Saturday, May 1, 2010

ਜ਼ਿਲ੍ਹਾ ਫ਼ਰੀਦਕੋਟ 'ਚ ਕੈਂਸਰ ਮਰੀਜ਼ਾਂ ਲਈ ਸਰਕਾਰੀ ਇਲਾਜ ਸ਼ੁਰੂ



ਡੇਰਾ ਭਾਈ ਭਗਤੂ ਭਗਤੂਆਣਾ ਵਿਖੇ ਖੂਨਦਾਨ ਕਰਦੇ ਹੋਏ ਗੰਗਸਰ ਸਪੋਰਟਸ ਕਲੱਬ ਜੈਤੋ ਦੇ ਆਗੂ ਜਸਵਿੰਦਰ ਸਿੰਘ ਜੈਤੋ।
ਜ਼ਿਲ੍ਹਾ ਫ਼ਰੀਦਕੋਟ ਦੇ ਸਰਕਾਰੀ ਹਸਪਤਾਲਾਂ ਵਿਚ ਕੈਂਸਰ ਦੇ ਮਰੀਜ਼ਾਂ ਲਈ ਵਿਸ਼ੇਸ਼ ਇਲਾਜ ਕੇਂਦਰ ਖੋਲ੍ਹੇ ਜਾ ਹਰੇ ਹਨ ਅਤੇ ਇਹ ਕੇਂਦਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਤੋਂ ਇਲਾਵਾ ਕੋਟਕਪੂਰਾ, ਜੈਤੋ, ਬਾਜਾਖਾਨਾ, ਪੰਜਗਰਾਈਂ ਕਲਾਂ ਅਤੇ ਜੰਡ ਸਾਹਿਬ ਵਿਖੇ 3 ਮਈ 2010 ਤੋਂ ਡਾਕਟਰੀ ਸਹਾਇਤਾ ਸ਼ੁਰੂ ਕਰ ਦੇਣਗੇ। ਇਹ ਪ੍ਰਗਟਾਵਾ ਜ਼ਿਲ੍ਹਾ ਯੋਜਨਾ ਬੋਰਡ ਫ਼ਰੀਦਕੋਟ ਦੇ ਚੇਅਰਮੈਨ ਜੱਥੇਦਾਰ ਲਖਬੀਰ ਸਿੰਘ ਅਰਾਈਆਂ ਵਾਲਾ ਨੇ ਅੱਜ ਇਥੋਂ ਨੇੜਲੇ ਪਿੰਡ ਭਗਤੂਆਣਾ ਦੇ ਡੇਰਾ ਭਾਈ ਭਗਤੂ ਵਿਖੇ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਸਮੇਂ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਇਲਾਜ ਕੇਂਦਰਾਂ ਵਿਚ ਮਰੀਜ਼ਾਂ ਦੇ ਟੈਸਟ , ਇਲਾਜ ਦੀ ਸਹੂਲਤ ਆਦਿ ਮੁਫਤ ਹੋਵੇਗੀ।
ਸ੍ਰੀ ਅਰਾਈਆਂ ਵਾਲਾ ਨੇ ਇਸ ਮੌਕੇ ਭਗਤੂਆਣਾ ਪਿੰਡ ਦੀ ਫਿਰਨੀ ਤੋਂ ਵਾਟਰ ਵਰਕਸ ਤੱਕ ਪੱਕੀ ਸੜਕ ਬਣਾਉਣ ਦਾ ਐਲਾਨ ਕੀਤਾ। ਉਨ੍ਹਾਂ ਆਪ ਵੀ ਖੂਨ ਦਾਨ ਕੀਤਾ। ਉਨ੍ਹਾਂ ਕਿਹਾ ਕਿ ਖੂਨ ਦਾਨ ਕਰਨਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ ਅਤੇ ਖੂਨਦਾਨ ਕਰਨ ਨਾਲ ਅਸੀਂ ਅਨੇਕਾਂ ਕੀਮਤੀ ਜਾਨਾਂ ਬਚਾ ਸਕਦੇ ਹਾਂ। ਇਸ ਮੌਕੇ ਖੂਨਦਾਨੀਆਂ ਦੀ ਪ੍ਰਸੰਸਾ ਕਰਦਿਆਂ ਡੇਰਾ ਭਾਈ ਭਗਤੂ ਭਗਤੂਆਣਾ ਦੇ ਸੰਚਾਲਕ ਸੰਤ ਕ੍ਰਿਸ਼ਨਾ ਨੰਦ ਸ਼ਾਸ਼ਤਰੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੂਨਦਾਨ ਦੀ ਮੁਹਿੰਮ ਵਿਚ ਵਧ ਚੜ੍ਹ ਕੇ ਆਪਣਾ ਯੋਗਦਾਨ ਪਾਉਣ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਪਿੰਡ ਭਗਤੂਆਣਾ ਵਿਚ ਸਿਵਲ ਡਿਸਪੈਂਸਰੀ ਖੋਲ੍ਹਣ ਦੀ ਮੰਗ ਕੀਤੀ। ਇਸ ਕੈਂਪ ਵਿਚ ਸਿਵਲ ਹਸਪਤਾਲ ਜੈਤੋ ਤੋਂ ਡਾਕਟਰ ਚੇਤਨ ਦਾਸ ਅਤੇ ਕੋਟਕਪੂਰਾ ਤੋਂ ਡਾ. ਮਨਜੀਤ ਸਿੰਘ ਕੱਕੜ ਦੀ ਅਗਵਾਈ ਵਿਚ ਆਈ ਬਲੱਡ ਬੈਂਕ ਟੀਮ ਨੂੰ 25 ਵਿਅਕਤੀਆਂ ਨੇ ਖੂਨ ਦਾਨ ਦਿੱਤਾ ਜਿਨ੍ਹਾਂ ਵਿਚ ਗੰਗਸਰ ਸਪੋਰਟਸ ਕਲੱਬ ਜੈਤੋ ਦੇ ਆਗੂ ਜਸਵਿੰਦਰ ਸਿੰਘ ਜੈਤੋ, ਜੈਤੋ ਦੇ ਸਨਅਤਕਾਰ ਰਵਿੰਦਰ ਕੋਛੜ ਪੱਪੂ, ਗੁਰਪ੍ਰੀਤ ਸਿੰਘ ਮਾਣ੍ਹਾ, ਹਜੂਰਾ ਸਿੰਘ ਅਤੇ ਸੱਤਿਆ ਮਿਤਰਾ ਨੰਦ ਸ਼ਾਮਲ ਸਨ। ਕੈਂਪ ਲਈ ਇੰਦਰਜੀਤ ਸ਼ਰਮਾ, ਪਲਵਿੰਦਰ ਅਰੋੜਾ, ਬਿੱਟੂ ਬਾਦਲ, ਹਰਮਨਜੀਤ ਸਿੰਘ ਬਾਸੀ, ਸਤਿੰਦਰਪਾਲ ਸਿੰਘ ਰੋਮਾਣਾ ਅਤੇ ਪਿੰਡ ਵਾਸੀਆਂ ਨੇ ਵਿਸ਼ੇਸ਼ ਸਹਿਯੋਗ ਦਿੱਤਾ।

No comments:

Post a Comment