Friday, May 7, 2010

ਐਸ. ਐਸ. ਪੀ. ਵੱਲੋਂ ਜ਼ਮੀਨੀ ਤੇ ਵਿਆਹੁਤਾ ਝਗੜੇ ਭਾਈਚਾਰੇ ਵਿਚ ਨਜਿੱਠਣ ਦੀ ਅਪੀਲ

ਸੀਨੀਅਰ ਪੁਲਿਸ ਕਪਤਾਨ ਸ੍ਰੀ ਅਰੁਣ ਮਿੱਤਲ ਨੇ ਪਿੰਡਾਂ ਵਿਚ ਵਧ ਰਹੇ ਜ਼ਮੀਨੀ ਝਗੜਿਆਂ ਅਤੇ ਵਿਆਹੁਤਾ ਕੇਸਾਂ ਉਪਰ ਚਿੰਤਾ ਪ੍ਰਗਟ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਿੰਡਾਂ ਵਿਚ ਭਾਈਚਾਰਕ ਸਾਂਝ ਦੀ ਮਜ਼ਬੂਤੀ ਲਈ ਅੱਗੇ ਆਉਣ ਅਤੇ ਅਜਿਹੇ ਝਗੜਿਆਂ ਦੇ ਕੇਸਾਂ ਨੂੰ ਪੁਲਿਸ ਕੋਲ ਜਾਂ ਅਦਾਲਤਾਂ ਵਿਚ ਲਿਜਾਣ ਦੀ ਬਜਾਏ ਭਾਈਚਾਰਕ ਅਤੇ ਪੰਚਾਇਤੀ ਤੌਰ ਤੇ ਆਪਸ ਵਿਚ ਮਿਲ ਬੈਠ ਕੇ ਨਜਿੱਠਣ ਨੂੰ ਪਹਿਲ ਦੇਣ। ਇਥੇ ਜੈਤੋ ਥਾਣੇ ਵਿਚ ਬੀਤੀ ਸ਼ਾਮ ਇਲਾਕੇ ਦੇ ਪਤਵੰਤਿਆਂ ਨਾਲ ਕੀਤੀ ਇਕ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਅਜਿਹੇ ਝਗੜਿਆਂ ਵਿਚ ਜੋਸ਼ ਦੀ ਬਜਾਏ ਹੋਸ਼ ਤੋਂ ਕੰਮ ਲਿਆ ਜਾਵੇ ਤਾਂ ਬਹੁਤ ਸਾਰੇ ਝਮੇਲਿਆਂ ਤੋਂ ਬਚਿਆ ਜਾ ਸਕਦਾ ਹੈ।
ਮੀਟਿੰਗ ਦੇ ਆਗਾਜ਼ ਵਿਚ ਮਨੁੱਖੀ ਅਧਿਕਾਰ ਸੰਸਥਾ ਦੇ ਆਗੂ ਪ੍ਰੋ. ਤਰਸੇਮ ਨਰੂਲਾ ਨੇ ਸਭਨਾਂ ਨੂੰ ਜੀ ਆਇਆਂ ਕਿਹਾ। ਮੀਟਿੰਗ ਵਿਚ ਹਾਜਰ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਪ੍ਰਧਾਨ ਪਵਨ ਗੋਇਲ, ਭਾਰਤੀ ਜਨਤਾ ਪਾਰਟੀ ਜੈਤੋ ਇਕਾਈ ਦੇ ਪ੍ਰਧਾਨ ਸੁਭਾਸ਼ ਗੋਇਲ ਅਤੇ ਜੋਗਿੰਦਰ ਕਾਲੜਾ ਨੇ ਸ਼ਹਿਰ ਅੰਦਰ ਵਧੀ ਹੋਈ ਟਰੈਫਿਕ ਸਮੱਸਿਆ ਅਤੇ ਅਵਾਰਾ ਪਸ਼ੂਆਂ ਦੀ ਭਰਮਾਰ ਦਾ ਮੁੱਦਾ ਉਠਾਇਆ। ਸ੍ਰੀ ਅਰੁਣ ਮਿੱਤਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਟਰੈਫਿਕ ਮਸਲੇ ਨੂੰ ਹੱਲ ਕਰਨ ਲਈ ਇਕ ਸਲਾਹਕਾਰ ਕਮੇਟੀ ਬਣਾਈ ਗਈ ਹੈ ਅਤੇ ਇਸ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਆਧਾਰ ਬਣਾ ਕੇ ਪੁਲਿਸ ਆਪਣੀ ਕਾਰਵਾਈ ਸ਼ੁਰੂ ਕਰੇਗੀ। ਸ੍ਰੀ ਮਿੱਤਲ ਨੇ ਸਮਾਜ ਵਿਚ ਵਧਦੇ ਨਸ਼ਿਆਂ ਦੇ ਰੁਝਾਨ ਠੱਲ੍ਹ ਪਾਉਣ ਲੋਕਾਂ ਤੋਂ ਸਹਿਯੋਗ ਮੰਗਿਆ। ਉਨ੍ਹਾਂ ਚਿਤਾਵਨੀ ਵੀ ਦਿੱਤੀ ਕਿ ਨਸ਼ੀਲੇ ਪਦਾਰਥ ਵੇਚਣ ਵਾਲੇ ਕੈਮਿਸਟਾਂ ਨਾਲ ਪੁਲਿਸ ਸਖ਼ਤੀ ਨਾਲ ਪੇਸ਼ ਆਵੇਗੀ। ਉਨ੍ਹਾਂ ਅਵਾਰਾ ਪਸ਼ੂਆਂ ਨੂੰ ਗਊਸ਼ਾਲਾਵਾਂ ਵਿਚ ਸੰਭਾਲਣ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ। ਜ਼ਿਲ੍ਹਾ ਪੁਲਿਸ ਕਪਤਾਨ ਨੇ ਬੱਚਿਆਂ ਨੂੰ ਮੋਟਰ ਸਾਈਕਲਾਂ, ਸਕੂਟਰਾਂ ਉਪਰ ਦੋ ਤੋਂ ਵੱਧ ਸਵਾਰ ਹੋਣ ਤੋਂ ਰੋਕਣ ਲਈ ਮਾਪਿਆਂ ਨੂੰ ਅਪੀਲ ਕੀਤੀ।
ਇਸ ਮੀਟਿੰਗ ਹੋਰਨਾਂ ਤੋਂ ਇਲਾਵਾ ਐਸ.ਐਚ.ਓ ਜਸਵਰਿੰਦਰ ਸਿੰਘ, ਸ਼ਰੋਮਣੀ ਅਕਾਲੀ ਦੇ ਕੌਮੀ ਜਨਰਲ ਸਕੱਤਰ ਯਾਦਵਿੰਦਰ ਸਿੰਘ ਜ਼ੈਲਦਾਰ, ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕੁਲਵੰਤ ਸਿੰਘ ਜੈਤੋ, ਪੀ.ਏ.ਡੀ.ਬੀ ਜੈਤੋ ਦੇ ਚੇਅਰਮੈਨ ਗੁਰਦਰਸ਼ਨ ਸਿੰਘ ਢਿੱਲੋਂ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸੁਖਦੇਵ ਸਿੰਘ ਬਾਠ, ਮਾਰਕੀਟ ਕਮੇਟੀ ਜੈਤੋ ਦੇ ਉਪ ਚੇਅਰਮੈਨ ਸ਼ਾਮ ਲਾਲ ਗੋਇਲ, ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸੱਤ ਪਾਲ ਡੋਡ, ਨਗਰ ਕੌਂਸਲਰ , ਸੰਗੀਤ ਮਹਿੰਦਰ ਸਿੰਘ ਜ਼ੈਲਦਾਰ, ਪ੍ਰਦੀਪ ਸਿੰਗਲਾ, ਲਾਲਾ ਬਰਾੜ, ਅਮਰ ਕੁਮਾਰ ਤੇ ਰਾਜ ਬਾਲਾ , ਅਗਰਵਾਲ ਸਭਾ ਦੇ ਪ੍ਰਧਾਨ ਮੁਕੇਸ਼ ਗੋਇਲ, ਗੋਮੁੱਖ ਸਹਾਰਾ ਲੰਗਰ ਕਮੇਟੀ ਦੇ ਆਗੂ ਲਵਲੀਨ ਕੋਛੜ ਤੇ ਬੱਬੂ ਮਾਲੜਾ, ਨੌਜਵਾਨ ਵੈਲਫੇਅਰ ਸੁਸਾਇਟੀ ਦੇ ਸੋਨੀ ਕਾਂਸਲ, ਅਕਾਲੀ ਆਗੂ ਪ੍ਰਧਾਨ ਸਿੰਘ ਮੱਕੜ, ਸਰਪੰਚ ਸਿਕੰਦਰ ਸਿੰਘ ਰਾਮੇਆਣਾ, ਚਮਕੌਰ ਸਿੰਘ ਸੇਵੇਵਾਲਾ, ਨਿਰਮਲ ਸਿੰਘ ਵੜਿੰਗ, ਪ੍ਰਕਾਸ਼ ਸਿੰਘ ਸੇਵੇਵਾਲਾ ਹਾਜਰ ਹੋਏ।

No comments:

Post a Comment