
ਕਾਂਗਰਸ ਪਾਰਟੀ ਦੇ ਕੌਮੀ ਜਨਰਲ ਸਕੱਤਰ ਸ੍ਰੀ ਰਾਹੁਲ ਗਾਂਧੀ ਅਤੇ ਪੰਜਾਬ ਦੇ ਚੋਣ ਨਿਗਰਾਨ ਸ੍ਰੀ ਮਤੀ ਊਸ਼ਾ ਠੱਕਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਅੰਦਰ ਚੱਲੀ ਭਰਤੀ ਮੁਹਿੰਮ ਦੌਰਾਨ ਹਲਕਾ ਕੋਟਕਪੂਰਾ ਵਿਚ ਕਾਂਗਰਸ ਡੈਲੀਗੇਟਾਂ ਦੀ ਰਿਕਾਰਡ ਤੋੜ ਭਰਤੀ ਹੋਈ ਅਤੇ ਹਲਕਾ ਕੋਟਕਪੂਰਾ ਦੇ ਵਿਧਾਇਕ ਰਿਪਜੀਤ ਸਿੰਘ ਬਰਾੜ ਆਪਣੇ ਹਲਕੇ ਚੋਂ 254 ਬੂਥ ਪ੍ਰਧਾਨ ਅਤੇ ਡੈਲੀਗੇਟਾਂ ਦੇ ਨਾਮਜ਼ਦਗੀ ਫਾਰਮ ਜਮ੍ਹਾਂ ਕਰਵਾ ਕੇ ਪੰਜਾਬ ਭਰ ਚੋਂ ਮੋਹਰੀ ਰਹੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਮੈਂਬਰ ਐਡਵੋਕੇਟ ਗੁਰਸਾਹਿਬ ਸਿੰਘ ਬਰਾੜ ਨੇ ਜੈਤੋ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਸ੍ਰੀ ਬਰਾੜ ਨੇ ਕਿਹਾ ਕਿ ਰਿਪਜੀਤ ਸਿੰਘ ਬਰਾੜ ਨੇ ਰਸੀਦ ਨੰਬਰ 1835 ਅਨੁਸਾਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫਤਰ ਇੰਚਾਰਜ ਨਿਰਮਲ ਸਿੰਘ ਕੋਲ ਕੋਟਕਪੂਰਾ ਦਿਹਾਤੀ ਦੇ 62 ਬੂਥ ਪ੍ਰਧਾਨ ਤੇ 68 ਡੈਲੀਗੇਟ, ਕੋਟਕਪੂਰਾ ਸ਼ਹਿਰੀ ਦੇ 61 ਬੂਥ ਪ੍ਰਧਾਨ ਤੇ 63 ਬੂਥ ਡੈਲੀਗੇਟਾਂ ਦੇ ਨਾਮਜ਼ਦਗੀ ਫਾਰਮ ਜਮ੍ਹਾਂ ਕਰਵਾਏ। ਐਡਵੋਕੇਟ ਬਰਾੜ ਨੇ ਯੂ. ਪੀ. ਏ. ਦੀ ਚੇਅਰਪਰਸਨ ਸ੍ਰੀ ਮਤੀ ਸੋਨੀਆ ਗਾਂਧੀ ਜੀ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਪੰਜਾਬ ਦੇ ਸੰਸਦ ਮੈਂਬਰਾਂ ਦੀ ਪੁਰਜ਼ੋਰ ਮੰਗ ਉਪਰ ਨਾਮਜ਼ਦਗੀ ਫਾਰਮ ਭਰਨ ਦੀ ਆਖਰੀ ਮਿਤੀ 5 ਮਈ ਤੋਂ ਵਧਾ ਕੇ 10 ਮਈ 2010 ਤੱਕ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਲਕਾ ਕੋਟਕਪੂਰਾ ਦੇ ਕਾਂਗਰਸੀ ਵਰਕਰਾਂ ਵਿਚ ਇਸ ਗੱਲ ਦੀ ਬੇਹੱਦ ਖੁਸ਼ੀ ਹੈ ਕਿ ਵਿਧਾਇਕ ਰਿਪਜੀਤ ਸਿੰਘ ਬਰਾੜ ਦੇ ਸਿਰਤੋੜ ਯਤਨਾਂ ਸਦਕਾ ਹਲਕਾ ਕੋਟਕਪੂਰਾ ਦੇ 254 ਬੂਥ ਪ੍ਰਧਾਨ ਅਤੇ ਡੈਲੀਗੇਟ ਪ੍ਰਦੇਸ਼ ਕਾਂਗਰਸ ਕਮੇਟੀ ਦੀ ਚੋਣ ਪ੍ਰਕਿਰਿਆ ਵਿਚ ਹਿੱਸਾ ਲੈ ਸਕਣਗੇ ਜੋ ਕਿ ਆਪਣੇ ਆਪ ਵਿਚ ਇਕ ਰਿਕਾਰਡ ਹੋਵੇਗਾ। ਇਸ ਗੱਲਬਾਤ ਸਮੇਂ ਪਾਰਟੀ ਦੇ ਜ਼ਿਲ੍ਹਾ ਫ਼ਰੀਦਕੋਟ ਦੇ ਸੀਨੀਅਰ ਆਗੂ ਸੱਤਪਾਲ ਡੋਡ, ਹਰਦੇਵ ਸਿੰਘ ਜੈਤੋ ਅਤੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਗੁਰਸੇਵਕ ਸਿੰਘ ਜੈਤੋ ਵੀ ਹਾਜਰ ਸਨ।
No comments:
Post a Comment