Thursday, June 3, 2010

ਅਕਾਲੀ ਕੇਂਦਰ ਸਰਕਾਰ ਵਿਰੁੱਧ ਭੰਡੀ ਪ੍ਰਚਾਰ ਕਰਨਾ ਬੰਦ ਕਰਨ-ਗੁਰਸੇਵਕ ਜੈਤੋ



ਜ਼ਿਲ੍ਹਾ ਯੂਥ ਕਾਂਗਰਸ ਫ਼ਰੀਦਕੋਟ ਦੇ ਪ੍ਰੈਸ ਸਕੱਤਰ ਗੁਰਸੇਵਕ ਸਿੰਘ ਜੈਤੋ ਨੇ ਕਿਹਾ ਕਿ ਅਕਾਲੀ ਸਰਕਾਰ ਦੇ ਨੁਮਾਇੰਦਿਆਂ ਦਾ ਸਿਰਫ ਇਕ ਨੁਕਾਤੀ ਪ੍ਰੋਗਰਾਮ ਕੇਂਦਰ ਦੀ ਕਾਂਗਰਸ ਸਰਕਾਰ ਨੂੰ ਭੰਡਣਾ ਹੈ ਜਦੋਂ ਕਿ ਸੱਚਾਈ ਇਹ ਹੈ ਕਿ ਕੇਂਦਰ ਵੱਲੋਂ ਮਿਲ ਰਹੀ ਆਕਸੀਜਨ ਸਦਕਾ ਹੀ ਪੰਜਾਬ ਸਰਕਾਰ ਥੋੜ੍ਹੇ ਬਹੁਤ ਸੌਖੇ ਸਾਹ ਲੈ ਰਹੀ ਹੈ। ਇਥੇ ਪੱਤਰਕਾਰਾਂ ਨਾਲ ਗੱਲਰਬਾਤ ਦੌਰਾਨ ਯੂਥ ਆਗੂ ਨੇ ਕਿਹਾ ਕਿ ਅਕਾਲੀ ਮੰਤਰੀ ਅਤੇ ਹੋਰ ਅਕਾਲੀ ਲੀਡਰ ਨਿੱਤ ਦਿਨ ਬਿਆਨ ਦਿੰਦੇ ਹਨ ਕਿ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ ਪਰ ਅਸਲੀਅਤ ਇਹ ਹੈ ਕਿ ਕੇਂਦਰ ਦੀ ਕਾਂਗਰਸ ਸਰਕਾਰ ਨੇ ਪੰਜਾਬ ਲਈ ਜੋ ਕੁੱਝ ਕੀਤਾ ਹੈ ਉਹ ਹੋਰ ਕਿਸੇ ਸਰਕਾਰ ਨੇ ਨਹੀਂ ਕੀਤਾ।
ਨੌਜਵਾਨ ਕਾਂਗਰਸੀ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਸ਼ਹਿਰਾਂ ਦੇ ਨਾਲ ਨਾਲ ਜੋ ਝੁੱਗੀਆਂ ਝੌਂਪੜੀਆਂ ਵਾਲੇ ਰਹਿੰਦੇ ਹਨ, ਉਨ੍ਹਾਂ ਨੂੰ ਮਕਾਨ ਬਣਾਉਣ ਵਾਸਤੇ ਪੰਜ ਸਾਲ ਪਹਿਲਾਂ 617 ਕਰੋੜ ਰੁਪਏ ਦੀ ਰਾਸ਼ੀ ਪੰਜਾਬ ਸਰਕਾਰ ਨੂੰ ਦਿੱਤੀ ਸੀ ਪਰ ਅਫਸੋਸ ਕਿ ਇਸ ਸਰਕਾਰ ਨੇ ਉਸ ਵਿਚੋਂ ਸਿਰਫ 70 ਕਰੋੜ ਹੀ ਵਰਤੇ ਹਨ ਅਤੇ ਬਾਕੀ 547 ਕਰੋੜ ਰੁਪਏ ਦੇ ਫੰਡ ਅਜੇ ਤੱਕ ਇਨ੍ਹਾਂ ਗਰੀਬਾਂ ਦੀ ਬਿਹਤਰੀ ਲਈ ਖਰਚ ਹੀ ਨਹੀਂ ਕੀਤੇ ਗਏ। ਦੁੱਖ ਦੀ ਗੱਲ ਇਹ ਵੀ ਹੈ ਕਿ ਇਹ ਯੋਜਨਾ ਅਧੀਨ ਜਿਹੜੇ ਪ੍ਰਜੈਕਟ ਸ਼ੁਰੂ ਵੀ ਕੀਤੇ ਗਏ ਸਨ ਉਨ੍ਹਾਂ ਵਿਚੋਂ ਕਿਸੇ ਨੂੰ ਵੀ ਅਜੇ ਤੱਕ ਮੁਕੰਮਲ ਨਹੀਂ ਕੀਤਾ ਜਾ ਸਕਿਆ ਜਦੋਂ ਕਿ ਦੂਜੇ ਰਾਜਾਂ ਨੇ ਇਸ ਪੱਖੋਂ ਪੰਜਾਬ ਨੂੰ ਪਿਛਾਂਹ ਧੱਕ ਦਿੱਤਾ ਹੈ। ਇਹੀ ਹਾਲ ਇਸ ਸਰਕਾਰ ਨੇ ਨਰੇਗਾ ਸਕੀਮ ਦਾ ਕੀਤਾ ਹੈ। ਉਨ੍ਹਾਂ ਅਕਾਲੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਿਕੰਮੇਪਣ ਨੂੰ ਛੁਪਾÀਣ ਲਈ ਕੇਂਦਰ ਸਰਕਾਰ ਵਿਰੁੱਧ ਭੰਡੀ ਪ੍ਰਚਾਰ ਕਰਨਾ ਬੰਦ ਕਰੇ ਅਤੇ ਕੇਂਦਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਉਨ੍ਹਾਂ ਦੀਆਂ ਸਹੀ ਭਾਵਨਾਵਾਂ ਅਨੁਸਾਰ ਲਾਗੂ ਕਰਕੇ ਆਮ ਅਤੇ ਗਰੀਬ ਲੋਕਾਂ ਨੂੰ ਰਾਹਤ ਪ੍ਰਦਾਨ ਕਰੇ।

No comments:

Post a Comment