Wednesday, May 5, 2010

ਕੈਪਟਨ ਦੀ ਬਹਾਲੀ ਨਾਲ ਕਾਂਗਰਸ 'ਚ ਨਵੀਂ ਜਾਨ ਆਈ -ਜੋਗਿੰਦਰ ਸਿੰਘ


ਕਾਂਗਰਸੀ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈਂ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੀ ਇਕੋ ਇਕ ਨੇਤਾ ਹਨ ਜੋ ਪੰਜਾਬ ਦੇ ਲੋਕਾਂ ਦੀ ਨਬਜ਼ ਪਛਾਣਦੇ ਹਨ ਅਤੇ ਉਨ੍ਹਾਂ ਦੇ ਮਸਲੇ ਹੱਲ ਕਰਨ ਦੀ ਸਮੱਰਥਾ ਰੱਖਦੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਵਿਧਾਨ ਸਭਾ ਵਿਚ ਬਹਾਲੀ ਨਾਲ ਕਾਂਗਰਸ ਵਿਚ ਨਵੀਂ ਜਾਨ ਆਈ ਹੈ ਅਤੇ ਵਿਰੋਧੀ ਅਕਾਲੀ ਭਾਜਪਾ ਗਠਜੋੜ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਮਾਣਯੋਗ ਸਰਬਉਚ ਅਦਾਲਤ ਦੇ ਫੈਸਲੇ ਪਿੱਛੋਂ ਕਾਂਗਰਸੀਆਂ ਦਾ ਉਤਸ਼ਾਹ ਬਹੁਤ ਵਧਿਆ ਹੈ।
ਉਨ੍ਹਾਂ ਆਖਿਆ ਕਿ ਜਦੋਂ ਵਿਧਾਨ ਸਭਾ ਵਿਚ ਕੈਪਟਨ ਅਮਰਿੰਦਰ ਸਿੰਘ ਮੁੜ ਦਾਖਲ ਹੋਣਗੇ ਤਾਂ ਕਾਂਗਰਸੀ ਵਿਧਾਇਕਾਂ ਦੇ ਹੌਸਲੇ ਬੁਲੰਦ ਦਿਸਣਗੇ। ਪੰਜਾਬ ਦੇ ਲੋਕਾਂ ਨੂੰ ਮਹਿਸੂਸ ਹੋਣ ਲੱਗ ਪਿਆ ਹੈ ਕਿ ਭਾਵੇਂ ਅਮਨ ਕਾਨੂੰਨ ਦੀ ਸਥਿਤੀ ਹੋਵੇ ਜਾਂ ਆਰਥਿਕਤਾ ਨਾਲ ਸਬੰਧਤ ਹੋਵੇ, ਕੈਪਟਨ ਅਮਰਿੰਦਰ ਸਿੰਘ ਹੀ ਪੰਜਾਬ ਨੂੰ ਅੱਗੇ ਤੋਰ ਸਕਦੇ ਹਨ। ਵਿਧਾਇਕ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਹੀ ਪਾਣੀਆਂ ਦਾ ਮਸਲਾ ਹੱਲ ਕੀਤਾ ਹੈ ਜਿਸ ਨਾਲ ਪੰਜਾਬ ਨੂੰ ਸੁਪਰੀਮ ਕੋਰਟ ਵਿਚ ਖਲੋਣ ਲਈ ਥਾਂ ਮਿਲ ਗਈ ਹੈ ਜਦੋਂ ਕਿ ਸ: ਪ੍ਰਕਾਸ਼ ਸਿੰਘ ਬਾਦਲ ਦੀ ਅਣਗਹਿਲੀ ਕਰਕੇ ਪੰਜਾਬ ਪਾਣੀਆਂ ਦਾ ਕੇਸ ਸੁਪਰੀਮ ਕੋਰਟ ਵਿਚ ਹਾਰ ਗਿਆ ਸੀ। ਜੇਕਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸਰਕਾਰ ਨਾ ਬਣਦੀ ਤਾਂ ਹੁਣ ਤੱਕ ਪੰਜਾਬ ਦੀ ਭੂਮੀ ਬੰਜਰ ਹੋਣ ਦੇ ਕਿਨਾਰੇ 'ਤੇ ਖੜ੍ਹੀ ਹੁੰਦੀ। ਉਨ੍ਹਾਂ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੂੰ 4 ਰੁਪਏ ਕਿਲੋ ਆਟਾ ਅਤੇ 20 ਰੁਪਏ ਕਿਲੋ ਦਾਲ ਦੇਣ ਦਾ ਸਬਜ਼ਬਾਗ ਦਿਖਾ ਕੇ ਸੱਤਾ ਵਿਚ ਆਈ ਸ਼੍ਰੋਮਣੀ ਅਕਾਲੀ ਦਲ (ਬ) ਤੇ ਭਾਜਪਾ ਗਠਜੋੜ ਸਰਕਾਰ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਸਮਾਂ ਬੀਤਣ ਦੇ ਨਾਲ-ਨਾਲ ਇਸ ਸਰਕਾਰ ਦਾ ਇਕ-ਇਕ ਵਾਅਦਾ ਝੂਠਾ ਸਾਬਤ ਹੋਇਆ ਹੈ ਅਤੇ ਲਾਰਿਆਂ ਤੇ ਰੱਖਣ ਵਾਲੀ ਬਾਦਲ ਸਰਕਾਰ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਆਉਣ ਨਾਲ ਲੋਕ ਇਸ ਸਰਕਾਰ ਤੋਂ ਛੁਟਕਾਰਾ ਪਾਉਣ ਲਈ ਬੜੀ ਬੇਸਬਰੀ ਨਾਲ ਅਗਲੀਆਂ ਚੋਣਾਂ ਦੀ ਉਡੀਕ ਕਰ ਰਹੇ ਹਨ।

No comments:

Post a Comment