Sunday, October 10, 2010

ਕਰਜ਼ਾ-ਮੁਆਫ਼ੀ ਨਾਲ ਪੰਜਾਬ ਮੰਦਹਾਲੀ 'ਚੋਂ ਉਭਰੇਗਾ-ਰਿਪਜੀਤ ਬਰਾੜ

ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪ੍ਰਸਾਸ਼ਕੀ ਸੁਧਾਰ ਅਤੇ ਹੋਰ ਸ਼ਰਤਾਂ ਤੁਰੰਤ ਲਾਗੂ ਕਰਕੇ ਕੇਂਦਰ ਸਰਕਾਰ ਵੱਲੋਂ ਰਾਜ ਦੇ ਕਰਜ਼ੇ ਵਿਚ ਦਿੱਤੀ 35 ਹਜਾਰ ਕਰੋੜ ਰੁਪਏ ਦੀ ਰਾਹਤ ਦੀ ਪੇਸ਼ਕਸ਼ ਪ੍ਰਵਾਨ ਕੀਤੀ ਜਾਵੇ ਕਿਉਂਕਿ ਪੰਜਾਬ ਦੇ ਸਿਰੋਂ ਏਨਾ ਵੱਡਾ ਕਰਜ਼ੇ ਦਾ ਬੋਝ ਲਹਿਣ ਨਾਲ ਰਾਜ ਦੀ ਵਿਤੀ ਹਾਲਤ ਮਜ਼ਬੂਤ ਹੋਵੇਗੀ, ਗਰੀਬਾਂ, ਕਿਸਾਨਾਂ, ਮਜ਼ਦੂਰਾਂ ਦੇ ਸਿਰਾਂ ਤੋਂ ਟੈਕਸਾਂ ਦਾ ਬੋਝ ਹਲਕਾ ਹੋਣ ਦੇ ਨਾਲ ਨਾਲ ਪੰਜਾਬ ਵਿਚ ਆਰਥਿਕ ਖੁਸ਼ਹਾਲੀ ਦਾ ਨਵਾਂ ਦੌਰ ਸ਼ੁਰੂ ਹੋ ਜਾਵੇਗਾ। ਇਹ ਪ੍ਰਗਟਾਵਾ ਹਲਕਾ ਕੋਟਕਪੂਰਾ ਦੇ ਵਿਧਾਇਕ ਰਿਪਜੀਤ ਸਿੰਘ ਬਰਾੜ ਨੇ ਜੈਤੋ ਦੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ।
ਕਾਂਗਰਸੀ ਵਿਧਾਇਕ ਨੇ ਕਿਹਾ ਹੈ ਕਿ ਪੰਜਾਬ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੇਂਦਰੀ ਵਿਤ ਮੰਤਰੀ ਪ੍ਰਣਾਬ ਮੁਖਰਜੀ ਨਾਲ ਹੋਈ ਗੱਲਬਾਤ ਦੇ ਹਵਾਲੇ ਨਾਲ ਪੰਜਾਬ ਵਿਧਾਨ ਸਭਾ ਨੂੰ ਸੂਚਿਤ ਕੀਤਾ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਸਿਰ ਚੜ੍ਹੇ 71 ਹਜਾਰ ਕਰੋੜ ਰੁਪਏ ਦੇ ਕੇਂਦਰੀ ਕਰਜ਼ੇ ਦੀ ਅੱਧੀ ਰਾਸ਼ੀ ਮੁਆਫ਼ ਕਰਨ ਦੀ ਪੇਸ਼ਕਸ਼ ਕੀਤੀ ਹੈ ਅਤੇ ਇਹ ਮੁਆਫ਼ੀ ਹਾਸਲ ਕਰਨ ਲਈ ਪੰਜਾਬ ਸਰਕਾਰ ਨੂੰ ਆਪਣੇ ਪ੍ਰਸਾਸ਼ਨਿਕ ਕਾਰਜਾਂ ਵਿਚ ਸੁਧਾਰ ਕਰਨ, ਬਿਜਲੀ ਬੋਰਡ ਦੇ ਨਿਜੀਕਰਨ ਦੇ ਕਾਰਜ ਨੂੰ ਮਿਥੇ ਸਮੇਂ ਤਹਿਤ ਸਰ-ਅੰਜ਼ਾਮ ਦੇਣ, ਸਨਅਤਕਾਰਾਂ, ਵਪਾਰੀਆਂ, ਆਮ ਲੋਕਾਂ ਨੂੰ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ, ਕੇਂਦਰੀ ਸਰਕਾਰ ਦੇ ਫੰਡਾਂ ਦੀ ਸੁਯੋਗ ਵਰਤੋਂ ਕਰਨ ਅਤੇ ਖੇਤੀ-ਬਿਜਲੀ ਸਬਸਿਡੀ ਲੋੜਵੰਦ ਕਿਸਾਨਾਂ ਤੱਕ ਸੀਮਤ ਕਰਨ ਲਈ ਤੁਰੰਤ ਕਦਮ ਚੁੱਕਣ ਲਈ ਕਿਹਾ ਹੈ। ਸ੍ਰੀ ਬਰਾੜ ਨੇ ਕਿਹਾ ਕਿ 35 ਹਜਾਰ ਕਰੋੜ ਰੁਪਿਆ ਕੋਈ ਮਾਮੂਲੀ ਰਕਮ ਨਹੀਂ ਸਗੋਂ ਇਸ ਦੇ ਮੁਆਫ਼ ਹੋਣ ਨਾਲ ਪੰਜਾਬ ਵਿਚ ਦਮ ਤੋੜ ਛੋਟੀ ਸਨਅਤ ਨੂੰ ਵਿਸ਼ੇਸ਼ ਹੁਲਾਰਾ ਮਿਲੇਗਾ ਕਿਉਂ ਕਿ ਪਿਛਲੇ ਕਈ ਸਾਲਾਂ ਤੋਂ ਇਨ੍ਹਾਂ ਸਨਅਤਾਂ ਨੂੰ ਰੁਕੀ ਪਈ 15 ਫੀਸਦ ਕੈਪੀਟਲ ਸਬਸਿਡੀ ਉਪਲਬਧ ਹੋ ਜਾਵੇਗੀ, ਪੰਜਾਬ ਦੇ ਦਫਤਰਾਂ, ਸਕੂਲਾਂ ਵਿਚ ਪਿਛਲੇ ਕੁੱਝ ਸਾਲਾਂ ਤੋਂ ਖਾਲੀ ਪਈਆਂ ਮੁਲਾਜ਼ਮਾਂ ਦੀਆਂ ਆਸਾਮੀਆਂ ਭਰੀਆਂ ਜਾ ਸਕਣਗੀਆਂ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਹਾਸਲ ਹੋ ਸਕਣਗੇ।
ਸ੍ਰੀ ਬਰਾੜ ਨੇ ਦੱਸਿਆ ਕਿ ਇਸ ਸਬੰਧ ਵਿਚ ਉਨ੍ਹਾਂ ਕੇਂਦਰੀ ਮੰਤਰੀ ਪ੍ਰਣਾਬ ਮੁਖਰਜੀ ਨੂੰ ਆਪਣੇ ਵੱਲੋਂ ਇਕ ਧੰਨਵਾਦੀ ਪੱਤਰ ਵੀ ਲਿਖਿਆ ਹੈ ਅਤੇ ਯਕੀਨ ਦਿਵਾਇਆ ਹੈ ਕਿ ਪੰਜਾਬ ਕਾਂਗਰਸ ਪਾਰਟੀ ਯਤਨਸ਼ੀਲ ਰਹੇਗੀ ਕਿ ਪੰਜਾਬ ਸਰਕਾਰ ਇਸ ਪੇਸ਼ਕਸ਼ ਨੂੰ ਸੰਜੀਦਗੀ ਨਾਲ ਲਵੇ ਕਿਉਂਕਿ ਇਸ ਸਮੇਂ ਪੰਜਾਬ ਲਈ ਇਕ ਪਾਸੇ ਆਰਥਿਕ ਤਬਾਹੀ ਹੈ ਅਤੇ ਦੂਜੇ ਪਾਸੇ ਆਰਥਿਕ ਖੁਸ਼ਹਾਲੀ ਦਾ ਰਾਹ ਖੁਲ੍ਹਦਾ ਹੈ। ਉਨ੍ਹਾਂ ਪੰਜਾਬ ਦੀਆਂ ਸਾਰੀਆਂ ਰਾਜਸੀ ਧਿਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਪੰਜਾਬ ਨੂੰ ਮਾੜੇ ਆਰਥਿਕ ਦੌਰ ਵਿਚੋਂ ਉਭਾਰਨ ਲਈ ਕੇਂਦਰ ਸਰਕਾਰ ਦੀ ਇਸ ਵੱਡੀ ਰਾਹਤ ਨੂੰ ਹੁਣ ਕਿਸੇ ਵੀ ਹਾਲਤ ਵਿਚ ਹੱਥੋਂ ਨਾ ਜਾਣ ਦੇਣ ਲਈ ਪੰਜਾਬ ਸਰਕਾਰ ਨੂੰ ਲੋੜੀਂਦੀਆਂ ਸ਼ਰਤਾਂ ਅਮਲੀ ਰੂਪ ਲਾਗੂ ਕਰਨ ਲਈ ਪ੍ਰੇਰਿਆ ਜਾਵੇ।

ਬਾਦਲ ਪਰਿਵਾਰ ਦੀ ਹਰਮਨ ਪਿਆਰਤਾ ਹੋਰ ਵਧੀ -ਜੱਥੇਦਾਰ ਮੱਤਾ

ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਅਤੇ ਸ੍ਰੀ ਮਤੀ ਸੁਰਿੰਦਰ ਕੌਰ ਬਾਦਲ ਨੂੰ ਮੋਹਾਲੀ ਦੀ ਅਦਾਲਤ ਵਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ 'ਚੋਂ ਬਰੀ ਕੀਤੇ ਜਾਣ ਦਾ ਜ਼ੋਰਦਾਰ ਸਵਾਗਤ ਕਰਦਿਆਂ ਸ਼ਰੋਮਣੀ ਅਕਾਲੀ ਦਲ ਦੀ ਜਨਰਲ ਕੌਂਸਲ ਦੇ ਮੈਂਬਰ ਜੱਥੇਦਾਰ ਰਾਜਿੰਦਰ ਸਿੰਘ ਮੱਤਾ ਨੇ ਕਿਹਾ ਹੈ ਕਿ ਮਾਨਯੋਗ ਅਦਾਲਤ ਨੇ ਦੁੱਧ ਅਤੇ ਪਾਣੀ ਦਾ ਨਿਖੇੜਾ ਕਰ ਵਿਖਾਇਆ ਹੈ ਅਤੇ ਇਸ ਫ਼ੈਸਲੇ ਨਾਲ ਬਾਦਲ ਪਰਿਵਾਰ ਦੀ ਹਰਮਨ ਪਿਆਰਤਾ ਹੋਰ ਵਧੀ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਇਹ ਕੇਸ ਸਿਰਫ ਤੇ ਸਿਰਫ ਰਾਜਨੀਤੀ ਤੋਂ ਪ੍ਰਭਾਵਿਤ ਸਨ ਅਤੇ ਸ. ਬਾਦਲ ਤੇ ਉਨ੍ਹਾਂ ਦੇ ਪਰਿਵਾਰ ਦੀ ਸ਼ਾਨ ਨੂੰ ਖੋਰਾ ਲਾਉਣ ਦੇ ਮਕਸਦ ਤਹਿਤ ਦਾਇਰ ਕੀਤੇ ਗਏ ਸਨ। ਅਦਾਲਤ ਦੇ ਇਸ ਫੈਸਲੇ ਨੇ ਇਹ ਵੀ ਸਾਬਤ ਕਰ ਦਿਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਅਕਾਲੀ-ਭਾਜਪਾ ਲੀਡਰਸ਼ਿਪ ਖਿਲਾਫ਼ ਝੂਠੇ ਮੁਕਦਮੇ ਦਰਜ ਕਰਕੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ ਗਿਆ ਸੀ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸੁਖਦੇਵ ਸਿੰਘ ਬਾਠ, ਮਾਰਕੀਟ ਕਮੇਟੀ ਜੈਤੋ ਦੇ ਪ੍ਰਧਾਨ ਰਣਜੀਤ ਸਿੰਘ ਔਲਖ ਦਬੜ੍ਹੀਖਾਨਾ, ਯੂਥ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਗੁਰਮੀਤ ਸਿੰਘ ਵਿੱਕੀ ਬਰਾੜ, ਯੂਥ ਅਕਾਲੀ ਦਲ ਦੇ ਕੌਮੀ ਸਕੱਤਰ ਤਰਲੋਚਨ ਸਿੰਘ ਦੁੱਲਟ ਭਗਤੂਆਣਾ, ਪੰਚਾਇਤ ਯੂਨੀਅਨ ਦੇ ਪ੍ਰਧਾਨ ਰਾਜਪਾਲ ਸਿੰਘ ਸਰਪੰਚ ਡੇਲਿਆਂਵਾਲੀ, ਯੂਥ ਅਕਾਲੀ ਦਲ ਦੇ ਸਾਬਕਾ ਜੈਤੋ (ਸਹਿਰੀ) ਪ੍ਰਧਾਨ ਰਾਕੇਸ਼ ਕੁਮਾਰ ਘੋਚਾ, ਸਾਬਕਾ ਐੱਸ.ਜੀ.ਪੀ. ਸੀ. ਮੈਂਬਰ ਐਡਵੋਕੇਟ ਜਗਜੀਤ ਸਿੰਘ, ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਚੇਤ ਸਿੰਘ ਢਿੱਲੋਂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਖਦੇਵ ਸਿੰਘ ਮੱਤਾ, ਸਿਕੰਦਰ ਸਿੰਘ ਗਿੱਲ ਸਰਪੰਚ ਰਾਮੇਆਣਾ, ਬਲਤੇਜ ਸਿੰਘ ਸਰਪੰਚ ਮੱਤਾ, ਮੁਕੰਦ ਸਿੰਘ ਸਰਾਵਾਂ ਸਰਪੰਚ ਕੋਠੇ ਸਰਾਵਾਂ, ਚਮਕੌਰ ਸਿੰਘ ਬਰਾੜ ਸੇਵੇਵਾਲਾ, ਅਵਤਾਰ ਸਿੰਘ ਪੱਪੂ ਖੱਚੜਾਂ, ਸੁਖਪਾਲ ਸਿੰਘ ਮੱਤਾ, ਕੁਲਵੰਤ ਸਿੰਘ ਸਰਪੰਚ ਰੋੜੀਕਪੂਰਾ, ਜਗਮੇਲ ਸਿੰਘ ਗਿੱਲ ਅਜਿੱਤ ਗਿੱਲ, ਗੁਰਵਿੰਦਰ ਸਿੰਘ ਬਰਾੜ ਰੋੜੀਕਪੂਰਾ, ਗੁਰਮੀਤ ਸਿੰਘ ਬਰਾੜ ਸਾਬਕਾ ਸਰਪੰਚ ਉਕੰਦਵਾਲਾ, ਜਗਦੇਵ ਸਿੰਘ ਬਰਾੜ ਉਕੰਦਵਾਲਾ, ਚੌਧਰੀ ਜਸਪਾਲ ਸਿੰਘ ਬਰਾੜ ਜੈਤੋ, ਸਾਬਕਾ ਨਗਰ ਕੌਂਸਲਰ ਚਰਨਜੀਤ ਸਿੰਘ ਬਰਾੜ, ਸਾਹਿਬ ਸਿੰਘ ਮੌੜ ਭਗਤੂਆਣਾ, ਸਾਬਕਾ ਸਰਪੰਚ ਦਰਸ਼ਨ ਸਿੰਘ ਕੋਠੇ ਕਿਹਰ ਸਿੰਘ ਵਾਲੇ, ਪਿਰਥੀਪਾਲ ਸਿੰਘ ਰਾਮੇਆਣਾ, ਨਿਰਮਲ ਸਿੰਘ ਵੜਿੰਗ ਡੋਡ ਨੇ ਵੀ ਅਦਾਲਤ ਫੈਸਲੇ ਉਪਰ ਖੁਸ਼ੀ ਪ੍ਰਗਟ ਕਰਦਿਆਂ ਬਾਦਲ ਪਰਿਵਾਰ ਅਤੇ ਅਕਾਲੀ ਦਲ ਦੇ ਸਮੂਹ ਵਰਕਰਾਂ ਨੂੰ ਮੁਬਾਰਕਬਾਦ ਦਿੱਤੀ ਹੈ।

ਸੁਰਿੰਦਰ ਪਾਲ ਸ਼ਰਮਾ

ਵਿਦਾਇਗੀ ਸਮਾਰੋਹ 'ਤੇ ਵਿਸ਼ੇਸ਼

ਜੈਤੋ-15 ਸਤੰਬਰ 1952 ਨੂੰ ਫ਼ਰੀਦਕੋਟ ਰਿਆਸਤ ਦੇ ਪਿੰਡ ਝੱਖੜਵਾਲਾ ਵਿਚ ਮਾਸਟਰ ਸਾਧੂ ਰਾਮ ਸ਼ਰਮਾ ਦੇ ਘਰ ਭਗਵਾਨ ਦੇਵੀ ਦੀ ਕੁੱਖੋਂ ਜਨਮੇ ਸੁਰਿੰਦਰ ਪਾਲ ਨੇ ਮੁੱਢਲੀ ਸਿੱਖਿਆ ਬਾਜਾਖਾਨਾ ਤੋਂ ਹਾਸਲ ਕਰਨ ਉਪਰੰਤ ਨਾਨਕੇ ਘਰ ਝਬੇਲਵਾਲੀ ਰਹਿ ਕੇ ਸਰਕਾਰੀ ਕਾਲਜ ਮੁਕਤਸਰ ਤੋਂ ਉਚ ਸਿੱਖਿਆ ਹਾਸਲ ਕੀਤੀ। 1980 ਵਿਚ ਉਨ੍ਹਾਂ ਮੁਕਤਸਰ ਤੋਂ ਹੀ ਅਧਿਆਪਨ ਸੇਵਾ ਸ਼ੁਰੂ ਕੀਤੀ ਅਤੇ ਫਿਰ ਜੈਤੋ ਨੇੜਲੇ ਸਰਕਾਰੀ ਹਾਈ ਸਕੂਲ ਰਾਉਵਾਲਾ-ਉਕੰਦਵਾਲਾ ਵਿਚ ਲਗਾਤਾਰ ਤਿੰਨ ਦਹਾਕੇ ਸਰਕਾਰੀ ਅਧਿਆਪਕ ਵਜੋਂ ਸੇਵਾ ਕਰਦਿਆਂ ਉਨ੍ਹਾਂ ਲੱਗਭੱਗ 15 ਸਾਲ ਬਤੌਰ ਇੰਚਾਰਜ ਮੁੱਖ ਅਧਿਆਪਕ ਵਧੀਆ ਪ੍ਰਸਾਸ਼ਕੀ ਕਾਰਜ ਵੀ ਕੀਤੇ। ਤਰਕਸ਼ੀਲ ਵਿਚਾਰਧਾਰਾ ਦੇ ਧਾਰਨੀ ਸੁਰਿੰਦਰ ਪਾਲ ਸਾਹਿਤ ਦੇ ਬਹੁਤ ਹੀ ਸੂਝਵਾਨ ਪਾਠਕ ਅਤੇ ਕਦਰਦਾਨ ਹਨ। ਪ੍ਰਸਿੱਧ ਲੋਕ ਗਾਇਕਾ ਨਰਿੰਦਰ ਬੀਬਾ ਅਤੇ ਗੁਰਮੀਤ ਬਾਵਾ ਦੀ ਆਵਾਜ਼ ਦੇ ਕਾਇਲ ਅਤੇ ਉਸਤਾਦ ਸ਼ਾਇਰ ਦੀਪਕ ਜੈਤੋਈ ਦੇ ਉਹ ਪ੍ਰਸੰਸਕ ਹਨ। ਭਾਰਤ ਗਿਆਨ ਵਿਗਿਆਨ ਸੰਮਤੀ ਵਿਚ ਲੰਮਾਂ ਸਮਾਂ ਕੰਮ ਕਰਕੇ ਉਨ੍ਹਾਂ ਗਰੀਬ ਪਰਿਵਾਰਾਂ ਵਿਚ ਵਿਦਿਆ ਦਾ ਚਾਨਣ ਵੰਡਣ ਦਾ ਅਣਥੱਕ ਉਪਰਾਲਾ ਵੀ ਕੀਤਾ। ਉਨ੍ਹਾਂ ਦੀਆਂ ਵਿਦਿਅਕ ਅਤੇ ਸਮਾਜਿਕ ਖੇਤਰ ਵਿਚ ਅਹਿਮ ਪ੍ਰਾਪਤੀਆਂ ਕਾਰਨ ਜੈਤੋ ਇਲਾਕੇ ਵਿਚ ਉਹ ਕਿਸੇ ਜਾਣ ਪਛਾਣ ਦੇ ਮੁਥਾਜ ਨਹੀਂ ਅਤੇ ਇਲਾਕੇ ਵਿਚ ਚੰਗਾ ਮਾਨ ਸਨਮਾਨ ਰਖਦੇ ਹਨ। ਉਹ 30 ਸਤੰਬਰ 2010 ਨੂੰ ਆਪਣੀ ਵਿਦਿਅਕ ਸੇਵਾ ਦੇ ਕਾਰਜ ਤੋਂ ਸੁਰਖੁਰੂ ਹੋ ਚੁੱਕੇ ਹਨ ਅਤੇ ਅੱਜ 6 ਅਕਤੂਬਰ ਨੂੰ ਸਰਕਾਰੀ ਹਾਈ ਸਕੂਲ ਰਾਉਵਾਲਾ-ਉਕੰਦਵਾਲਾ ਵਿਖੇ ਸਕੂਲ ਦੇ ਪ੍ਰਬੰਧਕਾਂ, ਪਿੰਡ ਵਾਸੀਆਂ ਅਤੇ ਇਲਾਕੇ ਭਰ ਦੇ ਅਧਿਆਪਕਾਂ ਵੱਲੋਂ ਉਨ੍ਹਾਂ ਦੇ ਮਾਣ ਵਿਚ ਕਰਵਾਏ ਜਾ ਰਹੇ ਵਿਦਾਇਗੀ ਸਮਾਰੋਹ ਉਨ੍ਹਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ।

ਨਵੇਂ ਵਾਟਰ ਵਰਕਸ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਭਗਤੂਆਣੇ ਦੇ ਲੋਕ

ਪਿੰਡ ਰਾਮਗੜ੍ਹ (ਭਗਤੂਆਣਾ) ਦੀ ਵਾਟਰ ਵਰਕਸ ਕਮੇਟੀ ਦੇ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਪਿੰਡ ਦੇ ਨਵੇਂ ਵਾਟਰ ਵਰਕਸ ਉਪਰ ਖਰਚ ਕੀਤੇ ਗਏ 66 ਲੱਖ ਰੁਪਏ ਦਾ ਪਿੰਡ ਦੇ ਲੋਕਾਂ ਨੂੰ ਬਹੁਤਾ ਫਾਇਦਾ ਨਹੀਂ ਹੋਇਆ ਕਿਉਂਕਿ ਵਾਟਰ ਵਰਕਸ ਦਾ ਪਾਣੀ ਬਹੁਤੇ ਘਰਾਂ ਦੀਆਂ ਟੈਂਕੀਆਂ ਤੱਕ ਨਹੀਂ ਪੁੱਜਦਾ। ਵਾਟਰ ਵਰਕਸ ਕਮੇਟੀ ਦੇ ਮੈਂਬਰ ਗੁਰਤੇਜ ਸਿੰਘ ਅਤੇ ਜਸਵਿੰਦਰ ਸਿੰਘ ਸ਼ੰਮੀ ਰੰਧਾਵਾ ਨੇ ਦੱਸਿਆ ਹੈ ਕਿ ਵਾਟਰ ਵਰਕਸ ਦੇ ਪਾਣੀ ਦਾ ਫਲੋਅ ਨਹੀਂ ਬਣਿਆ, ਕੁੱਝ ਥਾਵਾਂ ਉਪਰ ਮਹਿਕਮੇ ਵੱਲੋਂ ਪਲਾਸਟਿਕ ਦੀਆਂ ਪਾਈਪਾਂ ਪਾਉਣ ਦੀ ਬਜਾਏ ਰੱਸਾ ਪਾਈਪ ਪਾਈ ਗਈ ਹੈ ਜੋ ਕਿ ਮਨੁੱਖੀ ਸਿਹਤ ਲਈ ਠੀਕ ਨਹੀਂ।
ਇਸੇ ਦੌਰਾਨ ਵਿਸ਼ਵ ਬੈਂਕ ਦੀ ਟੀਮ ਵੱਲੋਂ ਬੀਤੇ ਦਿਨ ਵਾਟਰ ਵਰਕਸ ਕਮੇਟੀ ਅਤੇ ਪਿੰਡ ਵਾਸੀਆਂ ਨੂੰ ਵਾਟਰ ਵਰਕਸ ਚਲਾਉਣ ਅਤੇ ਪਾਣੀ ਦੀ ਸਾਂਭ ਸੰਭਾਲ ਦੀ ਟਰੇਨਿੰਗ ਦੇਣ ਵਾਸਤੇ ਡੇਰਾ ਭਾਈ ਭਗਤੂ ਵਿਖੇ ਕੈਂਪ ਲਾਇਆ ਗਿਆ। ਇਸ ਕੈਂਪ ਵਿਚ ਐਸ. ਡੀ. ਓ. ਸੁਨੀਲ ਗਰਗ ਅਤੇ ਪਰਦੀਪ ਗਾਂਧੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਝੋਨੇ ਦੀ ਕਟਾਈ ਵਿਚ ਲੱਗੇ ਹੋਣ ਕਾਰਨ ਪਿੰਡ ਵਾਸੀਆਂ ਨੇ ਇਹ ਕੈਂਪ ਵਿਚ ਉਕਾ ਹੀ ਰੁਚੀ ਨਹੀਂ ਵਿਖਾਈ। ਵਾਟਰ ਵਰਕਸ ਕਮੇਟੀ ਦੇ ਮੈਂਬਰਾਂ ਨੇ ਵਿਸ਼ਵ ਬੈਂਕ ਦੀ ਟੀਮ ਨੂੰ ਦੱਸਿਆ ਕਿ ਵਾਟਰ ਵਰਕਸ ਸਬੰਧੀ ਕਮੇਟੀ ਮੈਂਬਰਾਂ ਨਾਲ ਇਹ ਪਹਿਲੀ ਮੀਟਿੰਗ ਹੈ। ਇਸ ਤੋਂ ਪਹਿਲਾਂ ਕਮੇਟੀ ਮੈਂਬਰਾਂ ਨੂੰ ਟੈਂਕੀ ਦੀ ਉਸਾਰੀ ਸਮੇਂ ਕੋਈ ਤਕਨੀਕੀ ਜਾਣਕਾਰੀ ਨਹੀਂ ਦਿੱਤੀ ਗਈ। ਕਮੇਟੀ ਦੇ ਤਿੰਨ ਮੈਂਬਰਾਂ ਨੂੰ ਵਾਟਰ ਵਰਕਸ ਸਬੰਧੀ ਕਿਸੇ ਵੀ ਮਤੇ ਸਬੰਧੀ ਨਹੀਂ ਬੁਲਾਇਆ ਗਿਆ। ਕਮੇਟੀ ਮੈਂਬਰਾਂ ਨੇ ਇਹ ਵੀ ਦੱਸਿਆ ਕਿ ਇਸ ਕੈਂਪ ਵਿਚ ਵਾਟਰ ਵਰਕਸ ਦੀ ਟੈਂਕੀ ਬਣਾਉਣ ਵਾਲੇ ਐਸ. ਡੀ. ਓ. ਤੇਜ਼ ਪ੍ਰਕਾਸ਼ ਅਤੇ ਜੇ. ਈ. ਜਗਮੋਹਨ ਵੀ ਨਹੀਂ ਆਏ ਜਦੋਂ ਕਿ ਕਮੇਟੀ ਮੈਂਬਰ ਉਨ੍ਹਾਂ ਦੀ ਹਾਜਰੀ ਵਿਚ ਵਾਟਰ ਵਰਕਸ ਦੀਆਂ ਕਮੀਆਂ ਦਾ ਇਜ਼ਹਾਰ ਕਰਨਾ ਲੋਚਦੇ ਸਨ।

ਕੀਰਤੀ ਕਿਰਪਾਲ ਵਿਰੁੱਧ ਦਰਜ ਕੇਸ ਵਾਪਸ ਲਿਆ ਜਾਵੇ

ਪੰਜਾਬੀ ਸਾਹਿਤ ਸਭਾ (ਰਜਿ.) ਜੈਤੋ ਦੇ ਆਗੂਆਂ ਨੇ ਬਠਿੰਡਾ ਪੁਲਿਸ ਵੱਲੋਂ ਉੱਘੇ ਰੰਗ ਕਰਮੀ ਕੀਰਤੀ ਕਿਰਪਾਲ ਤੇ 'ਰੱਬ ਜੀ ਥੱਲੇ ਆ ਜੋ' ਨਾਟਕ ਖੇਡਣ ਖ਼ਿਲਾਫ਼ ਕੇਸ ਦਰਜ ਕਰਨ ਦੀ ਨਿਖੇਧੀ ਕਰਦਿਆਂ ਇਹ ਕੇਸ ਬਿਨ੍ਹਾਂ ਸ਼ਰਤ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਸਭਾ ਦੇ ਜਨਰਲ ਸਕੱਤਰ ਹਰਦਮ ਸਿੰਘ ਮਾਨ ਨੇ ਦੱਸਿਆ ਹੈ ਕਿ ਇਸ ਸਬੰਧ ਵਿਚ ਸਭਾ ਦੀ ਮੀਟਿੰਗ ਹੋਈ ਜਿਸ ਵਿਚ ਹਰਜਿੰਦਰ ਸਿੰਘ ਸੂਰੇਵਾਲੀਆ, ਅਮਰਜੀਤ ਢਿੱਲੋਂ, ਸੁਰਿੰਦਰਪ੍ਰੀਤ ਘਣੀਆਂ, ਭੁਪਿੰਦਰ ਜੈਤੋ, ਮੰਗ ਸ਼ਰਮਾ, ਹਰਜਿੰਦਰ ਢਿੱਲੋਂ, ਅਰਸ਼ਦੀਪ ਸ਼ਰਮਾ, ਦਰਸ਼ਨ ਬਲਾੜ੍ਹੀਆ, ਸੁਰਜੀਤ ਅਮਰ ਸ਼ਾਮਲ ਹੋਏ। ਇਕ ਮਤੇ ਰਾਹੀਂ ਸਭਾ ਦੇ ਮੈਂਬਰਾਂ ਨੇ ਕਿਹਾ ਕਿ ਪੁਲਿਸ ਵੱਲੋਂ ਅਜਿਹੀਆਂ ਕਾਰਵਾਈਆਂ ਕਰਕੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ 'ਤੇ ਸੋਚੀ ਸਮਝੀ ਸਾਜ਼ਿਸ਼ ਤਹਿਤ ਹਮਲੇ ਕੀਤੇ ਜਾ ਰਹੇ ਹਨ ਜਦਕਿ ਸੰਵਿਧਾਨ ਦੀ ਧਾਰਾ 51-ਏ ਹਰੇਕ ਨਾਗਰਿਕ ਨੂੰ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਨੂੰ ਯਕੀਨੀ ਬਣਾਉਂਦੀ ਹੈ।

ਦੋਗਲਾ ਬੀਜ ਮਿਲਣ ਕਾਰਨ ਕਈ ਕਿਸਾਨਾਂ ਦਾ ਆਰਥਿਕ ਨੁਕਸਾਨ



ਇਸ ਇਲਾਕੇ ਦੇ ਪਿੰਡ ਰੋੜੀਕਪੂਰਾ, ਕੋਠੇ ਸੰਪੂਰਨ ਸਿੰਘ ਵਾਲਾ ਅਤੇ ਕੋਟਭਾਈ ਦੇ ਕਿਸਾਨਾਂ ਨੇ ਸ਼ਹਿਰ ਦੇ ਕੁਝ ਦੁਕਾਲਦਾਰਾਂ ਵੱਲੋਂ ਉਨ੍ਹਾਂ ਨੂੰ ਝੋਨੇ ਦਾ ਦੋਗਲਾ ਬੀਜ ਦੇਣ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਇਸ ਕਾਰਨ ਉਨ੍ਹਾਂ ਦੇ ਝੋਨੇ ਦਾ ਕਾਫੀ ਨੁਕਸਾਨ ਹੋ ਗਿਆ ਹੈ ਅਤੇ ਝੋਨੇ ਦਾ ਝਾੜ ਸਿਰਫ 50 ਫੀਸਦ ਰਹਿ ਗਿਆ ਹੈ। ਪਿੰਡ ਰੋੜੀਕਪੂਰਾ ਦੇ ਦੋ ਭਰਾਵਾਂ ਗੁਰਜੰਟ ਸਿੰਘ ਤੇ ਸੁਰਜੀਤ ਸਿੰਘ ਪੁੱਤਰ ਗੁਰਬਖਸ਼ ਸਿੰਘ ਨੇ ਘਟੀਆ ਬੀਜ ਵੇਚਣ ਸਬੰਧੀ ਸ਼ਿਕਾਇਤ ਕਰਦਿਆਂ ਕਿਹਾ ਹੈ ਕਿ ਉਹ 36 ਹਜਾਰ ਰੁਪਏ ਪ੍ਰਤੀ ਏਕੜ ਠੇਕੇ 'ਤੇ ਜ਼ਮੀਨ ਲੈ ਕੇ ਖੇਤੀ ਕਰਦੇ ਹਨ। ਉਨ੍ਹਾਂ 24 ਮਈ 2010 ਨੂੰ ਬਰਾੜ ਬੀਜ ਭੰਡਾਰ ਜੈਤੋ ਤੋਂ ਝੋਨੇ ਦਾ ਬੀਜ ਖਰੀਦਿਆ ਸੀ ਅਤੇ ਇਸ ਦੇ ਪੱਕੇ ਬਿੱਲ ਵੀ ਉਨ੍ਹਾਂ ਕੋਲ ਹਨ। ਉਨ੍ਹਾਂ ਇਹ ਬੀਜ ਦੋਗਲਾ ਹੋਣ ਦਾ ਦੋਸ਼ ਲਾਇਆ ਅਤੇ ਕਿਹਾ ਹੈ ਕਿ ਬੀਜ ਸਹੀ ਨਾ ਹੋਣ ਕਾਰਨ ਉਨ੍ਹਾਂ ਦਾ ਸਾਰਾ ਝੋਨਾ ਖਰਾਬ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਆਰਥਿਕ ਤੌਰ ਤੇ ਵੱਡੀ ਸੱਟ ਵੱਜੀ ਹੈ।
ਪਿੰਡ ਕੋਠੇ ਸੰਪੂਰਨ ਸਿੰਘ ਦੇ ਕਿਸਾਨ ਜਵਾਲਾ ਸਿੰਘ, ਗੁਰਬਖਸ਼ ਸਿੰਘ, ਸੁਰਜੀਤ ਸਿੰਘ ਪੁੱਤਰ ਉਤਾਰ ਸਿੰਘ, ਗੁਰਦੀਪ ਸਿੰਘ ਪੁੱਤਰ ਦਰਸ਼ਨ ਸਿੰਘ, ਗੁਰਚੇਤ ਸਿੰਘ ਤੇ ਬੇਅੰਤ ਸਿੰਘ ਪੁੱਤਰ ਮਹਿੰਦਰ ਸਿੰਘ, ਬੂਟਾ ਸਿੰਘ ਤੇ ਸਿਕੰਦਰ ਸਿੰਘ ਪੁੱਤਰ ਬਚਨ ਸਿੰਘ ਅਤੇ ਇੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਨੇ ਵੀ ਅਜਿਹੀ ਵਿੱਥਿਆ ਦਸਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਵੀ ਸ਼ਹਿਰ ਦੇ ਇਕ ਪ੍ਰਸਿੱਧ ਬੀਜ ਵਿਕਰੇਤਾ ਤੋਂ ਕ੍ਰਿਸ਼ੀ ਬਨ 9999 ਝੋਨੇ ਦਾ ਬੀਜ ਖਰੀਦਿਆ ਸੀ। ਇਸ ਬੀਜ ਵਿਚ ਮਿਲਾਵਟ ਦਾ ਦੋਸ਼ ਲਾਉਂਦਿਆ ਇਨ੍ਹਾਂ ਕਿਸਾਨਾਂ ਨੇ ਦੱਸਿਆ ਹੈ ਕਿ ਉਨ੍ਹਾਂ ਦਾ 46 ਏਕੜ ਝੋਨੇ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਬੰਧਤ ਦੁਕਾਨਦਾਰ ਨੂੰ ਵੀ ਇਹ ਝੋਨਾ ਵਿਖਾਇਆ ਤਾਂ ਉਸ ਨੇ ਪ੍ਰਵਾਨ ਕੀਤਾ ਕਿ ਬੀਜ ਕਾਰਨ ਝੋਨੇ ਦਾ ਨੁਕਸਾਨ ਹੋਇਆ ਹੈ ਪਰ ਦੁਕਾਨਦਾਰ ਕਿਸਾਨਾਂ ਨੂੰ ਇਸ ਨੁਕਸਾਨ ਬਦਲੇ ਕੁਝ ਵੀ ਦੇਣ ਨੂੰ ਤਿਆਰ ਨਹੀਂ। ਇਸੇ ਤਰਾਂ ਪਿੰਡ ਕੋਟਭਾਈ ਦੇ ਕਿਸਾਨ ਸੋਮਪਾਲ ਸਿੰਘ ਪੁੱਤਰ ਬੰਤਾ ਸਿੰਘ ਨੇ ਦੱਸਿਆ ਹੈ ਕਿ ਉਸ ਨੇ ਵੀ ਉਕਤ ਦੁਕਾਨਦਾਰ ਪਾਸੋਂ ਝੋਨੇ ਦਾ ਪ੍ਰੇਮ 9999 ਬੀਜ ਖਰੀਦਿਆ ਸੀ। ਇਹ ਬੀਜ ਘਟੀਆ ਹੋਣ ਕਰਕੇ ਉਸ ਦਾ ਢਾਈ ਕਿੱਲਿਆਂ ਵਿਚ ਖੜ੍ਹਾ ਅੱਧਾ ਝੋਨਾ ਪੱਕ ਚੁੱਕਾ ਹੈ ਪਰ ਅੱਧਾ ਅਜੇ ਹਰਾ ਖੜ੍ਹਾ ਹੈ। ਬੀਜ ਸਹੀ ਨਾ ਹੋਣ ਕਾਰਨ ਉਸ ਨੇ 40 ਪ੍ਰਤੀਸ਼ਤ ਤੋਂ ਵਧੇਰੇ ਝਾੜ ਘਟਣ ਦਾ ਦੋਸ਼ ਲਾਇਆ ਹੈ। ਇਨ੍ਹਾਂ ਕਿਸਾਨਾਂ ਨੇ ਖੇਤੀਬਾੜੀ ਵਿਭਾਗ ਪੰਜਾਬ ਦੇ ਉਚ ਅਧਿਕਾਰੀਆਂ ਅਤੇ ਜ਼ਿਲ੍ਹਾ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਹੋਏ ਨੁਕਸਾਨ ਦੀ ਪੂਰਤੀ ਸਬੰਧ ਬੀਜ ਕੰਪਨੀ ਤੋਂ ਕਰਵਾਈ ਜਾਵੇ। ਸਬੰਧਤ ਦੁਕਾਨਦਾਰਾਂ ਦਾ ਇਸ ਸਬੰਧੀ ਕਹਿਣਾ ਹੈ ਕਿ ਉਨ੍ਹਾਂ ਕੰਪਨੀ ਤੋਂ ਆਇਆ ਸਹੀ ਬੀਜ ਦਿੱਤਾ ਹੈ।
ਇਸੇ ਦੌਰਾਨ ਪਿੰਡ ਰੋੜੀਕਪੂਰਾ ਦੇ ਸਰਪੰਚ ਕੁਲਵੰਤ ਸਿੰਘ, ਸਾਬਕਾ ਸਰੰਪਚ ਜਸਵੰਤ ਸਿੰਘ ਢਿੱਲੋਂ, ਪੰਚ ਬਲਵਿੰਦਰ ਸਿੰਘ ਅਤੇ ਪੰਚ ਮਨਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਨੁਕਸਾਨ ਬਦਲੇ ਇਨ੍ਹਾਂ ਕਿਸਾਨਾਂ ਨੂੰ ਮੁਆਵਜ਼ਾ ਦਿਵਾਇਆ ਜਾਵੇ।

ਪੰਜਾਬ ਦੀ ਬਰਬਾਦੀ ਅਤੇ ਸੰਤਾਪ ਨੂੰ ਕਿਸੇ ਕੇਂਦਰੀ ਆਗੂ ਨੇ ਨਹੀਂ ਸਮਝਿਆ-ਰਾਮੂਵਾਲੀਆ

ਲੋਕ ਭਲਾਈ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਬਿਆਨਾਂ ਬਾਰੇ ਅਕਾਲੀਆਂ ਵੱਲੋਂ ਪਾਇਆ ਜਾ ਰਿਹਾ ਸ਼ੋਰ ਸ਼ਰਾਬਾ ਅਸਲ ਵਿਚ ਸ਼ਰੋਮਣੀ ਅਕਾਲੀ ਦਲ ਦਾ ਅੰਦਰੂਨੀ ਮਾਮਲਾ ਹੈ। ਇਹ ਅਕਾਲੀਆਂ ਨੇ ਵੇਖਣਾ ਹੈ ਕਿ ਉਹ ਇਸ ਮੁੱਦੇ ਨੂੰ ਜਨਤਕ ਤੌਰ ਤੇ ਵਿਚਾਰਨਾ ਚਾਹੁੰਦੇ ਹਨ ਜਾਂ ਕਿਸੇ ਬੰਦ ਕਮਰੇ ਵਿਚ। ਰੋਜ਼ਾਨਾ 'ਅਜੀਤ' ਨਾਲ ਟੈਲੀਫੋਨ ਉਪਰ ਗੱਲਬਾਤ ਕਰਦਿਆਂ ਸ੍ਰੀ ਰਾਮੂਵਾਲੀਆ ਨੇ ਕਿਹਾ ਉਹ ਮਨਪ੍ਰੀਤ ਦੇ ਮਾਮਲੇ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਪਰ ਏਨਾ ਜ਼ਰੂਰ ਹੈ ਕਿ ਬਾਦਲਾਂ ਦੀ ਬਿਆਨਬਾਜ਼ੀ ਬਾਰੇ ਕਾਂਗਰਸੀਆਂ ਵੱਲੋਂਂ ਲਾਈ ਜਾ ਰਹੀ ਬਿਆਨਾਂ ਦੀ ਝੜੀ ਕਾਂਗਰਸੀਆਂ ਦੀ ਰਾਜਸੀ ਕਚਿਆਈ ਸਾਬਤ ਹੋਵੇਗੀ ਕਿਉਂਕਿ ਮੈਂ 40 ਸਾਲਾਂ ਤੋਂ ਬਾਦਲਾਂ ਨੂੰ ਜਾਣਦਾ ਹਾਂ ਕਿ ਉਹ ਆਪਸ ਵਿਚ ਕਦੇ ਨਹੀਂ ਲੜਣਗੇ।
ਜਿੱਥੋਂ ਤੱਕ ਕੇਂਦਰ ਦੇ ਪੰਜਾਬ ਸਿਰ ਚੜ੍ਹੇ ਕਰਜ਼ੇ ਦਾ ਸਵਾਲ ਹੈ। ਮੈਂ ਪੰਜਾਬ ਦੇ ਲੋਕਾਂ ਨੂੰ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਕੇਂਦਰ ਨੇ ਇਹ ਕਰਜ਼ਾ ਮੁਆਫ਼ ਨਹੀਂ ਕਰਨਾ। 33 ਸਾਲ ਤੋਂ ਕੇਂਦਰ ਵਿਚ ਰਹਿਣ ਸਦਕਾ ਮੇਰਾ ਇਹ ਤਜਰਬਾ ਹੈ ਕਿ ਪੰਜਾਬ ਦੇ ਮਸਲਿਆਂ, ਪੰਜਾਬ ਦੀ ਬਰਬਾਦੀ ਅਤੇ 1947 ਤੋਂ ਪੰਜਾਬ ਵੱਲੋਂ ਹੰਢਾਏ ਗਏ ਸੰਤਾਪ ਨੂੰ ਸਮਝਣ ਵਾਲਾ ਕੋਈ ਵੀ ਸੰਜੀਦਾ ਆਗੂ ਕੇਂਦਰ ਵਿਚ ਨਹੀਂ ਹੈ। ਕੇਂਦਰ ਵਿਚ ਮੰਤਰੀ ਹੁੰਦਿਆਂ ਮੈਂ ਬਹੁਤ ਨੇੜਿਓਂ ਹੋ ਕੇ ਦਿੱਲੀ ਦੀ ਸਿਆਸਤ ਨੂੰ ਵਾਚਿਆ ਹੈ।
ਸ੍ਰੀ ਰਾਮੂਵਾਲੀਆ ਨੇ ਕਿਹਾ ਕਿ ਪੰਜਾਬ ਸਿਰ ਇਹ ਕਰਜ਼ਾ ਇਸ ਲਈ ਚੜ੍ਹਿਆ ਹੈ ਕਿ ਪੰਜਾਬ ਸਭ ਤੋਂ ਸੰਵੇਦਨਸ਼ੀਲ ਅੰਤਰ ਰਾਸ਼ਟਰੀ ਸਰਹੱਦ ਉਪਰ ਸਥਿਤ ਹੈ ਜਿਥੇ ਭਾਰਤ ਦੀ ਹਸਤੀ ਨੂੰ ਹਰ ਸਮੇਂ ਪਾਕਿਸਤਾਨ ਵੰਗਾਰਦਾ ਰਹਿੰਦਾ ਹੈ। ਪੰਜਾਬ ਦਾ ਇਹ ਕਰਜ਼ਾ ਪਾਕਿਸਤਾਨ ਵੱਲੋਂ ਭਾਰਤ ਨੂੰ ਅਸਥਿਰ ਕਰਨ ਲਈ ਰਚੀ ਗਈ ਅੰਤਰ ਰਾਸ਼ਟਰੀ ਸਾਜ਼ਿਸ਼ ਦਾ ਹੀ ਸਿੱਟਾ ਹੈ ਕਿਉਂਕਿ ਪੰਜਾਬ ਵਿਚਲੀ ਲੜਾਈ ਸਰਹੱਦ ਪਾਰ ਤੋਂ ਆਈ ਅਤੇ ਇਸ ਦਾ ਇਕੋ ਇਕ ਮਕਸਦ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਤਬਾਹ ਕਰਨਾ ਸੀ। ਪੰਜਾਬੀਆਂ ਨੇ 30 ਹਜਾਰ ਲੋਕਾਂ ਦੀ ਬਲੀ ਦੇ ਕੇ ਭਾਰਤ ਦੀ ਏਕਤਾ ਤੇ ਅਖੰਡਤਾ ਦੀ ਰਖਵਾਲੀ ਕੀਤੀ ਅਤੇ ਦੇਸ਼ ਦੇ ਸਮੁੱਚੇ ਤਾਣੇ ਬਾਣੇ ਨੂੰ ਖਤਮ ਕਰਨ ਦੀ ਅੰਤਰਰਾਸ਼ਟਰੀ ਸਾਜ਼ਿਸ਼ ਨੂੰ ਨਾਕਾਮ ਕੀਤਾ। ਇਹ ਕਰਜ਼ਾ ਭਾਰਤ ਦੀ ਹਸਤੀ ਨੂੰ ਬਚਾਉਣ ਲਈ ਹੀ ਹੋਂਦ ਵਿਚ ਆਇਆ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿਚ ਓਹੀ ਲੜਾਈ ਲੜੀ ਗਈ ਸੀ ਜੋ ਅੱਜ ਕਸ਼ਮੀਰ ਵਿਚ ਲੜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਵਾਲ ਇਸ ਗੱਲ ਦਾ ਹੈ ਕਿ ਅੱਜ ਕਸ਼ਮੀਰ ਬਾਰੇ ਹਰੇਕ ਪਾਰਟੀ ਅਤੇ ਹਰੇਕ ਲੀਡਰ ਨੂੰ 24 ਘੰਟੇ ਫਿਕਰ ਲੱਗਿਆ ਰਹਿੰਦਾ ਹੈ ਅਤੇ ਕੇਂਦਰ ਵੱਲੋਂ ਉਸ ਨੂੰ ਆਰਥਿਕ ਤੌਰ ਤੇ ਵੀ ਧੜਾਧੜ ਸਹਾਇਤਾ ਦਿੱਤੀ ਜਾ ਰਹੀ ਹੈ ਪਰ ਨੰਗਾ ਚਿੱਟ ਵਿਤਕਰਾ ਇਹ ਹੈ ਕਿ ਪੰਜਾਬ ਲਈ ਅਜਿਹਾ ਰਵੱਈਆ ਕਿਧਰੇ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਸੱਚਾਈ ਇਹ ਹੈ ਕਿ ਹੁਣ ਤੱਕ ਦਿੱਲੀ ਦਰਬਾਰ ਵਿਚ ਨਾ ਤਾਂ ਪੰਜਾਬ ਦੇ ਕਿਸੇ ਕਾਂਗਰਸੀ ਆਗੂ ਦੀ ਕਦੇ ਸੁਣੀ ਗਈ ਹੈ ਅਤੇ ਨਾ ਹੀ ਕਿਸੇ ਅਕਾਲੀ ਆਗੂ ਨੂੰ ਕਿਸੇ ਨੇ ਪੁੱਛਿਆ ਹੈ। ਸ੍ਰੀ ਰਾਮੂਵਾਲੀਆ ਨੇ ਕਿ ਹੁਣ ਵੇਲਾ ਆ ਗਿਆ ਹੈ ਕਿ ਸਾਰਾ ਪੰਜਾਬ ਇਕਮੁੱਠ ਹੋ ਕੇ ਕੇਂਦਰ ਨੂੰ ਦੱਸ ਦੇਵੇ ਕਿ ਸਾਨੂੰ ਬਿਗਾਨੇ ਨਾ ਬਣਾਓ।