Tuesday, May 25, 2010

ਲੋਕ ਪੱਥਰ ਵੇਚਦੇ ਨੇ ਸ਼ੀਸ਼ਿਆਂ ਦੇ ਨਾਲ ਨਾਲ


'ਬਜ਼ਮੇ-ਗ਼ਜ਼ਲ' ਪ੍ਰੋਗਰਾਮ ਵਿਚ ਗੀਤ ਪੇਸ਼ ਕਰਦੇ ਹੋਏ ਪ੍ਰੋ. ਰਾਜੇਸ਼ ਮੋਹਨ ਅਤੇ ਅਨੂ
'ਸੁਰ ਆਂਗਣ ਪੰਜਾਬ ' ਦੀ ਜੈਤੋ ਇਕਾਈ ਵੱਲੋਂ ਇਥੇ ਗੋਪੀ ਰਾਮ ਹਜਾਰੀ ਲਾਲ ਧਰਮਸ਼ਾਲਾ ਵਿਚ ਸੰਗੀਤਮਈ ਪ੍ਰੋਗਰਾਮ 'ਬਜ਼ਮੇ-ਗ਼ਜ਼ਲ' ਕਰਵਾਇਆ ਗਿਆ ਜਿਸ ਵਿਚ ਪ੍ਰਸਿੱਧ ਸ਼ਾਇਰ ਅਤੇ ਗ਼ਜ਼ਲ ਗਾਇਕ ਪ੍ਰੋ. ਰਾਜੇਸ਼ ਮੋਹਨ ਨੇ ਪੰਜਾਬੀ, ਉਰਦੂ ਸ਼ਾਇਰੀ ਦੇ ਵੱਖ ਵੱਖ ਰੰਗ ਸਰੋਤਿਆਂ ਨਾਲ ਸਾਂਝੇ ਕੀਤੇ। ਲੋਕ ਭਲਾਈ ਪਾਰਟੀ (ਯੂਥ ਵਿੰਗ) ਦੇ ਕੌਮੀ ਜਨਰਲ ਸਕੱਤਰ ਬਲਕਾਰ ਸਿੰਘ ਦਲ ਸਿੰਘ ਵਾਲਾ ਇਸ ਪ੍ਰੋਗਰਾਮ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਰੀਦਕੋਟ ਦੇ ਪ੍ਰਧਾਨ ਗੁਰਸਾਹਿਬ ਸਿੰਘ ਬਰਾੜ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸੰਗੀਤਮਈ ਪ੍ਰੋਗਰਾਮ ਦਾ ਆਗਾਜ਼ ਵਿਜੇ ਦੇਵਗਣ ਦੀ ਗ਼ਜ਼ਲ ਨਾਲ ਹੋਇਆ। ਫਿਰ ਤਰਸੇਮ ਅਰਮਾਨ ਨੇ 'ਕਿÀਂ ਦੂਰ ਦੂਰ ਰਹਿੰਦੇ ਓ ਹਜ਼ੂਰ ਮੇਰੇ ਕੋਲੋਂ...' ਗੀਤ ਪੇਸ਼ ਕੀਤਾ। ਪ੍ਰੋ. ਰਾਜੇਸ਼ ਮੋਹਨ ਨੇ ਗਾਇਕੀ ਦੀ ਸ਼ੁਰੂਆਤ ਬਾਬਾ ਫ਼ਰੀਦ ਜੀ ਦੇ ਸ਼ਲੋਕਾਂ ਤੋਂ ਕੀਤੀ। ਉਪਰੰਤ ਪੰਜਾਬੀ ਗ਼ਜ਼ਲ ਦੇ ਉਸਤਾਦ ਸ਼ਾਇਰ ਮਰਹੂਮ ਦੀਪਕ ਜੈਤੋਈ ਨੂੰ ਸਿਜਦਾ ਕਰਦਿਆਂ ਉਨ੍ਹਾਂ ਜੈਤੋਈ ਸਾਹਿਬ ਦੀ ਗ਼ਜ਼ਲ 'ਵਾਅਦਾ ਸਾਥੋਂ ਵਫ਼ਾ ਨਹੀਂ ਹੰਦਾ। ਫਿਰ ਵੀ Àਸ ਨੂੰ ਗ਼ਿਲਾ ਨਹੀਂ ਹੁੰਦਾ' ਪੇਸ਼ ਕੀਤੀ। ਉਨ੍ਹਾਂ ਉਸਤਾਦ ਸ਼ਾਇਰ ਡਾ. ਜਗਤਾਰ ਨੂੰ ਉਨ੍ਹਾਂ ਦੀ ਗ਼ਜ਼ਲ 'ਲੋਕ ਪੱਥਰ ਵੇਚਦੇ ਨੇ ਸ਼ੀਸ਼ਿਆਂ ਦੇ ਨਾਲ ਨਾਲ ' ਰਾਹੀਂ ਯਾਦ ਕੀਤਾ। ਵਿਜੇ ਵਿਵੇਕ ਦੀ ਰਚਨਾ 'ਹੈ ਖੁਸ਼ੀ ਕਿ ਮਿਲਣ ਤੇ ਕੁੱਝ ਲੋਕ ਜ਼ਿੰਦਾ ਵੀ ਮਿਲੇ, ਏਸ ਮੁਰਦਾ ਸ਼ਹਿਰ ਵਿਚ ਮਰਦਮਸ਼ੁਮਾਰੀ ਕਰਦਿਆਂ' ਨੂੰ ਸਰੋਤਿਆਂ ਵੱਲੋਂ ਖੂਬ ਦਾਦ ਮਿਲੀ। ਉਨ੍ਹਾਂ ਪੰਜਾਬੀ ਟੱਪੇ 'ਪਾਣੀ ਬੱਦਲਾਂ ਚੋਂ ਨਹੀਂ ਮੁੱਕਦਾ , ਹੌਂਸਲੇ ਦਾ ਬੰਨ੍ਹ ਲਾ ਕੇ ਹੜ ਹੰਝੂਆਂ ਦਾ ਨਹੀਂ ਰੁਕਦਾ' ਰਾਹੀਂ ਸਮੁੱਚੇ ਮਾਹੌਲ ਨੂੰ ਝੂਮਣ ਲਾ ਦਿੱਤਾ। ਉਨ੍ਹਾਂ ਦੀ ਸ਼ਾਗਿਰਦ ਅਨੂ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ ਅਤੇ ਅਨੂ ਨੇ ਉਰਦੂ ਗ਼ਜ਼ਲ 'ਜਬ ਆਓਗੇ ਸਾਵਣ ਕੇ ਸਾਥ, ਤਬ ਯੇ ਪੇਡ ਹਰੇ ਹੋਂਗੇ' ਗਾ ਕੇ ਆਪਣੀ ਸੋਜ਼ ਭਰਪੂਰ ਆਵਾਜ਼ ਰਾਹੀਂ ਸਰੋਤਿਆਂ ਨੂੰ ਕੀਲ ਲਿਆ। ਅਰਸ਼ਦੀਪ ਸ਼ਰਮਾ ਨੇ ਇਕ ਗੀਤ 'ਮਾਏ ਨੀਂ ਮੈਂ ਖ਼ਾਬ ਸੱਜਣ ਦੇ ਵੇਖਾਂ' ਪੇਸ਼ ਕਰਕੇ ਸਰੋਤਿਆਂ ਦੀ ਵਾਹ ਵਾਹ ਖੱਟੀ। ਪ੍ਰੋ. ਰਾਜੇਸ਼ ਮੋਹਨ ਨੇ 'ਸੱਜਣ ਦੇ ਰੰਗ ਬਿਰੰਗੇ ਬੋਲ..., ਮੋਤੀ ਸਿਤਾਰੇ ਫੁੱਲ ਵੇ... ਅਤੇ ਸਰੋਤਿਆਂ ਦੀਆਂ ਫਰਮਾਇਸ਼ਾਂ ਪੂਰੀਆਂ ਕਰਦਿਆਂ ਦੇਰ ਰਾਤ ਤੱਕ ਫਿਜ਼ਾ ਵਿਚ ਸੰਗੀਤ ਦਾ ਆਨੰਦਮਈ ਰਸ ਘੋਲਿਆ।
ਮੁੱਖ ਮਹਿਮਾਨ ਬਲਕਾਰ ਸਿੰਘ ਦਲ ਸਿੰਘ ਵਾਲਾ ਨੇ ਪ੍ਰੋ. ਰਾਜੇਸ਼ ਮੋਹਨ ਦੀ ਗਾਇਕੀ ਦੀ ਭਰਵੀਂ ਤਾਰੀਫ ਕੀਤੀ ਅਤੇ ਮੇਜ਼ਬਾਨ ਸੰਸਥਾ ਨੂੰ ਆਪਣੇ ਵੱਲੋਂ 3100 ਰੁਪਏ ਦੀ ਨਕਦ ਸਹਾਇਤਾ ਦਿੱਤੀ। ਬਜ਼ਮੇ-ਗ਼ਜ਼ਲ ਦਾ ਆਨੰਦ ਮਾਣਨ ਵਾਲਿਆਂ ਵਿਚ ਸ਼ਹਿਰ ਦੇ ਉਘੇ ਸੰਗੀਤਕਾਰ ਤੇ ਗਾਇਕ ਤਿਰਲੋਕੀ ਵਰਮਾ, ਪ੍ਰੋ. ਤਰਸੇਮ ਨਰੂਲਾ, ਲੋਕ ਸੱਭਿਆਚਾਰ ਵਿਕਾਸ ਮੰਚ ਦੇ ਪ੍ਰਧਾਨ ਹਰਦਮ ਸਿੰਘ ਮਾਨ, ਸਰਬ ਸਾਂਝਾ ਸੱਭਿਆਚਾਰ ਕਲੱਬ ਦੇ ਆਗੂ ਜਸਵਿੰਦਰ ਸਿੰਘ ਜੈਤੋ ਤੇ ਨਰੇਸ਼ ਰੁਪਾਣਾ, ਰਾਮਾ ਕ੍ਰਿਸ਼ਨਾ ਡਰਾਮਾਟਿਕ ਕਲੱਬ ਦੇ ਰਾਮ ਅਵਤਾਰ ਵਰਮਾ, ਰਾਜ ਕੁਮਾਰ ਗੋਇਲ, ਸਹਾਰਾ ਕਲੱਬ ਦੇ ਬੱਬੂ ਮਾਲੜਾ ਤੇ ਲਵਲੀਨ ਕੋਚਰ, ਦੀਪਕ ਨਾਗਪਾਲ, ਸੁਰਿੰਦਰ, ਮੋਹਨ ਸਫਰੀ, ਨਵਦੀਪ ਰੰਗਾ, ਬਾਲ ਕ੍ਰਿਸ਼ਨ ਅਤੇ ਹੰਸ ਰਾਜ ਸ਼ਾਮਲ ਸਨ।

Saturday, May 22, 2010

ਗੁਰਦੇਵ ਬਾਦਲ ਵੱਲੋਂ ਰਾਮੂਵਾਲਾ ਵਿਖੇ ਵਾਟਰ ਵਰਕਸ ਦਾ ਨੀਂਹ ਪੱਥਰ


ਪਿੰਡ ਰਾਮੂਵਾਲਾ (ਡੇਲਿਆਂਵਾਲੀ) ਵਿਖੇ ਵਾਟਰ ਵਰਕਸ ਦਾ ਨੀਂਹ ਪੱਥਰ ਰਖਦੇ ਹੋਏ ਸਾਬਕਾ ਮੰਤਰੀ ਗੁਰਦੇਵ ਸਿੰਘ ਬਾਦਲ ਅਤੇ ਉਨ੍ਹਾਂ ਦੇ ਨਾਲ ਖੜ੍ਹੇ ਮਨਤਾਰ ਸਿੰਘ ਬਰਾੜ
ਪੰਜਾਬ ਵਿਚ ਪੀਣ ਵਾਲੇ ਸਾਫ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਲਈ ਅਕਾਲੀ-ਭਾਜਪਾ ਸਰਕਾਰ ਪੂਰੀ ਤਰਾਂ ਗੰਭੀਰ ਹੈ ਅਤੇ ਲੋਕਾਂ ਨੂੰ ਸਵੱਛ ਪਾਣੀ ਮੁਹੱਈਆ ਕਰਵਾਉਣ ਪਿੰਡਾਂ ਵਿਚ ਵੱਡੀ ਪੱਧਰ ਤੇ ਵਾਰਟ ਵਰਕਸ ਉਸਾਰੇ ਜਾ ਰਹੇ ਹਨ ਅਤੇ ਆਰ. ਓ. ਸਿਸਟਮ ਲਾਏ ਜਾ ਰਹੇ ਹਨ। ਇਹ ਸ਼ਬਦ ਸਾਬਕਾ ਖੇਤੀਬਾੜੀ ਮੰਤਰੀ ਅਤੇ ਹਲਕਾ ਜੈਤੋ ਦੇ ਇੰਚਾਰਜ ਗੁਰਦੇਵ ਸਿੰਘ ਬਾਦਲ ਨੇ ਇਥੋਂ ਨੇੜਲੇ ਪਿੰਡ ਰਾਮੂਵਾਲਾ (ਡੇਲਿਆਂਵਾਲੀ) ਵਿਖੇ ਨਵੇਂ ਵਾਟਰ ਵਰਕਸ ਦਾ ਨੀਂਹ ਪੱਥਰ ਰੱਖਣ ਉਪਰੰਤ ਪਿੰਡ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਸਿਹਤ ਮਾਹਰਾਂ ਦੀਆਂ ਰਿਪੋਰਟਾਂ ਅਨੁਸਾਰ ਪੀਣ ਵਾਲਾ ਪਾਣੀ ਦੂਸ਼ਿਤ ਹੋਣ ਕਾਰਨ ਪਿੰਡਾਂ ਵਿਚ ਕੈਂਸਰ ਵਰਗੀਆਂ ਬੀਮਾਰੀਆਂ ਫੈਲ ਰਹੀਆਂ ਹਨ ਅਤੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਇਸ ਮਸਲੇ ਨੂੰ ਪਹਿਲ ਦੇ ਆਧਾਰ ਤੇ ਨਜਿੱਠਣ ਦਾ ਤਹੱਈਆ ਕੀਤਾ ਹੈ ਤਾਂ ਜੋ ਪੰਜਾਬ ਵਿਚ ਚੰਗੇ ਸਿਹਤਮੰਦ ਸਮਾਜ ਦੀ ਸਿਰਜਣਾ ਹੋ ਸਕੇ। ਉਨ੍ਹਾਂ ਕਿਹਾ ਕਿ ਰਾਮੂਵਾਲਾ ਪਿੰਡ ਦੇ ਲੋਕਾਂ ਨੂੰ ਪਹਿਲਾਂ ਤਿੰਨ ਪਿੰਡਾਂ ਦੇ ਸਾਂਝੇ ਵਾਟਰ ਵਰਕਸ ਤੋਂ ਪਾਣੀ ਮਿਲਦਾ ਸੀ ਜੋ ਲੋਕਾਂ ਦੀਆਂ ਲੋੜਾਂ ਨਹੀਂ ਸੀ ਪੂਰੀਆਂ ਕਰਦਾ ਅਤੇ ਹੁਣ ਨਵੇਂ ਵਾਟਰ ਵਰਕਸ ਨਾਲ ਹਰ ਘਰ ਵਿਚ ਪੂਰੀ ਮਾਤਰਾ ਵਿਚ ਪਾਣੀ ਪੁੱਜੇਗਾ। ਇਸ ਕਾਰਜ ਉਪਰ 1.03 ਕਰੋੜ ਰੁਪਏ ਖਰਚ ਆਉਣਗੇ ਅਤੇ ਇਹ ਵਾਟਰ ਵਰਕਸ 6 ਮਹੀਨਿਆਂ ਵਿਚ ਮੁਕੰਮਲ ਹੋ ਜਾਵੇਗਾ।
ਲੋਕ ਇਕੱਠ ਵਿਚ ਬੋਲਦਿਆਂ ਸ਼ਰੋਮਣੀ ਅਕਾਲੀ ਦਲ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਮਨਤਾਰ ਸਿੰਘ ਬਰਾੜ ਨੇ ਕਿਹਾ ਹੈ ਕਿ ਹੁਣ ਪੰਜਾਬ ਵਿਚ ਵਿਕਾਸ ਕੰਮਾਂ ਦੀ ਲਹਿਰ ਪੂਰੀ ਤਰਾਂ ਭਖ ਚੁੱਕੀ ਹੈ ਅਤੇ ਥਾਂ ਥਾਂ ਸੜਕਾਂ, ਵਾਟਰਵਰਕਸਾਂ, ਪੁਲਾਂ, ਕੱਸੀਆਂ, ਖਾਲਿਆਂ ਦੇ ਨਿਰਮਾਣ ਦੇ ਕਾਰਜ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਪੇਂਡੂ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਅਗਲੇ ਦਿਨਾਂ ਵਿਚ 10-10 ਕਰੋੜ ਰੁਪਏ ਖਰਚ ਕਰਨ ਦੀ ਯੋਜਨਾ ਹੈ। ਪਿੰਡ ਦੇ ਸਰੰਪਚ ਅਤੇ ਹਲਕਾ ਜੈਤੋ ਪੰਚਾਇਤ ਯੂਨੀਅਨ ਦੇ ਪ੍ਰਧਾਨ ਰਾਜਪਾਲ ਸਿੰਘ ਨੇ ਪਿੰਡ ਵਿਚ ਵਾਟਰ ਵਰਕਸ ਲਿਆਉਣ ਲਈ ਸ੍ਰੀ ਗੁਰਦੇਵ ਸਿੰਘ ਬਾਦਲ ਅਤੇ ਮਨਤਾਰ ਸਿੰਘ ਬਰਾੜ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਇਸ ਕਾਰਜ ਲਈ ਪਿੰਡ ਵੱਲੋਂ ਹਰ ਤਰਾਂ ਦਾ ਸਹਿਯੋਗ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਰਣਜੀਤ ਸਿੰਘ ਔਲਖ, ਪੀ. ਏ. ਡੀ. ਬੀ. ਜੈਤੋ ਦੇ ਚੇਅਰਮੈਨ ਗੁਰਦਰਸ਼ਨ ਸਿੰਘ ਢਿੱਲੋਂ, ਸ਼ਰਮੋਣੀ ਕਮੇਟੀ ਮੈਂਬਰ ਸੁਖਦੇਵ ਸਿੰਘ ਬਾਠ, ਜ਼ਿਲ੍ਹਾ ਪ੍ਰੀਸ਼ਦ ਫ਼ਰੀਦਕੋਟ ਦੀ ਚੇਅਰਪਰਸਨ ਹਰਿੰਦਰ ਕੌਰ ਦਬੜ੍ਹੀਖਾਨਾ, ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਫ਼ਰੀਦਕੋਟ ਦੇ ਕਾਰਜਕਾਰੀ ਇੰਜ: ਯਾਦਵਿੰਦਰ ਸਿੰਘ ਢਿੱਲੋਂ, ਐਸ. ਡੀ. ਓ. ਤੇਜਪਾਲ ਸਿੰਘ ਤੇ ਜੇ. ਈ. ਰਵੀ ਗੋਇਲ,ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਖੇਦਵ ਸਿੰਘ ਮੱਤਾ, ਸਾਬਕਾ ਸਰੰਪਚ ਜਲੌਰ ਸਿੰਘ, ਸੁਖਪਾਲ ਸਿੰਘ ਮੱਤਾ, ਗੁਰਜੰਟ ਸਿੰਘ ਨੰਬਰਦਾਰ,ਪੰਚ ਮੱਲ ਸਿੰਘ, ਪੰਚ ਸੁਖਮੰਦਰ ਸਿੰਘ, ਪੰਚ ਤਾਰਾ ਸਿੰਘ, ਪੰਚ ਬਲਵੀਰ ਕੌਰ, ਟੇਕ ਸਿੰਘ ਨੰਬਰਦਾਰ, ਬੂਟਾ ਸਿੰਘ , ਸਹਿਕਾਰੀ ਸਭਾ ਦੇ ਮੀਤ ਪ੍ਰਧਾਨ ਨਗਿੰਦਰ ਸਿੰਘ, ਕੌਰ ਸਿੰਘ ਮਿੱਠੂ, ਗੁਰਮੇਲ ਸਿੰਘ ਮਾਸਟਰ, ਗੁਰਚਰਨ ਸਿੰਘ ਗਿੱਲ, ਨਿਰੰਜਨ ਸਿੰਘ, ਪਰਗਟ ਸਿੰਘ ਜ਼ੈਲਦਾਰ, ਬਲਤੇਜ ਸਿੰਘ ਢੈਪਈ, ਦਰਸ਼ਨ ਸਿੰਘ ਖੇਤ ਵਾਲਾ, ਗੁਰਵਿੰਦਰ ਸਿੰਘ, ਤਾਰਾ ਸਿੰਘ, ਮੇਜਰ ਸਿੰਘ ਢੈਪਈ, ਬਲਵਿੰਦਰ ਸਿੰਘ ਬਿੰਦੀ, ਕੁਲਵੰਤ ਸਿੰਘ ਸਰਪੰਚ ਰੋੜੀਕਪੂਰਾ, ਹਰਜਿੰਦਰ ਸਿੰਘ ਕੋਠੇ ਕੇਹਰ ਸਿੰਘ, ਜੋਗਿੰਦਰ ਸਿੰਘ, ਗੁਰਬਚਨ ਸਿੰਘ, ਬਲਦੇਵ ਸਿੰਘ , ਜੀਤ ਸਿੰਘ ਮੌਜੂਦ ਸਨ।

32 ਯੂਥ ਕਾਂਗਰਸੀ ਵਰਕਰਾਂ ਨੇ ਖੂਨਦਾਨ ਦਿੱਤਾ


ਯੂਥ ਕਾਂਗਰਸ ਵੱਲੋਂ ਲਾਏ ਗਏ ਕੈਂਪ ਵਿਚ ਖੂਨਦਾਨੀਆਂ ਨੂੰ ਸਨਮਾਨ ਚਿੰਨ੍ਹ ਦਿੰਦੇ ਹੋਏ ਸੁਖਵਿੰਦਰ ਸਿੰਘ ਡੈਨੀ, ਧਨਜੀਤ ਸਿੰਘ ਵਿਰਕ ਅਤੇ ਸੱਤ ਪਾਲ ਡੋਡ
ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬਲੀਦਾਨ ਦਿਵਸ 'ਤੇ ਅੱਜ ਯੂਥ ਕਾਂਗਰਸ ਜ਼ਿਲ੍ਹਾ ਫ਼ਰੀਦਕੋਟ ਵੱਲੋਂ ਜ਼ਿਲ੍ਹਾ ਪ੍ਰਧਾਨ ਧਨਜੀਤ ਸਿੰਘ ਵਿਰਕ (ਧਨੀ) ਦੀ ਅਗਵਾਈ ਵਿਚ ਇਥੇ ਲਾਇਨਜ਼ ਆਈ ਕੇਅਰ ਸੈਂਟਰ ਵਿਚ ਖੂਨਦਾਨ ਕੈਂਪ ਲਾਇਆ ਗਿਆ। ਇਸ ਕੈਂਪ ਦਾ ਉਦਘਾਟਨ ਕੁਲ ਹਿੰਦ ਯੂਥ ਕਾਂਗਰਸ ਦੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਡੈਨੀ ਨੇ ਕੀਤਾ। ਉਨ੍ਹਾਂ ਆਪਣੇ ਸੰਬੋਧਨ 'ਚ ਸ੍ਰੀ ਰਾਜੀਵ ਗਾਂਧੀ ਦੀ ਦੇਸ਼ ਪ੍ਰਤੀ ਦੂਰ-ਅੰਦੇਸ਼ੀ ਦਾ ਜ਼ਿਕਰ ਕਰਦਿਆਂ ਸ੍ਰੀ ਗਾਂਧੀ ਵੱਲੋਂ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ 'ਚ ਕੀਤੇ ਬੇਸ਼ੁਮਾਰ ਕਾਰਜਾਂ ਦਾ ਵਰਨਣ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਤਰੱਕੀ ਸ੍ਰੀ ਰਾਜੀਵ ਗਾਂਧੀ ਵੱਲੋਂ ਦਰਸਾਏ ਮਾਰਗ 'ਤੇ ਚੱਲ ਕੇ ਹੀ ਸੰਭਵ ਹੋ ਸਕਦੀ ਹੈ। ਇਸ ਮੌਕੇ ਧਨਜੀਤ ਸਿੰਘ ਵਿਰਕ, ਸੀਨੀਅਰ ਕਾਂਗਰਸੀ ਆਗੂ ਸੱਤਪਾਲ ਡੋਡ, ਦਰਸ਼ਨ ਢਿੱਲਵਾਂ, ਜਸਪਾਲ ਸਿੰਘ ਪੰਜਗਰਾਈਂ, ਗੁਲਸ਼ਨ ਸਿੰਘ ਰੋਮਾਣਾ ਅਤੇ ਮਹਿਲਾ ਕਾਂਗਰਸ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਅਮਰਜੀਤ ਕੌਰ ਪੰਜ ਗਰਾਈਂ ਨੇ ਸ੍ਰੀ ਰਾਜੀਵ ਗਾਂਧੀ ਦੇ ਅਦੁੱਤੀ ਬਲੀਦਾਨ ਦੀ ਚਰਚਾ ਕੀਤੀ।
ਖੂਨਦਾਨ ਕੈਂਪ ਦੌਰਾਨ ਯੂਥ ਕਾਂਗਰਸ ਦੇ 32 ਨੌਜਵਾਨਾਂ ਨੇ ਖੂਨਦਾਨ ਕੀਤਾ। ਖੂਨਦਾਨੀ ਨੌਜਵਾਨਾਂ ਨੂੰ ਸਨਮਾਨ ਚਿੰਨ੍ਹ ਦਿੱਤੇ ਗਏ। ਕੈਂਪ ਦੌਰਾਨ ਯੂਥ ਕਾਂਗਰਸ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰੈਸ ਸਕੱਤਰ ਗੁਰਸੇਵਕ ਸਿੰਘ ਜੈਤੋ, ਬਲਾਕ ਪ੍ਰਧਾਨ ਡਾ: ਨਿਰਭੈ ਸਿੰਘ ਰਣ ਸਿੰਘ ਵਾਲਾ, ਜ਼ਿਲ੍ਹਾ ਕਾਂਗਰਸ ਦੇ ਮੀਤ ਪ੍ਰਧਾਨ ਕੁਲਦੀਪ ਸਿੰਘ ਬਰਾੜ ਨਿਆਮੀਵਾਲਾ, ਬਲਾਕ ਕਾਂਗਰਸ ਕੋਟਕਪੂਰਾ ਦੇ ਪ੍ਰਧਾਨ ਸਿਕੰਦਰ ਸਿੰਘ ਮੜ੍ਹਾਕ, ਯੂਥ ਕਾਂਗਰਸ ਜੈਤੋ ਦੇ ਪ੍ਰਧਾਨ ਦਿਲਬਾਗ਼ ਸ਼ਰਮਾ ਬਾਗ਼ੀ, ਯੂਥ ਕਾਂਗਰਸੀ ਆਗੂ ਮਨਪ੍ਰੀਤ ਸਿੰਘ ਸੇਖੋਂ, ਰਣ ਸਿੰਘ ਵਾਲਾ ਦੇ ਸਾਬਕਾ ਸਰਪੰਚ ਕਰਮ ਸਿੰਘ, ਸੁਨੀਲ ਗਰਗ, ਲੱਕੀ ਡੋਡ, ਵਿਕਾਸ ਡੋਡ, ਕੁਲਦੀਪ ਸਿੰਘ ਰਣ ਸਿੰਘ ਵਾਲਾ ਸਮੇਤ ਵੱਡੀ ਗਿਣਤੀ ਵਿਚ ਯੂਥ ਵਰਕਰਾਂ ਨੇ ਹਾਜਰੀ ਲੁਆਈ।

Sunday, May 16, 2010

ਹਰਬੰਸ ਸਿੰਘ ਸਹਿਕਾਰੀ ਸਭਾ ਦੇ ਪ੍ਰਧਾਨ ਬਣੇ

ਇਥੋਂ ਨੇੜਲੇ ਪਿੰਡ ਰਾਮੂਵਾਲਾ (ਡੇਲਿਆਂਵਾਲੀ) ਦੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਉਪਰ ਪਿਛਲੇ ਦੋ ਸਾਲਾਂ ਤੋਂ ਵੱਧ ਅਰਸੇ ਤੋਂ ਕਾਬਜ਼ ਧੜੇ ਨੂੰ ਉਸ ਸਮੇਂ ਕਰਾਰੀ ਹਾਰ ਦਾ ਮੂੰਹ ਵੇਖਣਾ ਪਿਆ ਜਦੋਂ ਸਭਾ ਦੇ 9 ਮੈਂਬਰਾਂ ਵਿਚ ਸਿਰਫ ਦੋ ਮੈਂਬਰ ਹੀ ਇਸ ਧੜੇ ਦੇ ਨਾਲ ਰਹਿ ਗਏ ਅਤੇ ਵਿਰੋਧਂੀ ਧੜੇ ਦੇ 7 ਮੈਂਬਰ ਹੋ ਗਏ। ਅਜਿਹੀ ਸਥਿਤੀ ਵਿਚ ਪ੍ਰਧਾਨ ਦੀ ਨਵੀਂ ਚੋਣ ਕਰਨ ਲਈ ਸਭਾ ਦੇ ਸਕੱਤਰ ਨਿਰਮਲ ਸਿੰਘ ਵੱਲੋਂ ਸਭਾ ਦੀ ਵਿਸ਼ੇਸ਼ ਮੀਟਿੰਗ ਸਭਾ ਦੇ ਦਫਤਰ ਵਿਚ ਬੁਲਾਈ ਗਈ ਜਿਸ ਵਿਚ ਪ੍ਰਧਾਨ ਸੁਰਜੀਤ ਸਿੰਘ ਅਤੇ ਉਸ ਦਾ ਇਕ ਹੋਰ ਸਾਥੀ ਜਗਜੀਤ ਸਿੰਘ ਹਾਜਰ ਨਾ ਹੋਏ। ਸਕੱਤਰ ਨਿਰਮਲ ਸਿੰਘ ਨੇ ਦੱਸਿਆ ਹੈ ਕਿ ਮੀਟਿੰਗ ਵਿਚ ਹਾਜਰ ਸਭਾ ਦੇ ਮੈਂਬਰ ਹਰਬੰਸ ਸਿੰਘ, ਗੁਰਜੰਟ ਸਿੰਘ, ਨਿਰੰਜਨ ਸਿੰਘ, ਗੁਰਮੇਲ ਸਿੰਘ, ਨਗਿੰਦਰ ਸਿੰਘ, ਕੌਰ ਸਿੰਘ ਅਤੇ ਗੁਰਚਰਨ ਸਿੰਘ ਸ਼ਾਮਲ ਹੋਏ ਅਤੇ ਇਨ੍ਹਾਂ ਦੋ ਤਿਹਾਈ ਮੈਂਬਰਾਂ ਨੇ ਸਰਬਸੰਮਤੀ ਨਾਲ ਹਰਬੰਸ ਸਿੰਘ ਨੂੰ ਸਭਾ ਦਾ ਪ੍ਰਧਾਨ ਚੁਣ ਲਿਆ ਜਦੋਂ ਕਿ ਗੁਰਮੇਲ ਸਿੰਘ ਸੀਨੀਅਰ ਮੀਤੀ ਪ੍ਰਧਾਨ ਅਤੇ ਨਗਿੰਦਰ ਸਿੰਘ ਮੀਤ ਪ੍ਰਧਾਨ ਚੁਣ ਲਏ ਗਏ। ਇਸ ਚੋਣ ਸਮੇਂ ਪਿੰਡ ਦੇ ਸਰਪੰਚ ਅਤੇ ਹਲਕਾ ਜੈਤੋ ਪੰਚਾਇਤ ਯੂਨੀਅਨ ਦੇ ਪ੍ਰਧਾਨ ਰਾਜਪਾਲ ਸਿੰਘ, ਪੰਚ ਮੱਲ ਸਿੰਘ, ਪੰਚ ਸੁਖਮੰਦਰ ਸਿੰਘ, ਪੰਚ ਤਾਰਾ ਸਿੰਘ ਅਤੇ ਪਿੰਡ ਦੇ ਹੋਰ ਪਤਵੰਤੇ ਵੀ ਮੌਜੂਦ ਸਨ।

Sunday, May 9, 2010

ਅਕਾਲੀ ਸਰਕਾਰ ਨੇ ਪੰਜਾਬ ਨੂੰ ਵਿਕਾਸ ਪੱਖੋਂ ਫਾਡੀ ਬਣਾਇਆ-ਰਿਪਜੀਤ ਬਰਾੜ


ਪੰਜਾਬ ਵਿਚ ਰਾਜ ਕਰ ਰਹੀ ਅਕਾਲੀ-ਭਾਜਪਾ ਸਰਕਾਰ ਨੇ ਲੋਕਾਂ ਦੀਆਂ ਭਾਵਨਾਵਾਂ ਨਾਲ ਬੁਰੀ ਤਰਾਂ ਖਿਲਵਾੜ ਕਰਨ ਦੇ ਨਾਲ ਨਾਲ ਅਮਨ ਕਾਨੂੰਨ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਹਨ ਅਤੇ ਸਿਰਫ ਅਖਬਾਰੀ ਬਿਆਨਾਂ ਰਾਹੀਂ ਪੰਜਾਬ ਦਾ ਵਿਕਾਸ ਕਰਕੇ ਹਕੀਕਤ ਰੂਪ ਵਿਚ ਪੰਜਾਬ ਨੂੰ ਵਿਕਾਸ ਪੱਖੋਂ ਸਾਰੇ ਰਾਜਾਂ ਤੋਂ ਫਾਡੀ ਬਣਾ ਦਿੱਤਾ ਹੈ। ਇਹ ਸ਼ਬਦ ਹਲਕਾ ਕੋਟਕਪੂਰਾ ਦੇ ਕਾਂਗਰਸੀ ਵਿਧਾਇਕ ਰਿਪਜੀਤ ਸਿੰਘ ਬਰਾੜ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਇਹ ਪਹਿਲੀ ਸਰਕਾਰ ਹੈ ਜੋ ਹਰ ਫਰੰਟ ਉਪਰ ਬੁਰੀ ਤਰਾਂ ਫੇਲ੍ਹ ਹੋ ਚੁੱਕੀ ਹੈ।
ਕਾਂਗਰਸੀ ਵਿਧਾਇਕ ਨੇ ਕਿਹਾ ਕਿ ਕਿਸਾਨਾਂ ਦੀ ਸਭ ਤੋਂ ਵੱਡੀ ਹਿਤੈਸ਼ੀ ਕਹਾਉਣ ਵਾਲੀ ਇਸ ਸਰਕਾਰ ਵੱਲੋਂ ਕਿਸਾਨਾਂ ਨੂੰ ਬਿਜਲੀ, ਪਾਣੀ ਸਹੀ ਮਾਤਰਾ ਨਾ ਦੇਣ ਕਾਰਨ ਹੀ ਐਤਕੀਂ ਕਣਕ ਦਾ ਝਾੜ ਕਾਫੀ ਘਟ ਗਿਆ ਅਤੇ ਕਿਸਾਨਾਂ ਨੂੰ ਕਣਕ ਵੇਚਣ ਲਈ ਵੀ ਕਈ ਕਈ ਦਿਨ ਮੰਡੀਆਂ ਵਿਚ ਖੱਜਲ ਖੁਆਰ ਹੋਣਾ ਪਿਆ। ਹੁਣ ਜਦੋਂ ਨਰਮੇ ਦੀ ਬਿਜਾਈ ਪੂਰੇ ਸਿਖਰਾਂ ਤੇ ਹੈ ਪਰ ਹਾਲਤ ਇਹ ਹੈ ਕਿ ਕਿਸਾਨਾਂ ਨੂੰ ਮੋਟਰਾਂ ਲਈ ਬਿਜਲੀ ਨਹੀਂ ਮਿਲ ਰਹੀ ਅਤੇ ਨਹਿਰੀ ਪਾਣੀ ਨਹੀਂ ਮਿਲ ਰਿਹਾ ਜਿਸ ਦੇ ਨਤੀਜੇ ਵਜੋਂ ਨਰਮੇ ਦੀ ਬਿਜਾਈ ਪਛੜ ਰਹੀ ਹੈ ਅਤੇ ਇਸ ਦਾ ਸਿੱਧਾ ਅਸਰ ਨਰਮੇ ਦੇ ਝਾੜ ਤੇ ਪਵੇਗਾ। ਖੇਤੀ ਉਤਪਾਦਨ ਘਟਣ ਨਾਲ ਕਿਸਾਨਾਂ ਦੇ ਕਰਜ਼ੇ ਦੀ ਪੰਡ ਦਿਨੋ ਦਿਨ ਪੀਡੀ ਹੋ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਦਾ ਰੁਝਾਨ ਨਸ਼ਿਆਂ ਵੱਲ ਹੋਣ ਦਾ ਸਭ ਤੋਂ ਵੱਡਾ ਕਾਰਨ ਬੇਰੁਜ਼ਗਾਰੀ ਹੈ ਪਰ ਅਫਸੋਸ ਕਿ ਇਸ ਸਰਕਾਰ ਨੇ ਸਵਾ ਤਿੰਨ ਸਾਲਾਂ ਦੌਰਾਨ ਬੇਰੁਜ਼ਗਾਰੀ ਘਟਾਉਣ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਅਤੇ ਨਾ ਹੀ ਸਵੈ-ਰੁਜ਼ਗਾਰ ਧੰਦੇ ਚਲਾਉਣ ਲਈ ਹਕੀਕੀ ਰੂਪ ਵਿਚ ਬੇਰੁਜ਼ਗਾਰਾਂ ਦੀ ਕੋਈ ਮਦਦ ਕੀਤੀ ਜਾ ਰਹੀ ਹੈ।
ਪੰਜਾਬ ਅੰਦਰ ਕਾਂਗਰਸ ਦੀ ਭਰਤੀ ਮੁਹਿੰਮ ਦੀ ਗੱਲ ਕਰਦਿਆਂ ਸ੍ਰੀ ਬਰਾੜ ਨੇ ਕਿਹਾ ਕਿ ਹਲਕਾ ਕੋਟਕਪੂਰਾ ਅੰਦਰ ਕਾਂਗਰਸੀ ਮੈਂਬਰਸ਼ਿਪ ਲਈ ਰਿਕਾਰਡਤੋੜ ਭਰਤੀ ਹੋਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਅਗਲੇ ਮਹੀਨੇ ਪੂਰੇ ਹਲਕੇ ਅੰਦਰ ਜਨ ਸੰਪਰਕ ਮੁਹਿੰਮ ਸ਼ੁਰੂ ਕਰਨਗੇ ਜਿਸ ਤਹਿਤ ਪਿੰਡਾਂ, ਸ਼ਹਿਰਾਂ ਦੇ ਆਮ ਲੋਕਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ ਅਤੇ ਇਨ੍ਹਾਂ ਲੋਕ ਮਸਲਿਆਂ ਪ੍ਰਤੀ ਵਿਧਾਨ ਸਭਾ ਦੇ ਆਉਂਦੇ ਸ਼ੈਸਨ ਵਿਚ ਆਵਾਜ਼ ਉਠਾਈ ਜਾਵੇਗੀ। ਇਸ ਗੱਲਬਾਤ ਸਮੇਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਮੈਂਬਰ ਗੁਰਸਾਹਿਬ ਸਿੰਘ ਬਰਾੜ ਐਡਵੋਕੇਟ ਵੀ ਮੌਜੂਦ ਸਨ

Saturday, May 8, 2010

ਅਕਾਲੀ ਦਲ ਦਿੱਲੀ ਵੱਲੋਂ ਸ਼ਰੋਮਣੀ ਕਮੇਟੀ ਚੋਣਾਂ ਲਈ ਸਰਗਰਮੀਆਂ


ਰਸਾਲ ਪੱਤੀ ਜੈਤੋ ਵਿਚ ਲੋਕਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ਼ਰੋਮਣੀ ਅਕਾਲੀ ਦਲ ਦਿੱਲੀ (ਪੰਜਾਬ) ਦੇ ਪ੍ਰਧਾਨ ਜਸਵਿੰਦਰ ਸਿੰਘ ਬਲੀਏਵਾਲ
ਬੇਸ਼ੱਕ ਅਜੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਕਿਸੇ ਚੋਣ ਪ੍ਰੋਗਰਾਮ ਦਾ ਐਲਾਨ ਨਹੀਂ ਹੋਇਆ ਪਰ ਸ਼ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਹੁਣੇ ਤੋਂ ਹੀ ਸਿੱਖ ਵੋਟਰ ਦੀ ਨਬਜ਼ਾਂ ਨੂੰ ਟੋਹਿਆ ਜਾ ਰਿਹਾ ਹੈ ਅਤੇ ਇਸ ਸਬੰਧ ਵਿਚ ਆਮ ਲੋਕਾਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ। ਇਨ੍ਹਾ ਚੋਣਾਂ ਦੇ ਸਬੰਧ ਵਿਚ ਹੀ ਦਲ ਦੇ ਪੰਜਾਬ ਦੇ ਪ੍ਰਧਾਨ ਜਸਵਿੰਦਰ ਸਿੰਘ ਬਲੀਏਵਾਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਉਣ ਵਾਲੀਆਂ ਚੋਣਾਂ ਵਿਚ ਬੇ-ਦਾਗ਼, ਮਿਹਨਤੀ ਅਤੇ ਸੂਝਵਾਨ ਉਮੀਦਵਾਰਾਂ ਨੂੰ ਅੱਗੇ ਲਿਆਂਦਾ ਜਾਵੇ ਤਾਂ ਜੋ ਸਿੱਖ ਵਿਚ ਦਿਨ ਬ ਦਿਨ ਵਧ ਰਹੀਆਂ ਕੁ-ਰਹਿਤਾਂ ਨੂੰ ਠੱਲ੍ਹ ਪਾਈ ਜਾ ਸਕੇ ਅਤੇ ਦੁਨੀਆਂ ਭਰ ਵਿਚ ਸਿੱਖੀ ਦੇ ਪ੍ਰਚਾਰ ਸਬੰਧੀ ਠੋਸ ਯੋਜਨਾਬੰਦੀ ਕੀਤੀ ਜਾ ਸਕੇ। ਉਹ ਇਥੇ ਰਸਾਲ ਪੱਤੀ ਵਿਚ ਲੋਕਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਸਿੱਖ ਧਰਮ ਦੁਨੀਆਂ ਦਾ ਸਭ ਤੋਂ ਆਧੁਨਿਕ ਧਰਮ ਹੈ ਜਿਸ ਵਿਚ ਕਿਸੇ ਵੀ ਅਡੰਬਰ ਲਈ ਕੋਈ ਥਾਂ ਨਹੀਂ, ਨਾ ਇਸ ਵਿਚ ਕੋਈ ਜਾਤ ਪਾਤ ਹੈ। ਸਿੱਖ ਧਰਮ ਦੇ ਅਨੁਆਈ ਹਰ ਰੋਜ਼ ਸਵੇਰੇ ਸ਼ਾਮ ਹੋਣ ਵਾਲੀ ਅਰਦਾਸ ਵਿਚ ਸਰਬੱਤ ਦੇ ਭਲੇ ਦੀ ਕਾਮਨਾ ਕਰਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਧਰਮ ਦੇ ਪ੍ਰਚਾਰ ਦੀ ਵੱਡੇ ਪੱਧਰ ਤੇ ਜ਼ਰੂਰਤ ਹੈ ਕਿਉਂਕਿ ਸਾਡੀ ਅੱਜ ਦੀ ਪੀੜ੍ਹੀ ਸਿੱਖ ਧਰਮ ਦੀ ਰਹਿਤ ਮਰਯਾਦਾ ਤੋਂ ਬੇਮੁੱਖ ਹੁੰਦੀ ਜਾ ਰਹੀ ਹੈ ਅਤੇ ਇਸ ਵਿਚ ਸਾਰਾ ਕਸੂਰ ਸਿੱਖ ਧਰਮ ਦੇ ਪੈਰੋਕਾਰਾਂ ਦਾ ਹੀ ਹੈ। ਇਸ ਮੀਟਿੰਗ ਵਿਚ ਬੋਲਦਿਆਂ ਦਲ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਭੋਗਲ ਲੁਧਿਆਣਾ, ਲੱਖਾ ਸਿੰਘ ਮਲੋਟ, ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਮੀਤ ਸਿੰਘ ਮੁੰਡੀਆਂ ਨੇ ਵੀ ਅਗਲੀਆਂ ਸ਼ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਸਾਫ ਸੁਥਰੇ ਅਕਸ ਵਾਲੇ ਸਿੱਖਾਂ ਨੂੰ ਜਿਤਾਉਣ ਦੀ ਅਪੀਲ ਕੀਤੀ।
ਇਸ ਮੌਕੇ ਰਸਾਲ ਪੱਤੀ ਦੀ ਆਗੂ ਬੀਬੀ ਜਸਮੇਰ ਕੌਰ ਢਿੱਲੋਂ, ਰਵਤਾਰ ਸਿੰਘ ਰਿੰਪੀ ਅਤੇ ਹੋਰ ਆਗੂਆਂ ਨੇ ਜਸਵਿੰਦਰ ਸਿੰਘ ਬਲੀਏਵਾਲ ਸਿਰੋਪਾਓ ਭੇਟ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ। ਮੀਟਿੰਗ ਵਿਚ ਸੋਨੀ ਕਾਂਸਲ, ਬਲਰਾਜ ਸਿੰਘ, ਬਲਵਿੰਦਰ ਸਿੰਘ, ਨੱਥਾ ਸਿੰਘ, ਕਾਲਾ ਸਿੰਘ ਅਤੇ ਹੋਰ ਕਈ ਪਤਵੰਤੇ ਸ਼ਾਮਲ ਹੋਏ।

Friday, May 7, 2010

ਡੇਲਿਆਂਵਾਲੀ 'ਚ ਸੁਖਬੀਰ ਸਰਾਵਾਂ ਦਾ ਸਨਮਾਨ


ਪਿੰਡ ਰਾਮੂਵਾਲਾ (ਡੇਲਿਆਂਵਾਲੀ) ਵਿਖੇ ਕਬੱਡੀ ਖਿਡਾਰੀ ਸੁਖਬੀਰ ਸਿੰਘ ਸਰਾਵਾਂ ਦਾ ਸਨਮਾਨ ਕਰਦੇ ਹੋਏ ਪਰਗਟ ਸਿੰਘ ਜ਼ੈਲਦਾਰ ਅਤੇ ਕਬੱਡੀ ਪ੍ਰੇਮੀ ਨੌਜਵਾਨ।
ਕਬੱਡੀ ਦੇ ਕੌਮਾਂਤਰੀ ਖਿਡਾਰੀ ਅਤੇ ਵਿਸ਼ਵ ਕੱਪ ਕਬੱਡੀ ਵਿਚ ਨਾਮਣਾ ਖੱਟਣ ਵਾਲੇ ਭਾਰਤੀ ਟੀਮ ਦੇ ਰੇਡਰ ਸੁਖਬੀਰ ਸਿੰਘ ਸਰਾਵਾਂ ਦੇ ਸਨਮਾਨ ਵਿਚ ਇਥੋਂ ਨੇੜਲੇ ਪਿੰਡ ਰਾਮੂਵਾਲਾ (ਡੇਲਿਆਂਵਾਲੀ) ਵਿਖੇ ਕਬੱਡੀ ਪ੍ਰੇਮੀਆਂ ਵੱਲੋਂ ਸਮਾਗਮ ਕਰਵਾਇਆ ਗਿਆ। ਪਿੰਡ ਦੇ ਆਗੂ ਪਰਗਟ ਸਿੰਘ ਜ਼ੈਲਦਾਰ ਦੇ ਨਿਵਾਸ ਸਥਾਨ ਤੇ ਹੋਏ ਇਸ ਸੰਖੇਪ ਸਮਾਰੋਹ ਵਿਚ ਸੁਖਬੀਰ ਸਿੰਘ ਸਰਾਵਾਂ ਦੇ ਪੁੱਜਣ ਤੇ ਨੌਜਵਾਨਾਂ ਨੇ ਉਸ ਦਾ ਹਾਰਦਿਕ ਸਵਾਗਤ ਕੀਤਾ। ਇਸ ਮੌਕੇ ਸੁਖਬੀਰ ਨੂੰ ਨੌਜਵਾਨਾਂ ਵੱਲੋਂ 5100 ਰੁਪਏ ਨਕਦ ਅਤੇ ਇਕ ਯਾਦਗਾਰੀ ਟਰਾਫੀ ਪ੍ਰਦਾਨ ਕੀਤੀ ਗਈ ਅਤੇ ਇਹ ਰਕਮ ਤੇ ਟਰਾਫੀ ਭੇਟ ਕਰਨ ਦੀ ਰਸਮ ਪਰਗਟ ਸਿੰਘ ਜ਼ੈਲਦਾਰ, ਹਰਪ੍ਰੀਤ ਸਿੰਘ ਬਰਾੜ ਹੈਪਾ, ਸਾਬਕਾ ਪੰਚ ਕਾਲਾ ਸਿੰਘ ਨੇ ਕੀਤੀ। ਸੁਖਬੀਰ ਸਰਾਵਾਂ ਨੇ ਇਸ ਮਾਣ ਲਈ ਪਿੰਡ ਦੇ ਨੌਜਵਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਮਾਂ ਖੇਡ ਕਬੱਡੀ ਦੀ ਬੁਲੰਦਗੀ ਲਈ ਹਰ ਪਲ ਯਤਨਸ਼ੀਲ ਰਹੇਗਾ। ਇਸ ਸਮਾਗਮ ਵਿਚ ਡਾ. ਹਰਪਾਲ ਸਿੰਘ ਰਾਜਾ, ਗੁਰਦੀਪ ਸਿੰਘ ਬਰਾੜ, ਗੁਰਪ੍ਰੀਤ ਸਿੰਘ, ਰਾਜਦੀਪ , ਲੱਡੂ, ਖੁਸ਼ ਬਰਾੜ, ਕਬੱਡੀ ਖਿਡਾਰੀ ਮਨਪ੍ਰੀਤ ਸਿੰਘ ਬਰਾੜ, ਸੇਵਕ ਬਰਾੜ, ਪਿੰਦਾ, ਬਿੰਦਰ ਬਰਾੜ, ਮਨੀ ਬਰਾੜ, ਸੇਵਕ ਸਿੰਘ ਸਰਾਵਾਂ, ਐਸ. ਓ. ਆਈ.ਦੇ ਪ੍ਰਧਾਨ ਸੱਤਾ ਅਤੇ ਕਈ ਹੋਰ ਨੌਜਵਾਨ ਸ਼ਾਮਲ ਹੋਏ।

ਐਸ. ਐਸ. ਪੀ. ਵੱਲੋਂ ਜ਼ਮੀਨੀ ਤੇ ਵਿਆਹੁਤਾ ਝਗੜੇ ਭਾਈਚਾਰੇ ਵਿਚ ਨਜਿੱਠਣ ਦੀ ਅਪੀਲ

ਸੀਨੀਅਰ ਪੁਲਿਸ ਕਪਤਾਨ ਸ੍ਰੀ ਅਰੁਣ ਮਿੱਤਲ ਨੇ ਪਿੰਡਾਂ ਵਿਚ ਵਧ ਰਹੇ ਜ਼ਮੀਨੀ ਝਗੜਿਆਂ ਅਤੇ ਵਿਆਹੁਤਾ ਕੇਸਾਂ ਉਪਰ ਚਿੰਤਾ ਪ੍ਰਗਟ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਿੰਡਾਂ ਵਿਚ ਭਾਈਚਾਰਕ ਸਾਂਝ ਦੀ ਮਜ਼ਬੂਤੀ ਲਈ ਅੱਗੇ ਆਉਣ ਅਤੇ ਅਜਿਹੇ ਝਗੜਿਆਂ ਦੇ ਕੇਸਾਂ ਨੂੰ ਪੁਲਿਸ ਕੋਲ ਜਾਂ ਅਦਾਲਤਾਂ ਵਿਚ ਲਿਜਾਣ ਦੀ ਬਜਾਏ ਭਾਈਚਾਰਕ ਅਤੇ ਪੰਚਾਇਤੀ ਤੌਰ ਤੇ ਆਪਸ ਵਿਚ ਮਿਲ ਬੈਠ ਕੇ ਨਜਿੱਠਣ ਨੂੰ ਪਹਿਲ ਦੇਣ। ਇਥੇ ਜੈਤੋ ਥਾਣੇ ਵਿਚ ਬੀਤੀ ਸ਼ਾਮ ਇਲਾਕੇ ਦੇ ਪਤਵੰਤਿਆਂ ਨਾਲ ਕੀਤੀ ਇਕ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਅਜਿਹੇ ਝਗੜਿਆਂ ਵਿਚ ਜੋਸ਼ ਦੀ ਬਜਾਏ ਹੋਸ਼ ਤੋਂ ਕੰਮ ਲਿਆ ਜਾਵੇ ਤਾਂ ਬਹੁਤ ਸਾਰੇ ਝਮੇਲਿਆਂ ਤੋਂ ਬਚਿਆ ਜਾ ਸਕਦਾ ਹੈ।
ਮੀਟਿੰਗ ਦੇ ਆਗਾਜ਼ ਵਿਚ ਮਨੁੱਖੀ ਅਧਿਕਾਰ ਸੰਸਥਾ ਦੇ ਆਗੂ ਪ੍ਰੋ. ਤਰਸੇਮ ਨਰੂਲਾ ਨੇ ਸਭਨਾਂ ਨੂੰ ਜੀ ਆਇਆਂ ਕਿਹਾ। ਮੀਟਿੰਗ ਵਿਚ ਹਾਜਰ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਪ੍ਰਧਾਨ ਪਵਨ ਗੋਇਲ, ਭਾਰਤੀ ਜਨਤਾ ਪਾਰਟੀ ਜੈਤੋ ਇਕਾਈ ਦੇ ਪ੍ਰਧਾਨ ਸੁਭਾਸ਼ ਗੋਇਲ ਅਤੇ ਜੋਗਿੰਦਰ ਕਾਲੜਾ ਨੇ ਸ਼ਹਿਰ ਅੰਦਰ ਵਧੀ ਹੋਈ ਟਰੈਫਿਕ ਸਮੱਸਿਆ ਅਤੇ ਅਵਾਰਾ ਪਸ਼ੂਆਂ ਦੀ ਭਰਮਾਰ ਦਾ ਮੁੱਦਾ ਉਠਾਇਆ। ਸ੍ਰੀ ਅਰੁਣ ਮਿੱਤਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਟਰੈਫਿਕ ਮਸਲੇ ਨੂੰ ਹੱਲ ਕਰਨ ਲਈ ਇਕ ਸਲਾਹਕਾਰ ਕਮੇਟੀ ਬਣਾਈ ਗਈ ਹੈ ਅਤੇ ਇਸ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਆਧਾਰ ਬਣਾ ਕੇ ਪੁਲਿਸ ਆਪਣੀ ਕਾਰਵਾਈ ਸ਼ੁਰੂ ਕਰੇਗੀ। ਸ੍ਰੀ ਮਿੱਤਲ ਨੇ ਸਮਾਜ ਵਿਚ ਵਧਦੇ ਨਸ਼ਿਆਂ ਦੇ ਰੁਝਾਨ ਠੱਲ੍ਹ ਪਾਉਣ ਲੋਕਾਂ ਤੋਂ ਸਹਿਯੋਗ ਮੰਗਿਆ। ਉਨ੍ਹਾਂ ਚਿਤਾਵਨੀ ਵੀ ਦਿੱਤੀ ਕਿ ਨਸ਼ੀਲੇ ਪਦਾਰਥ ਵੇਚਣ ਵਾਲੇ ਕੈਮਿਸਟਾਂ ਨਾਲ ਪੁਲਿਸ ਸਖ਼ਤੀ ਨਾਲ ਪੇਸ਼ ਆਵੇਗੀ। ਉਨ੍ਹਾਂ ਅਵਾਰਾ ਪਸ਼ੂਆਂ ਨੂੰ ਗਊਸ਼ਾਲਾਵਾਂ ਵਿਚ ਸੰਭਾਲਣ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ। ਜ਼ਿਲ੍ਹਾ ਪੁਲਿਸ ਕਪਤਾਨ ਨੇ ਬੱਚਿਆਂ ਨੂੰ ਮੋਟਰ ਸਾਈਕਲਾਂ, ਸਕੂਟਰਾਂ ਉਪਰ ਦੋ ਤੋਂ ਵੱਧ ਸਵਾਰ ਹੋਣ ਤੋਂ ਰੋਕਣ ਲਈ ਮਾਪਿਆਂ ਨੂੰ ਅਪੀਲ ਕੀਤੀ।
ਇਸ ਮੀਟਿੰਗ ਹੋਰਨਾਂ ਤੋਂ ਇਲਾਵਾ ਐਸ.ਐਚ.ਓ ਜਸਵਰਿੰਦਰ ਸਿੰਘ, ਸ਼ਰੋਮਣੀ ਅਕਾਲੀ ਦੇ ਕੌਮੀ ਜਨਰਲ ਸਕੱਤਰ ਯਾਦਵਿੰਦਰ ਸਿੰਘ ਜ਼ੈਲਦਾਰ, ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕੁਲਵੰਤ ਸਿੰਘ ਜੈਤੋ, ਪੀ.ਏ.ਡੀ.ਬੀ ਜੈਤੋ ਦੇ ਚੇਅਰਮੈਨ ਗੁਰਦਰਸ਼ਨ ਸਿੰਘ ਢਿੱਲੋਂ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸੁਖਦੇਵ ਸਿੰਘ ਬਾਠ, ਮਾਰਕੀਟ ਕਮੇਟੀ ਜੈਤੋ ਦੇ ਉਪ ਚੇਅਰਮੈਨ ਸ਼ਾਮ ਲਾਲ ਗੋਇਲ, ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸੱਤ ਪਾਲ ਡੋਡ, ਨਗਰ ਕੌਂਸਲਰ , ਸੰਗੀਤ ਮਹਿੰਦਰ ਸਿੰਘ ਜ਼ੈਲਦਾਰ, ਪ੍ਰਦੀਪ ਸਿੰਗਲਾ, ਲਾਲਾ ਬਰਾੜ, ਅਮਰ ਕੁਮਾਰ ਤੇ ਰਾਜ ਬਾਲਾ , ਅਗਰਵਾਲ ਸਭਾ ਦੇ ਪ੍ਰਧਾਨ ਮੁਕੇਸ਼ ਗੋਇਲ, ਗੋਮੁੱਖ ਸਹਾਰਾ ਲੰਗਰ ਕਮੇਟੀ ਦੇ ਆਗੂ ਲਵਲੀਨ ਕੋਛੜ ਤੇ ਬੱਬੂ ਮਾਲੜਾ, ਨੌਜਵਾਨ ਵੈਲਫੇਅਰ ਸੁਸਾਇਟੀ ਦੇ ਸੋਨੀ ਕਾਂਸਲ, ਅਕਾਲੀ ਆਗੂ ਪ੍ਰਧਾਨ ਸਿੰਘ ਮੱਕੜ, ਸਰਪੰਚ ਸਿਕੰਦਰ ਸਿੰਘ ਰਾਮੇਆਣਾ, ਚਮਕੌਰ ਸਿੰਘ ਸੇਵੇਵਾਲਾ, ਨਿਰਮਲ ਸਿੰਘ ਵੜਿੰਗ, ਪ੍ਰਕਾਸ਼ ਸਿੰਘ ਸੇਵੇਵਾਲਾ ਹਾਜਰ ਹੋਏ।

Thursday, May 6, 2010

ਕਾਂਗਰਸ ਭਰਤੀ ਮੁਹਿੰਮ 'ਚ ਰਿਪਜੀਤ ਸਿੰਘ ਬਰਾੜ ਮੋਹਰੀ ਰਹੇ-ਗੁਰਸਾਹਿਬ ਸਿੰਘ ਬਰਾੜ


ਕਾਂਗਰਸ ਪਾਰਟੀ ਦੇ ਕੌਮੀ ਜਨਰਲ ਸਕੱਤਰ ਸ੍ਰੀ ਰਾਹੁਲ ਗਾਂਧੀ ਅਤੇ ਪੰਜਾਬ ਦੇ ਚੋਣ ਨਿਗਰਾਨ ਸ੍ਰੀ ਮਤੀ ਊਸ਼ਾ ਠੱਕਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਅੰਦਰ ਚੱਲੀ ਭਰਤੀ ਮੁਹਿੰਮ ਦੌਰਾਨ ਹਲਕਾ ਕੋਟਕਪੂਰਾ ਵਿਚ ਕਾਂਗਰਸ ਡੈਲੀਗੇਟਾਂ ਦੀ ਰਿਕਾਰਡ ਤੋੜ ਭਰਤੀ ਹੋਈ ਅਤੇ ਹਲਕਾ ਕੋਟਕਪੂਰਾ ਦੇ ਵਿਧਾਇਕ ਰਿਪਜੀਤ ਸਿੰਘ ਬਰਾੜ ਆਪਣੇ ਹਲਕੇ ਚੋਂ 254 ਬੂਥ ਪ੍ਰਧਾਨ ਅਤੇ ਡੈਲੀਗੇਟਾਂ ਦੇ ਨਾਮਜ਼ਦਗੀ ਫਾਰਮ ਜਮ੍ਹਾਂ ਕਰਵਾ ਕੇ ਪੰਜਾਬ ਭਰ ਚੋਂ ਮੋਹਰੀ ਰਹੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਮੈਂਬਰ ਐਡਵੋਕੇਟ ਗੁਰਸਾਹਿਬ ਸਿੰਘ ਬਰਾੜ ਨੇ ਜੈਤੋ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਸ੍ਰੀ ਬਰਾੜ ਨੇ ਕਿਹਾ ਕਿ ਰਿਪਜੀਤ ਸਿੰਘ ਬਰਾੜ ਨੇ ਰਸੀਦ ਨੰਬਰ 1835 ਅਨੁਸਾਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫਤਰ ਇੰਚਾਰਜ ਨਿਰਮਲ ਸਿੰਘ ਕੋਲ ਕੋਟਕਪੂਰਾ ਦਿਹਾਤੀ ਦੇ 62 ਬੂਥ ਪ੍ਰਧਾਨ ਤੇ 68 ਡੈਲੀਗੇਟ, ਕੋਟਕਪੂਰਾ ਸ਼ਹਿਰੀ ਦੇ 61 ਬੂਥ ਪ੍ਰਧਾਨ ਤੇ 63 ਬੂਥ ਡੈਲੀਗੇਟਾਂ ਦੇ ਨਾਮਜ਼ਦਗੀ ਫਾਰਮ ਜਮ੍ਹਾਂ ਕਰਵਾਏ। ਐਡਵੋਕੇਟ ਬਰਾੜ ਨੇ ਯੂ. ਪੀ. ਏ. ਦੀ ਚੇਅਰਪਰਸਨ ਸ੍ਰੀ ਮਤੀ ਸੋਨੀਆ ਗਾਂਧੀ ਜੀ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਪੰਜਾਬ ਦੇ ਸੰਸਦ ਮੈਂਬਰਾਂ ਦੀ ਪੁਰਜ਼ੋਰ ਮੰਗ ਉਪਰ ਨਾਮਜ਼ਦਗੀ ਫਾਰਮ ਭਰਨ ਦੀ ਆਖਰੀ ਮਿਤੀ 5 ਮਈ ਤੋਂ ਵਧਾ ਕੇ 10 ਮਈ 2010 ਤੱਕ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਲਕਾ ਕੋਟਕਪੂਰਾ ਦੇ ਕਾਂਗਰਸੀ ਵਰਕਰਾਂ ਵਿਚ ਇਸ ਗੱਲ ਦੀ ਬੇਹੱਦ ਖੁਸ਼ੀ ਹੈ ਕਿ ਵਿਧਾਇਕ ਰਿਪਜੀਤ ਸਿੰਘ ਬਰਾੜ ਦੇ ਸਿਰਤੋੜ ਯਤਨਾਂ ਸਦਕਾ ਹਲਕਾ ਕੋਟਕਪੂਰਾ ਦੇ 254 ਬੂਥ ਪ੍ਰਧਾਨ ਅਤੇ ਡੈਲੀਗੇਟ ਪ੍ਰਦੇਸ਼ ਕਾਂਗਰਸ ਕਮੇਟੀ ਦੀ ਚੋਣ ਪ੍ਰਕਿਰਿਆ ਵਿਚ ਹਿੱਸਾ ਲੈ ਸਕਣਗੇ ਜੋ ਕਿ ਆਪਣੇ ਆਪ ਵਿਚ ਇਕ ਰਿਕਾਰਡ ਹੋਵੇਗਾ। ਇਸ ਗੱਲਬਾਤ ਸਮੇਂ ਪਾਰਟੀ ਦੇ ਜ਼ਿਲ੍ਹਾ ਫ਼ਰੀਦਕੋਟ ਦੇ ਸੀਨੀਅਰ ਆਗੂ ਸੱਤਪਾਲ ਡੋਡ, ਹਰਦੇਵ ਸਿੰਘ ਜੈਤੋ ਅਤੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਗੁਰਸੇਵਕ ਸਿੰਘ ਜੈਤੋ ਵੀ ਹਾਜਰ ਸਨ।

201 ਝੋਨੇ ਦੀ ਕਿਸਮ 'ਤੇ ਲਾਈ ਪਾਬੰਦੀ ਤੁਰੰਤ ਹਟਾਈ ਜਾਵੇ

ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਜ਼ਿਲ੍ਹਾ ਫ਼ਰੀਦਕੋਟ ਦੀ ਮੀਟਿੰਗ ਇਥੇ ਜ਼ਿਲ੍ਹਾ ਪ੍ਰਙਾਨ ਸਰਮੁਖ ਸਿੰਘ ਅਜਿੱਤ ਗਿੱਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਝੌਨੇ ਦੀ ਕਿਸਮ ਪੀ. ਏ. ਯੂ. 201 ਬੀਜਣ 'ਤੇ ਲਾਈ ਪਾਬੰਦੀ ਦੀ ਨਿਖੇਧੀ ਕੀਤੀ ਗਈ ਅਤੇ ਇਸ ਫੈਸਲੇ ਨੂੰ ਕਿਸਾਨ ਅਤੇ ਪੰਜਾਬ ਵਿਰੋਧੀ ਕਰਾਰ ਦਿੱਤਾ ਗਿਆ। ਯੂਨੀਅਨ ਦੇ ਜਨਰਲ ਸਕੱਤਰ ਨੈਬ ਸਿੰਘ ਭਗਤੂਆਣਾ ਨੇ ਦੱਸਿਆ ਹੈ ਕਿ ਮੀਟਿੰਗ ਵਿਚ ਕਿਸਾਨਾਂ ਨੇ ਪੀ.ਏ.ਯੂ. 201 ਝੋਨੇ ਦੀ ਕਿਸਮ ਦੀ ਵਕਾਲਤ ਕਰਦਿਆਂ ਕਿਹਾ ਕਿ ਇਹ ਕਿਸਮ ਪਾਣੀ ਘੱਟ ਲੈਣ ਕਰਕੇ ਧਰਤੀ ਹੇਠਲੇ ਪਾਣੀ ਪੱਧਰ ਨੂੰ ਨੀਵਾਂ ਜਾਣ ਤੋਂ ਰੋਕਣ, ਲਗਾਤਾਰ ਖਰਚਾ ਘੱਟ ਹੋਣ, ਘੱਟ ਸਮੇਂ ਵਿਚ ਪੱਕਣ ਅਤੇ ਪ੍ਰਤੀ ਏਕੜ ਝਾੜ ਵੱਧ ਹੋਣ ਕਰਕੇ ਇਹ ਬੇਹਤਰੀਨ ਕਿਸਮ ਹੈ, ਇਸ ਲਈ ਏਨੀ ਬੇਹਤਰੀਨ ਕਿਸਮ ਨੂੰ ਨਕਾਰਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾਇਰੈਕਟਰ ਰਿਸਰਚ ਡਾ: ਪੀ.ਐਸ. ਮਿਨਹਾਸ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਕਤ ਕਿਸਮ ਪੂਸਾ 44 ਤੋਂ ਦੋ ਹਫ਼ਤੇ ਪਹਿਲਾਂ ਪੱਕਦੀ ਹੈ ਤੇ ਇਹ ਕਿਸਮ ਬਹੁਤ ਹੀ ਵਧੀਆ ਹੈ।
ਮੀਟਿੰਗ ਵਿਚ ਬੋਲਦਿਆਂ ਜ਼ਿਲ੍ਹਾ ਪ੍ਰਧਾਨ ਸਰਮੁਖ ਸਿੰਘ ਅਜਿੱਤ ਗਿੱਲ ਨੇ ਕਿਹਾ ਕਿ ਪੀ.ਏ.ਯੂ. 201 ਝੋਨੇ ਦੀ ਕਿਸਮ ਤੇ ਬੀਜਣ 'ਤੇ ਲਾਈ ਪਾਬੰਦੀ ਕਾਰਨ ਕਿਸਾਨਾਂ ਦਾ ਰੁਝਾਨ ਪੂਸਾ 44 ਅਤੇ 118 ਕਿਸਮ ਵੱਲ ਹੋ ਗਿਆ ਹੈ। ਇਨ੍ਹਾਂ ਕਿਸਮਾਂ ਦਾ ਬੀਜ ਸਰਕਾਰੀ ਏਜੰਸੀ ਪਨਸੀਡ ਕੋਲ ਨਹੀਂ ਮਿਲ ਰਿਹਾ। ਪ੍ਰਾਈਵੇਟ ਡੀਲਰ ਬਜ਼ਾਰ ਵਿਚ 80-90 ਰੁਪਏ ਪ੍ਰਤੀ ਕਿਲੋ ਬਲੈਕ ਕਰਕੇ ਵੇਚ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਝੋਨੇ ਦੇ ਬੀਜ ਵਿਚ ਹੋ ਰਹੀ ਬਲੈਕ ਨੂੰ ਤੁਰੰਤ ਬੰਦ ਕਰੇ ਤੇ ਬਲੈਕੀਏ ਡੀਲਰਾਂ ਵਿਰੁੱਧ ਸਖ਼ਤ ਕਾਰਵਾਈ ਕਰੇ। ਮੀਟਿੱਗ ਵਿਚ ਇਹ ਮੰਗ ਵੀ ਕੀਤੀ ਗਈ ਕਿ ਜੇਕਰ ਪੰਜਾਬ ਨੂੰ ਰੇਗਿਸਤਾਨ ਬਣਨ ਤੋਂ ਬਚਾਉਣਾ ਹੈ ਅਤੇ ਦੇਸ਼ ਨੂੰ ਭੁੱਖਮਰੀ ਤੋਂ ਬਚਾਉਣਾ ਹੈ ਤਾਂ 201 ਝੋਨੇ ਦੀ ਕਿਸਮ 'ਤੇ ਲਾਈ ਪਾਬੰਦੀ ਤੁਰੰਤ ਹਟਾਈ ਜਾਵੇ। ਇਕ ਹੋਰ ਮਤੇ ਰਾਹੀਂ ਪੰਜਾਬ ਖੇਤੀ ਵਿਕਾਸ ਬੈਂਕ ਵੱਲੋਂ ਨਰਮਾ ਪੱਟੀ ਦੇ ਕਿਸਾਨਾਂ ਵੱਲੋਂ ਕਰਜ਼ਾ ਨਾ ਮੋੜ ਸਕਣ ਵਾਲੇ 1500 ਕਿਸਾਨਾਂ ਵਿਰੁੱਧ ਵਾਰੰਟ ਜਾਰੀ ਕਰਕੇ ਉਨ੍ਹਾਂ ਦੀਆਂ ਗ੍ਰਿਫ਼ਤਾਰੀਆਂ ਸ਼ੁਰੂ ਕਰਨ ਦਾ ਤਿੱਖਾ ਵਿਰੋਧ ਕਰਦਿਆਂ ਮੰਗ ਕੀਤੀ ਕਿ ਕਿਸਾਨਾਂ ਦੇ ਜਾਰੀ ਕੀਤੇ ਵਾਰੰਟ ਤੁਰੰਤ ਰੱਦ ਕੀਤੇ ਜਾਣ ਤੇ ਗ੍ਰਿਫ਼ਤਾਰ ਕੀਤੇ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ।

Wednesday, May 5, 2010

ਕੈਪਟਨ ਦੀ ਬਹਾਲੀ ਨਾਲ ਕਾਂਗਰਸ 'ਚ ਨਵੀਂ ਜਾਨ ਆਈ -ਜੋਗਿੰਦਰ ਸਿੰਘ


ਕਾਂਗਰਸੀ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈਂ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੀ ਇਕੋ ਇਕ ਨੇਤਾ ਹਨ ਜੋ ਪੰਜਾਬ ਦੇ ਲੋਕਾਂ ਦੀ ਨਬਜ਼ ਪਛਾਣਦੇ ਹਨ ਅਤੇ ਉਨ੍ਹਾਂ ਦੇ ਮਸਲੇ ਹੱਲ ਕਰਨ ਦੀ ਸਮੱਰਥਾ ਰੱਖਦੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਵਿਧਾਨ ਸਭਾ ਵਿਚ ਬਹਾਲੀ ਨਾਲ ਕਾਂਗਰਸ ਵਿਚ ਨਵੀਂ ਜਾਨ ਆਈ ਹੈ ਅਤੇ ਵਿਰੋਧੀ ਅਕਾਲੀ ਭਾਜਪਾ ਗਠਜੋੜ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਮਾਣਯੋਗ ਸਰਬਉਚ ਅਦਾਲਤ ਦੇ ਫੈਸਲੇ ਪਿੱਛੋਂ ਕਾਂਗਰਸੀਆਂ ਦਾ ਉਤਸ਼ਾਹ ਬਹੁਤ ਵਧਿਆ ਹੈ।
ਉਨ੍ਹਾਂ ਆਖਿਆ ਕਿ ਜਦੋਂ ਵਿਧਾਨ ਸਭਾ ਵਿਚ ਕੈਪਟਨ ਅਮਰਿੰਦਰ ਸਿੰਘ ਮੁੜ ਦਾਖਲ ਹੋਣਗੇ ਤਾਂ ਕਾਂਗਰਸੀ ਵਿਧਾਇਕਾਂ ਦੇ ਹੌਸਲੇ ਬੁਲੰਦ ਦਿਸਣਗੇ। ਪੰਜਾਬ ਦੇ ਲੋਕਾਂ ਨੂੰ ਮਹਿਸੂਸ ਹੋਣ ਲੱਗ ਪਿਆ ਹੈ ਕਿ ਭਾਵੇਂ ਅਮਨ ਕਾਨੂੰਨ ਦੀ ਸਥਿਤੀ ਹੋਵੇ ਜਾਂ ਆਰਥਿਕਤਾ ਨਾਲ ਸਬੰਧਤ ਹੋਵੇ, ਕੈਪਟਨ ਅਮਰਿੰਦਰ ਸਿੰਘ ਹੀ ਪੰਜਾਬ ਨੂੰ ਅੱਗੇ ਤੋਰ ਸਕਦੇ ਹਨ। ਵਿਧਾਇਕ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਹੀ ਪਾਣੀਆਂ ਦਾ ਮਸਲਾ ਹੱਲ ਕੀਤਾ ਹੈ ਜਿਸ ਨਾਲ ਪੰਜਾਬ ਨੂੰ ਸੁਪਰੀਮ ਕੋਰਟ ਵਿਚ ਖਲੋਣ ਲਈ ਥਾਂ ਮਿਲ ਗਈ ਹੈ ਜਦੋਂ ਕਿ ਸ: ਪ੍ਰਕਾਸ਼ ਸਿੰਘ ਬਾਦਲ ਦੀ ਅਣਗਹਿਲੀ ਕਰਕੇ ਪੰਜਾਬ ਪਾਣੀਆਂ ਦਾ ਕੇਸ ਸੁਪਰੀਮ ਕੋਰਟ ਵਿਚ ਹਾਰ ਗਿਆ ਸੀ। ਜੇਕਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸਰਕਾਰ ਨਾ ਬਣਦੀ ਤਾਂ ਹੁਣ ਤੱਕ ਪੰਜਾਬ ਦੀ ਭੂਮੀ ਬੰਜਰ ਹੋਣ ਦੇ ਕਿਨਾਰੇ 'ਤੇ ਖੜ੍ਹੀ ਹੁੰਦੀ। ਉਨ੍ਹਾਂ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੂੰ 4 ਰੁਪਏ ਕਿਲੋ ਆਟਾ ਅਤੇ 20 ਰੁਪਏ ਕਿਲੋ ਦਾਲ ਦੇਣ ਦਾ ਸਬਜ਼ਬਾਗ ਦਿਖਾ ਕੇ ਸੱਤਾ ਵਿਚ ਆਈ ਸ਼੍ਰੋਮਣੀ ਅਕਾਲੀ ਦਲ (ਬ) ਤੇ ਭਾਜਪਾ ਗਠਜੋੜ ਸਰਕਾਰ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਸਮਾਂ ਬੀਤਣ ਦੇ ਨਾਲ-ਨਾਲ ਇਸ ਸਰਕਾਰ ਦਾ ਇਕ-ਇਕ ਵਾਅਦਾ ਝੂਠਾ ਸਾਬਤ ਹੋਇਆ ਹੈ ਅਤੇ ਲਾਰਿਆਂ ਤੇ ਰੱਖਣ ਵਾਲੀ ਬਾਦਲ ਸਰਕਾਰ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਆਉਣ ਨਾਲ ਲੋਕ ਇਸ ਸਰਕਾਰ ਤੋਂ ਛੁਟਕਾਰਾ ਪਾਉਣ ਲਈ ਬੜੀ ਬੇਸਬਰੀ ਨਾਲ ਅਗਲੀਆਂ ਚੋਣਾਂ ਦੀ ਉਡੀਕ ਕਰ ਰਹੇ ਹਨ।

Tuesday, May 4, 2010

ਸਕੂਲ ਦੀ ਦਿੱਖ ਸੰਵਾਰਨ ਲਈ ਨਿਰਮਾਣ ਕਾਰਜ ਜਾਰੀ


ਸਰਕਾਰੀ ਕੰਨਿਆਂ ਸੈਕੰਡਰੀ ਸਕੂਲ ਜੈਤੋ ਵਿਖੇ ਨੀਵੇਂ ਗਰਾਊਂਡ ਵਿਚ ਭਰਤ ਪਾਉਣ ਦਾ ਚੱਲ ਰਿਹਾ ਕਾਰਜ
ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਜੈਤੋ ਦੀ ਅੰਦਰੂਨੀ ਦਿੱਖ ਸੰਵਾਰਨ ਲਈ ਸਕੂਲ ਦੇ ਨੀਵੇਂ ਗਰਾਉਂਡਾਂ ਨੂੰ ਉੱਚਾ ਕਰਨ, ਘਾਹ ਪਾਰਕ ਬਣਾਉਣ ਅਤੇ ਦੋ ਨਵੇਂ ਕਮਰਿਆਂ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਸਕੂਲ ਦੇ ਪ੍ਰਿੰਸੀਪਲ ਪਰਦੀਪ ਕੁਮਾਰ ਸ਼ਰਮਾ ਅਤੇ ਇਨ੍ਹਾਂ ਨਿਰਮਾਣ ਕਾਰਜਾਂ ਦੀ ਨਿਗਰਾਨੀ ਕਰ ਰਹੇ ਸਕੂਲ ਦੇ ਗਣਿਤ ਅਧਿਆਾਪਕ ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਹੈ ਕਿ ਸਕੂਲ ਦੀ ਮੁੱਖ ਇਮਾਰਤ ਦੇ ਅੱਗੇ ਗਰਾਊਂਡ ਕਾਫੀ ਨੀਵਾਂ ਸੀ ਜਿਸ ਵਿਚ ਮੀਂਹ ਪੈਣ ਨਾਲ ਪਾਣੀ ਭਰ ਜਾਂਦਾ ਸੀ ਅਤੇ ਬੱਚਿਆਂ ਤੇ ਅਧਿਆਪਕਾਂ ਨੂੰ ਪ੍ਰੇਸ਼ਾਨੀ ਹੁੰਦੀ ਸੀ। ਉਸ ਗਰਾਊਂਡ ਨੂੰ ਉੱਚਾ ਕਰਨ ਲਈ 200 ਟਰਾਲੀਆਂ ਭਰਤ ਪਾਈ ਜਾ ਰਹੀ ਹੈ। ਇਸ ਕਾਰਜ ਲਈ ਪੀ. ਟੀ. ਏ. ਦੇ ਫੰਡ ਤੋਂ ਇਲਾਵਾ ਪੀ. ਟੀ. ਏ. ਦੇ ਪ੍ਰਧਾਨ ਬ੍ਰਿਜ ਲਾਲ ਗੋਇਲ ਨੇ 15 ਹਜਾਰ ਰੁਪਏ ਅਤੇ ਸਕੂਲ ਦੇ ਲੈਕਚਰਾਰ ਜਸਵੰਤ ਸਿੰਘ ਸਰਾੜ ਨੇ 5 ਹਜਾਰ ਰੁਪਏ ਦਿੱਤੇ ਹਨ। ਈਕੋ ਕਲੱਬ ਨੂੰ ਮਿਲੀ ਗਰਾਂਟ ਨਾਲ ਸਕੂਲ ਵਿਚ ਘਾਹ ਦਾ ਪਾਰਕ ਵੀ ਤਿਆਰ ਕੀਤਾ ਜਾ ਰਿਹਾ ਹੈ।
ਸਕੂਲ ਦੀ ਵਸਵਕ ਕਮੇਟੀ ਦੇ ਚੇਅਰਮੈਨ ਪ੍ਰੋ. ਤਰਸੇਮ ਨਰੂਲਾ ਨੇ ਦੱਸਿਆ ਕਿ ਸਰਵ ਸਿੱਖਆ ਅਭਿਆਨ ਤਹਿਤ ਇਸ ਸਕੂਲ ਨੂੰ ਮਿਲੀ ਗਰਾਂਟ ਨਾਲ ਦੋ ਵੱਡੇ ਕਮਰਿਆਂ ਦੀ ਉਸਾਰੀ ਵੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ ਤਹਿਤ ਸਕੂਲ ਨੂੰ ਮਿਲੀ 65 ਹਜਾਰ ਰੁਪਏ ਦੀ ਸਹਾਇਤਾ ਸਕੂਲ ਦੀ ਇਮਾਰਤ ਦੀ ਮੁਰੰਮਤ ਲਈ, ਪਾਣੀ ਬਿਜਲੀ ਲਈ, ਸਾਇੰਸ ਲੈਬਾਰਟਰੀ ਅਤੇ ਲਾਇਬਰੇਰੀ ਦੇ ਯੋਗ ਕਾਰਜਾਂ ਲਈ ਖਰਚ ਕੀਤੀ ਗਈ ਹੈ। ਸਕੂਲ ਵਿਚ ਨਵੀਂ ਪਿਰਤ ਪਾਉਂਦਿਆਂ ਸਕੂਲ ਦੀ ਲੈਕਚਰਾਰ ਬਬੀਤਾ ਗੁਪਤਾ ਨੇ ਆਪਣੇ ਬੇਟੇ ਦੇ ਜਨਮ ਦਿਨ ਦੀ ਖੁਸ਼ੀ ਵਿਚ ਸਕੂਲ ਲਈ ਕੰਪਿਊਟਰ ਪ੍ਰਿੰਟਰ ਭੇਟ ਕੀਤਾ ਹੈ।

Saturday, May 1, 2010

ਜ਼ਿਲ੍ਹਾ ਫ਼ਰੀਦਕੋਟ 'ਚ ਕੈਂਸਰ ਮਰੀਜ਼ਾਂ ਲਈ ਸਰਕਾਰੀ ਇਲਾਜ ਸ਼ੁਰੂ



ਡੇਰਾ ਭਾਈ ਭਗਤੂ ਭਗਤੂਆਣਾ ਵਿਖੇ ਖੂਨਦਾਨ ਕਰਦੇ ਹੋਏ ਗੰਗਸਰ ਸਪੋਰਟਸ ਕਲੱਬ ਜੈਤੋ ਦੇ ਆਗੂ ਜਸਵਿੰਦਰ ਸਿੰਘ ਜੈਤੋ।
ਜ਼ਿਲ੍ਹਾ ਫ਼ਰੀਦਕੋਟ ਦੇ ਸਰਕਾਰੀ ਹਸਪਤਾਲਾਂ ਵਿਚ ਕੈਂਸਰ ਦੇ ਮਰੀਜ਼ਾਂ ਲਈ ਵਿਸ਼ੇਸ਼ ਇਲਾਜ ਕੇਂਦਰ ਖੋਲ੍ਹੇ ਜਾ ਹਰੇ ਹਨ ਅਤੇ ਇਹ ਕੇਂਦਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਤੋਂ ਇਲਾਵਾ ਕੋਟਕਪੂਰਾ, ਜੈਤੋ, ਬਾਜਾਖਾਨਾ, ਪੰਜਗਰਾਈਂ ਕਲਾਂ ਅਤੇ ਜੰਡ ਸਾਹਿਬ ਵਿਖੇ 3 ਮਈ 2010 ਤੋਂ ਡਾਕਟਰੀ ਸਹਾਇਤਾ ਸ਼ੁਰੂ ਕਰ ਦੇਣਗੇ। ਇਹ ਪ੍ਰਗਟਾਵਾ ਜ਼ਿਲ੍ਹਾ ਯੋਜਨਾ ਬੋਰਡ ਫ਼ਰੀਦਕੋਟ ਦੇ ਚੇਅਰਮੈਨ ਜੱਥੇਦਾਰ ਲਖਬੀਰ ਸਿੰਘ ਅਰਾਈਆਂ ਵਾਲਾ ਨੇ ਅੱਜ ਇਥੋਂ ਨੇੜਲੇ ਪਿੰਡ ਭਗਤੂਆਣਾ ਦੇ ਡੇਰਾ ਭਾਈ ਭਗਤੂ ਵਿਖੇ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਸਮੇਂ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਇਲਾਜ ਕੇਂਦਰਾਂ ਵਿਚ ਮਰੀਜ਼ਾਂ ਦੇ ਟੈਸਟ , ਇਲਾਜ ਦੀ ਸਹੂਲਤ ਆਦਿ ਮੁਫਤ ਹੋਵੇਗੀ।
ਸ੍ਰੀ ਅਰਾਈਆਂ ਵਾਲਾ ਨੇ ਇਸ ਮੌਕੇ ਭਗਤੂਆਣਾ ਪਿੰਡ ਦੀ ਫਿਰਨੀ ਤੋਂ ਵਾਟਰ ਵਰਕਸ ਤੱਕ ਪੱਕੀ ਸੜਕ ਬਣਾਉਣ ਦਾ ਐਲਾਨ ਕੀਤਾ। ਉਨ੍ਹਾਂ ਆਪ ਵੀ ਖੂਨ ਦਾਨ ਕੀਤਾ। ਉਨ੍ਹਾਂ ਕਿਹਾ ਕਿ ਖੂਨ ਦਾਨ ਕਰਨਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ ਅਤੇ ਖੂਨਦਾਨ ਕਰਨ ਨਾਲ ਅਸੀਂ ਅਨੇਕਾਂ ਕੀਮਤੀ ਜਾਨਾਂ ਬਚਾ ਸਕਦੇ ਹਾਂ। ਇਸ ਮੌਕੇ ਖੂਨਦਾਨੀਆਂ ਦੀ ਪ੍ਰਸੰਸਾ ਕਰਦਿਆਂ ਡੇਰਾ ਭਾਈ ਭਗਤੂ ਭਗਤੂਆਣਾ ਦੇ ਸੰਚਾਲਕ ਸੰਤ ਕ੍ਰਿਸ਼ਨਾ ਨੰਦ ਸ਼ਾਸ਼ਤਰੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੂਨਦਾਨ ਦੀ ਮੁਹਿੰਮ ਵਿਚ ਵਧ ਚੜ੍ਹ ਕੇ ਆਪਣਾ ਯੋਗਦਾਨ ਪਾਉਣ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਪਿੰਡ ਭਗਤੂਆਣਾ ਵਿਚ ਸਿਵਲ ਡਿਸਪੈਂਸਰੀ ਖੋਲ੍ਹਣ ਦੀ ਮੰਗ ਕੀਤੀ। ਇਸ ਕੈਂਪ ਵਿਚ ਸਿਵਲ ਹਸਪਤਾਲ ਜੈਤੋ ਤੋਂ ਡਾਕਟਰ ਚੇਤਨ ਦਾਸ ਅਤੇ ਕੋਟਕਪੂਰਾ ਤੋਂ ਡਾ. ਮਨਜੀਤ ਸਿੰਘ ਕੱਕੜ ਦੀ ਅਗਵਾਈ ਵਿਚ ਆਈ ਬਲੱਡ ਬੈਂਕ ਟੀਮ ਨੂੰ 25 ਵਿਅਕਤੀਆਂ ਨੇ ਖੂਨ ਦਾਨ ਦਿੱਤਾ ਜਿਨ੍ਹਾਂ ਵਿਚ ਗੰਗਸਰ ਸਪੋਰਟਸ ਕਲੱਬ ਜੈਤੋ ਦੇ ਆਗੂ ਜਸਵਿੰਦਰ ਸਿੰਘ ਜੈਤੋ, ਜੈਤੋ ਦੇ ਸਨਅਤਕਾਰ ਰਵਿੰਦਰ ਕੋਛੜ ਪੱਪੂ, ਗੁਰਪ੍ਰੀਤ ਸਿੰਘ ਮਾਣ੍ਹਾ, ਹਜੂਰਾ ਸਿੰਘ ਅਤੇ ਸੱਤਿਆ ਮਿਤਰਾ ਨੰਦ ਸ਼ਾਮਲ ਸਨ। ਕੈਂਪ ਲਈ ਇੰਦਰਜੀਤ ਸ਼ਰਮਾ, ਪਲਵਿੰਦਰ ਅਰੋੜਾ, ਬਿੱਟੂ ਬਾਦਲ, ਹਰਮਨਜੀਤ ਸਿੰਘ ਬਾਸੀ, ਸਤਿੰਦਰਪਾਲ ਸਿੰਘ ਰੋਮਾਣਾ ਅਤੇ ਪਿੰਡ ਵਾਸੀਆਂ ਨੇ ਵਿਸ਼ੇਸ਼ ਸਹਿਯੋਗ ਦਿੱਤਾ।