਸਿੰਘ ਬਰਾੜ, ਨਿਰੰਜਨ ਸਿੰਘ ਬਰਾੜ, ਸੁਰਜੀਤ ਸਿੰਘ ਗੋਂਦਾਰਾ ਅਤੇ ਗੁਰਮੇਲ ਸਿੰਘ ਬਰਾੜ ਇਸ ਸਭਾ ਦੇ ਪਹਿਲਾਂ ਚੁਣੇ ਹੋਏ ਮੈਂਬਰ ਹਨ। ਪ੍ਰਧਾਨ ਦੀ ਚੋਣ ਸਮੇਂ ਪਿੰਡ ਦੇ ਸਰਪੰਚ ਰਾਜਪਾਲ ਸਿੰਘ, ਸਾਬਕਾ ਸਰਪੰਚ ਜਲੌਰ ਸਿੰਘ, ਪੰਚ ਮੱਲ ਸਿੰਘ ਬਰਾੜ, ਸੁਖਮੰਦਰ ਸਿੰਘ ਗੋਂਦਾਰਾ, ਪੰਚ ਤਾਰਾ ਸਿੰਘ ਅਤੇ ਪਿੰਡ ਦੇ ਹੋਰ ਪਤਵੰਤੇ ਹਾਜਰ ਸਨ।

ਟੈਲੀ ਫਿਲਮ 'ਕੈਨੇਡਾ! ਓ ਨੋ' ਦਾ ਮਹੂਰਤ


ਧਾਲੀਵਾਲ ਪ੍ਰੋਡਕਸ਼ਨ ਦੇ ਬੈਨਰ ਹੇਠ ਬਣਾਈ ਜਾ ਰਹੀ ਪਰਿਵਾਰਕ ਟੈਲੀ ਫਿਲਮ ' ਕੈਨੇਡਾ! ਓ ਨੋ' ਦੀ ਸ਼ੂਟਿੰਗ ਦਾ ਮਹੂਰਤ ਇਥੇ ਆਰ. ਵੀ ਸ਼ਾਂਤੀ ਨਗਰ ਵਿਚ ਹੋਇਆ। ਮਹੂਰਤ ਦੀ ਰਸਮ ਸ਼ਰੋਮਣੀ ਅਕਾਲੀ ਦਲ ਦੇ ਜੱਥੇਬੰਦਕ ਸਕੱਤਰ ਅਤੇ ਨਗਰ ਕੌਂਸਲਰ ਜੈਤੋ ਯਾਦਵਿੰਦਰ ਸਿੰਘ ਜ਼ੈਲਦਾਰ ਅਤੇ ਨਗਰ ਕੌਂਸਲਰ ਪਰਦੀਪ ਸਿੰਗਲਾ ਨੇ ਕੀਤੀ। ਫਿਲਮ ਦੇ ਪ੍ਰੋਡਿਊਸਰ ਸ਼ਕਤੀ ਮਿੱਤਲ ਨੇ ਦੱਸਿਆ ਹੈ ਕਿ ਰਾਜ ਧਾਲੀਵਾਲ ਦੇ ਨਿਰਦੇਸ਼ਨ ਹੇਠ ਫਿਲਮਾਈ ਜਾ ਰਹੀ ਇਸ ਫਿਲਮ ਵਿਚ ਅਜੋਕੇ ਦੌਰ ਵਿਚ ਵਿਦੇਸ਼ਾਂ ਦੀ ਚਕਾਚੌਂਧ ਤੋਂ ਪ੍ਰਭਾਵਿਤ ਆਮ ਲੋਕਾਂ ਦੀ ਲਾਲਸਾ ਅਤੇ ਕਥਿਤ ਏਜੰਟਾਂ ਵੱਲੋਂ ਸਬਜ਼ ਬਾਗ ਵਿਖਾ ਕੇ ਕੀਤੀ ਜਾਂਦੀ ਉਨ੍ਹਾਂ ਦੀ ਲੁੱਟ ਖਸੁੱਟ ਦੀ ਪੇਸ਼ਕਾਰੀ ਕੀਤੀ ਗਈ ਹੈ ਅਤੇ ਲੋਕਾਂ ਨੂੰ ਮਾਇਆ ਜਾਲ ਦਾ ਝਾਂਸਾ ਦੇਣ ਵਾਲੇ ਠੱਗਾਂ ਤੋਂ ਸੁਚੇਤ ਕਰਦਿਆਂ ਇਹ ਸੁਨੇਹਾ ਦਿੱਤਾ ਗਿਆ ਹੈ ਕਿ ਮਿਹਨਤ ਕਰਕੇ ਪੈਸਾ ਆਪਣੇ ਦੇਸ਼ ਵਿਚ ਵੀ ਕਮਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਮੁੱਚੀ ਫਿਲਮ ਨੂੰ ਜੈਤੋ ਅਤੇ ਆਸ ਪਾਸ ਦੇ ਇਲਾਕੇ ਵਿਚ ਫਿਲਮਾਇਆ ਜਾਵੇਗਾ। ਫਿਲਮ ਦੇ ਕਲਾਕਾਰਾਂ ਵਿਚ ਭੋਟੂ ਸ਼ਾਹ, ਅੰਮ੍ਰਿਤ ਪਾਲ, ਸਮੀਰ, ਰਜ਼ੀਆ ਸੁਖਬੀਰ ਤੇ ਅਮਨਜੋਤ ਦੀ ਅਹਿਮ ਭੂਮਿਕਾ ਹੈ। ਇਹ ਫਿਲਮ ਇਕ ਮਹੀਨੇ ਵਿਚ ਤਿਆਰ ਹੋ ਜਾਵੇਗੀ ਅਤੇ ਅਗਸਤ 2010 ਦੇ ਅਖੀਰ ਵਿਚ ਰਿਲੀਜ਼ ਕੀਤੀ ਜਾਵੇਗੀ। ਫਿਲਮ ਦੇ ਮਹੂਰਤ ਸਮੇਂ ਸ਼ਹਿਰ ਦੇ ਨੌਜਵਾਨ ਸਨਅਤਕਾਰ ਕੁਲਭੂਸ਼ਨ ਮਹੇਸ਼ਵਰੀ, ਵੀਰਪਾਲ ਸ਼ਰਮਾ ਅਤੇ ਸ਼ਹਿਰ ਦੇ ਕਈ ਪਤਵੰਤੇ ਮੌਜੂਦ ਸਨ।

ਬੱਚਿਆਂ ਨੂੰ ਜਨਮ ਦਿਨ ਤੇ ਪੌਦੇ ਲਾਉਣ ਦੀ ਪ੍ਰੇਰਨਾ


ਇਥੋਂ ਨੇੜਲੇ ਪਿੰਡ ਰੋੜੀਕਪੂਰਾ ਦੇ ਸਰਕਾਰੀ ਸੈਕੰਡਰੀ ਸਕੂਲ ਵਿਖੇ ਵਣ ਮਹਾਂਉਤਸਵ ਮਨਾਇਆ ਗਿਆ। ਮਹਿਮਾਨ ਸਕੂਲ ਦੇ ਪਸਵਕ ਚੈਅਰਮੈਨ ਗੁਰਵਿੰਦਰ ਸਿੰਘ ਬਰਾੜ ਅਤੇ ਅਧਿਆਪਕ ਆਗੂ ਜਗਤਾਰ ਸਿੰਘ ਰੋੜੀਕਪੂਰਾ ਨੇ ਆਪਣੇ ਹੱਥੀਂ ਪੌਦਾ ਲਾ ਕੇ ਵਣ ਮਹਾਂਉਤਸਵ ਦਾ ਉਦਘਾਟਨ ਕੀਤਾ। ਇਸ ਮੌਕੇ ਬੋਲਦਿਆਂ ਗੁਰਵਿੰਦਰ ਸਿੰਘ ਬਰਾੜ ਅਤੇ ਸਕੂਲ ਦੀ ਪ੍ਰਿੰਸੀਪਲ ਦਰਸ਼ਨਾ ਗੋਇਲ ਨੇ ਕਿਹਾ ਕਿ ਰੁੱਖ, ਮਨੁੱਖ ਦੇ ਜਨਮ ਤੋਂ ਲੈ ਕੇ ਅੰਤ ਤੱਕ ਉਸ ਦੀਆਂ ਲੋੜਾਂ ਪੂਰੀਆਂ ਕਰਦੇ ਹਨ। ਰੁੱਖਾਂ ਦੀ ਘਟਦੀ ਗਿਣਤੀ ਕਾਰਨ ਹੀ ਅਜੋਕੇ ਦੌਰ ਵਿਚ ਪ੍ਰਦੂਸ਼ਣ ਸਭ ਹੱਦਾਂ ਬੰਨੇ ਪਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਰੁੱਖਾਂ ਦੀ ਮਹੱਤਤਾ ਹੋਰ ਵੀ ਵਧ ਗਈ ਹੈ। ਉਨ੍ਹਾਂ ਹਰੇਕ ਬੱਚੇ ਨੂੰ ਆਪਣੇ ਜਨਮ ਦਿਨ ਤੇ ਪੌਦੇ ਲਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੀ ਵੱਖ-ਵੱਖ ਕਿਸਮ ਦੇ ਫੁੱਲਦਾਰ, ਛਾਂਦਾਰ ਤੇ ਫਲਦਾਰ ਪੌਦੇ ਲਾਉਣ ਦੀ ਮੁਹਿੰਮ ਵਿੱਢੀ। ਇਸ ਮੁਹਿੰਮ ਵਿਚ ਸਰਪੰਚ ਕੁਲਵੰਤ ਸਿੰਘ, ਸਾਬਕਾ ਸਰਪੰਚ ਜਸਵੰਤ ਸਿੰਘ ਢਿੱਲੋਂ, ਮੇਜਰ ਸਿੰਘ ਗਿਆਨੀ, ਜਗਤਾਰ ਸਿੰਘ ਰੋੜੀਕਪੂਰਾ, ਸਕੂਲ ਦੇ ਅਧਿਆਪਕ ਕੁਲਬੀਰ ਸਿੰਘ, ਗੁਰਮੀਤ ਸਿੰਘ ਬਰਾੜ, ਗੁਰਮੇਲ ਸਿੰਘ ਮੱਤਾ, ਮਹਿੰਦਰਪਾਲ ਸਿੰਘ, ਰਾਜੀਵ ਦੂਆ, ਮੀਨੂੰ ਬਾਲਾ, ਅਮਨਦੀਪ ਕੌਰ ਅਤੇ ਪਰਮੋਦ ਧੀਰ ਸ਼ਾਮਲ ਹੋਏ।

ਕੈਪਟਨ ਅਮਰਿੰਦਰ ਸਿੰਘ ਹੀ ਕਾਂਗਰਸ ਪ੍ਰਧਾਨਗੀ ਦੇ ਕਾਬਿਲ-ਅਮਨਦੀਪ ਮੱਤਾ


ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਜਨਰਲ ਸਕੱਤਰ ਅਮਨਦੀਪ ਸਿੰਘ ਮੱਤਾ ਨੇ ਕਾਂਗਰਸ ਦੀ ਹਾਈ ਕਮਾਨ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਕਾਂਗਰਸੀ ਵਰਕਰਾਂ ਅਤੇ ਆਮ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਇਆ ਜਾਵੇ ਤਾਂ ਜੋ ਉਨ੍ਹਾਂ ਦੀ ਅਗਵਾਈ ਵਿਚ ਪੰਜਾਬ ਵਿਚ ਅਗਲੀ ਲੋਕ-ਪੱਖੀ ਸਰਕਾਰ ਕਾਇਮ ਹੋ ਸਕੇ। ਇਥੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਸ੍ਰੀ ਮੱਤਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੀ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਲਈ ਕਾਬਿਲ ਨੇਤਾ ਹਨ ਅਤੇ ਕਾਂਗਰਸ ਦੇ ਕੇਂਦਰੀ ਆਗੂਆਂ ਨੂੰ ਇਹ ਗੱਲ ਕਦੇ ਵੀ ਨਹੀਂ ਭੁੱਲਣੀ ਚਾਹੀਦੀ ਕਿ ਜਿੰਨਾ ਚਿਰ ਪੰਜਾਬ ਪ੍ਰਦੇਸ਼ ਕਾਂਗਰਸ ਦੀ ਵਾਗਡੋਰ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪੀ ਨਹੀਂ ਜਾਂਦੀ ਓਨਾ ਚਿਰ ਪੰਜਾਬ ਵਿਚ ਕਾਂਗਰਸ ਦੀ ਮਜ਼ਬੂਤੀ ਦਾ ਸੁਪਨਾ ਵੀ ਨਹੀਂ ਲਿਆ ਜਾ ਸਕਦਾ। ਨਾ ਹੀ ਇਨ੍ਹਾਂ ਤੱਥਾਂ ਤੋਂ ਮੁਨਕਰ ਹੋਇਆ ਜਾ ਸਕਦਾ ਹੈ ਕਿ ਬਾਦਲ ਸਰਕਾਰ ਦੀਆਂ ਨਾਕਾਮੀਆਂ ਅਤੇ ਵਧੀਕਿਆਂ ਦੇ ਚਿੱਠੇ ਕੈਪਟਨ ਅਮਰਿੰਦਰ ਸਿੰਘ ਹੀ ਦਲੇਰੀ ਨਾਲ ਜੱਗ ਜ਼ਾਹਰ ਕਰ ਸਕਦੇ ਹਨ। ਨੌਜਵਾਨ ਆਗੂ ਨੇ ਕਿਹਾ ਕਿ ਹੁਣ ਸਿਰਫ ਕਾਂਗਰਸ ਪੱਖੀ ਲੋਕ ਹੀ ਨਹੀਂ ਕਹਿੰਦੇ ਸਗੋਂ ਹੁਣ ਤਾਂ ਅਕਾਲੀ ਵੀ ਸ਼ਰੇਆਮ ਕਹਿ ਰਹੇ ਹਨ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਦੇ ਹਨ ਅਤੇ ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਜਿੱਤ ਨੂੰ ਕੋਈ ਤਾਕਤ ਰੋਕ ਨਹੀਂ ਸਕਦੀ।
ਅਕਾਲੀ ਸਰਕਾਰ ਦੀ ਆਲੋਚਨਾ ਕਰਦਿਆਂ ਅਮਨਦੀਪ ਸਿੰਘ ਮੱਤਾ ਨੇ ਕਿਹਾ ਕਿ ਇਸ ਸਰਕਾਰ ਨੇ ਪੰਜਾਬ ਵਿਚ ਨਸ਼ਿਆਂ ਦੀ ਤਸਕਰੀ ਕਰਨ ਵਾਲਿਆਂ ਨੂੰ ਥਾਪੜਾ ਦਿੱਤਾ ਹੋਇਆ ਹੈ ਅਤੇ ਜਿਸ ਦੇ ਨਤੀਜੇ ਵਜੋਂ ਸਮਾਜ ਵਿਰੋਧੀ ਅਨਸਰ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਤੇ ਤੁਲੇ ਹੋਏ ਹਨ। ਇਸ ਸਰਕਾਰ ਦਾ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਕੋਈ ਪ੍ਰੋਗਰਾਮ ਨਹੀਂ ਅਤੇ ਸਿਰਫ ਕਾਗਜ਼ੀ ਵਿਕਾਸ ਕਰਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਇਸ ਮੌਕੇ ਯੂਥ ਕਾਂਗਰਸ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰੈਸ ਸਕੱਤਰ ਗੁਰਸੇਵਕ ਸਿੰਘ ਜੈਤੋ ਅਤੇ ਜੈਤੋ ਸ਼ਹਿਰੀ ਦੇ ਪ੍ਰਧਾਨ ਦਿਲਬਾਗ ਸ਼ਰਮਾ ਬਾਗੀ ਦੀ ਮੌਜੂਦ ਸਨ।