Thursday, April 29, 2010

ਬਲਾਕ ਜੈਤੋ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ


ਬਲਾਕ ਜੈਤੋ ਚੋਂ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਹੋਣਹਾਰ ਵਿਦਿਆਰਥੀ ਬੀ. ਪੀ. ਈ. ਓ. ਜੈਤੋ ਸ੍ਰੀ ਦਰਸ਼ਨ ਸਿੰਘ ਜੀਦਾ ਨਾਲ
ਬਲਾਕ ਜੈਤੋ ਦੇ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਵੰਡਣ ਲਈ ਇਥੇ ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਵਿਖੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਬੀ. ਪੀ. ਈ. ਓ. ਜੈਤੋ ਸ੍ਰੀ ਦਰਸ਼ਨ ਸਿੰਘ ਜੀਦਾ ਨੇ ਕੀਤੀ। ਇਸ ਮੌਕੇ ਪੰਜਵੀਂ, ਛੇਵੀਂ, ਸੱਤਵੀਂ ਅਤੇ ਅੱਠਵੀਂ ਜਮਾਤ ਵਿਚੋਂ ਬਲਾਕ 'ਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 2000 ਰੁਪਏ, 1500 ਰੁਪਏ ਅਤੇ 1000 ਰੁਪਏ ਦੇ ਚੈਕ ਪ੍ਰਦਾਨ ਕੀਤੇ ਗਏ। ਚੈਕ ਵੰਡਣ ਦੀ ਰਸਮ ਸ੍ਰੀ ਦਰਸ਼ਨ ਸਿੰਘ ਜੀਦਾ ਨੇ ਅਦਾ ਕੀਤੀ। ਇਨਾਮ ਦੀ ਇਹ ਰਕਮ ਹਾਸਲ ਕਰਨ ਵਾਲਿਆਂ ਵਿਚ ਪੰਜਵੀਂ ਚੋਂ ਬਲਾਕ ਚੋਂ ਫਸਟ ਰਹੇ ਰਾਜਿੰਦਰ ਸਿੰਘ, ਦੂਜਾ ਸਥਾਨ 'ਤੇ ਰਹੇ ਕੁਲਦੀਪ ਕੌਰ ਅਤੇ ਤੀਜੇ ਸਥਾਨ 'ਤੇ ਰਹੇ ਹਰਜਿੰਦਰ ਸਿੰਘ ਸ਼ਾਮਲ ਸਨ। ਛੇਵੀਂ ਜਮਾਤ ਵਿਚੋਂ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਅਮਰੀਕ ਸਿੰਘ, ਨਰੇਸ਼ ਕੁਮਾਰ ਤੇ ਕਰਮਜੀਤ ਕੌਰ, ਸੱਤਵੀਂ ਜਮਾਤ ਦੇ ਜਗਪਾਲ ਸਿੰਘ, ਜਗਦੀਪ ਸਿੰਘ ਤੇ ਸਤਨਾਮ ਸਿੰਘ ਅਤੇ ਅੱਠਵੀਂ ਜਮਾਤ ਦੇ ਗੁਰਪ੍ਰੀਤ ਕੌਰ, ਚਰਨਜੀਤ ਕੌਰ ਅਤੇ ਗੁਰਤੇਜ ਸਿੰਘ ਨੇ ਵੀ ਇਹ ਇਨਾਮ ਹਾਸਲ ਕੀਤਾ। ਇਸ ਸਮਾਗਮ ਵਿਚ ਬਲਾਕ ਕੋਆਰਡੀਨੇਟਰ ਬੂਟਾ ਸਿੰਘ ਰੋਮਾਣਾ, ਬੀ. ਆਰ. ਪੀ. ਮਨਜਿੰਦਰ ਸਿੰਘ, ਮਲਕੀਤ ਸਿੰਘ, ਮਨਿੰਦਰ ਸਿੰਘ, ਸੁਖਵੰਤ ਸਿੰਘ, ਬੀ. ਐਮ. ਟੀ. ਰਣਜੀਤ ਸਿੰਘ, ਸੀ. ਐਮ. ਟੀ. ਦਲਬੀਰ ਸਿੰਘ, ਸੁਖਜੀਤ ਸਿੰਘ, ਮਨਜੀਤ ਸਿੰਘ, ਸੈਂਟਰ ਹੈਡ ਟੀਚਰ ਦਰਸ਼ਨ ਸਿੰਘ, ਗੁਰਚਰਨ ਸਿੰਘ ਅਤੇ ਵਿਦਿਆਰਥੀਆਂ ਦੇ ਮਾਪੇ ਵੀ ਹਾਜਰ ਸਨ।

Wednesday, April 28, 2010

ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਸੁਖਬੀਰ ਸਰਾਵਾਂ ਦਾ ਸਨਮਾਨ


ਡੇਰਾ ਭਾਈ ਭਗਤੂ ਵਿਖੇ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਸੁਖਬੀਰ ਸਰਾਵਾਂ ਦਾ ਸਨਮਾਨ ਕਰਦੇ ਹੋਏ ਸੰਤ ਕ੍ਰਿਸ਼ਨਾ ਨੰਦ ਸ਼ਾਸ਼ਤਰੀ, ਰਣਜੀਤ ਸਿੰਘ ਔਲਖ, ਸੁਖਦੇਵ ਸਿੰਘ ਬਾਠ, ਗੁਰਦਰਸ਼ਨ ਸਿੰਘ ਢਿੱਲੋਂ ਅਤੇ ਹਰਿੰਦਰ ਕੌਰ ਦਬੜ੍ਹੀਖਾਨਾ।
ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਅਤੇ ਭਾਰਤੀ ਕਬੱਡੀ ਟੀਮ ਦੇ ਬਹੁਤ ਹੀ ਫੁਰਤੀਲੇ ਰੇਡਰ ਸੁਖਬੀਰ ਸਰਾਵਾਂ ਦੇ ਮਾਣ ਵਿਚ ਇਥੋਂ ਨੇੜਲੇ ਪਿੰਡ ਭਗਤੂਆਣਾ ਵਿਖੇ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ। ਡੇਰਾ ਭਾਈ ਭਗਤੂ ਵਿਖੇ ਹੋਏ ਇਸ ਸਮਾਗਮ ਵਿਚ ਪਿੰਡ ਦੀ ਪੰਚਾਇਤ, ਸਪੋਰਟਸ ਕਲੱਬ, ਡੇਰੇ ਦੇ ਪ੍ਰਬੰਧਕ ਸੰਤ ਕ੍ਰਿਸ਼ਨਾ ਨੰਦ ਸ਼ਾਸ਼ਤਰੀ ਅਤੇ ਗੰਗਸਰ ਸਪੋਰਟਸ ਕਲੱਬ ਜੈਤੋ ਵੱਲੋਂ ਸੁਖਬੀਰ ਸਰਾਵਾਂ ਨੂੰ ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸੰਤ ਕ੍ਰਿਸ਼ਨਾ ਨੰਦ ਸ਼ਾਸ਼ਤਰੀ ਨੇ ਕਿਹਾ ਕਿ ਸੁਖਬੀਰ ਸਰਾਵਾਂ ਦੇਸ਼ ਅਤੇ ਕਬੱਡੀ ਦਾ ਅਨਮੋਲ ਹੀਰਾ ਹੈ ਅਤੇ ਵਿਸ਼ੇਸ਼ ਕਰਕੇ ਪੰਜਾਬ ਦੇ ਨੌਜਵਾਨਾਂ ਲਈ ਉਹ ਪ੍ਰੇਰਨਾ ਸਰੋਤ ਬਣਿਆ ਹੋਇਆ ਹੈ। ਉਨ੍ਹਾਂ ਸਮੂਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਨਿਰਲੇਪ ਰਹਿ ਕੇ ਖੇਡਾਂ ਨਾਲ ਜੁੜਣ ਅਤੇ ਸੁਖਬੀਰ ਸਰਾਵਾਂ ਵਾਂਗ ਨਾਮਣਾ ਖੱਟਣ ਦੀ ਅਪੀਲ ਕੀਤੀ। ਮਾਰਕੀਟ ਕਮੇਟ ਜੈਤੋ ਦੇ ਚੇਅਰਮੈਨ ਰਣਜੀਤ ਸਿੰਘ ਔਲਖ, ਪੀ. ਏ. ਡੀ. ਬੀ. ਜੈਤੋ ਦੇ ਚੇਅਰਮੈਨ ਗੁਰਦਰਸ਼ਨ ਸਿੰਘ ਢਿੱਲੋਂ, ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰ ਪਰਸਨ ਹਰਿੰਦਰ ਕੌਰ ਦਬੜ੍ਹੀਖਾਨਾ, ਸ਼ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸੁਖਦੇਵ ਸਿੰਘ ਬਾਠ ਨੇ ਸੁਖਬੀਰ ਸਿੰਘ ਸਰਾਵਾਂ ਵੱਲੋਂ ਵਿਸ਼ਵ ਕਬੱਡੀ ਕੱਪ ਵਿਚ ਵਿਖਾਈ ਸ਼ਾਨਦਾਰ ਖੇਡ ਦੀ ਭਰਪੂਰ ਪ੍ਰਸੰਸਾ ਕੀਤੀ। ਸੁਖਬੀਰ ਸਰਾਵਾਂ ਨੇ ਇਸ ਸਨਮਾਨ ਲਈ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਤਰਾਂ ਲੋਕਾਂ ਨੇ ਕਬੱਡੀ ਅਤੇ ਖਿਡਾਰੀਆਂ ਨੂੰ ਪਿਆਰ, ਸਤਿਕਾਰ ਦਿੱਤਾ ਹੈ ਉਸ ਤੋਂ ਇਹ ਉਮੀਦ ਬੱਝੀ ਹੈ ਕਿ ਆਉਣ ਵਾਲੇ ਸਮੇਂ ਵਿਚ ਮਾਂ ਖੇਡ ਕਬੱਡੀ ਦਾ ਘੇਰਾ ਹੋਰ ਵਿਸ਼ਾਲ ਹੋਵੇਗਾ।
ਇਸ ਸਮਾਗਮ ਵਿਚ ਪਿੰਡ ਦੇ ਸਰੰਪਚ ਅੰਗਰੇਜ਼ ਸਿੰਘ, ਗੰਗਸਰ ਸਪੋਰਟਸ ਕਲੱਬ ਜੈਤੋ ਦੇ ਆਗੂ ਜਸਵਿੰਦਰ ਸਿੰਘ ਜੈਤੋ, ਦਵਿੰਦਰ ਬਾਬੂ ਤੇ ਹਰਦਮ ਸਿੰਘ ਮਾਨ, ਸੁਖਬੀਰ ਸਰਾਵਾਂ ਦੇ ਭਰਾ ਸੇਵਕ ਸਿੰਘ, ਮਨਜਿੰਦਰ ਸਿੰਘ, ਜਸਵਿੰਦਰ ਸਿੰਘ ਸਰਾਂ, ਸਰਪੰਚ ਕਾਲਾ ਮੌੜ ਨਰੈਣਗੜ੍ਹ, ਸੱਤਿਆ ਮਿਤਰਾਨੰਦ, ਬਾਬਾ ਹਜੂਰਾ ਸਿੰਘ, ਰਵਿੰਦਰਪਾਲ ਐਡਵੇਕੇਟ, ਸਾਹਿਬ ਸਿੰਘ ਮੌੜ, ਸ਼ਿੰਦਰਪਾਲ ਸਿੰਘ ਮਾਨ, ਗੁਰਜੀਤ ਸਿੰਘ ਦੁੱਲਟ, ਸਰੂਪਇੰਦਰ ਸਿੰਘ ਦੁੱਲਟ, ਹਰਮਨਪੀ੍ਰਤ ਸਿੰਘ ਬਾਸੀ, ਕਿਸਾਨ ਆਗੂ ਨੈਬ ਸਿੰਘ ਭਗਤੂਆਣਾ, ਸਤਿੰਦਰ ਸਿੰਘ ਰੋਮਾਣਾ, ਚਮਕੌਰ ਸਿੰਘ ਸੰਧੂ, ਸਰਪੰਚ ਜਗਤਾਰ ਸਿੰਘ ਫਤਹਿਗੜ੍ਹ, ਡਾ. ਗੁਰਚਰਨ ਸਿੰਘ ਭਗਤੂਆਣਾ ਅਤੇ ਖੇਡ ਲੇਖਕ ਰਮੇਸ਼ ਭਗਤੂਆਣਾ ਵੀ ਮੌਜੂਦ ਸਨ।

Monday, April 26, 2010

ਨਜਾਇਜ਼ ਕਬਜ਼ਿਆਂ ਕਾਰਨ ਜੈਤੋ ਦੇ ਚੌੜੇ ਬਾਜ਼ਾਰ ਵੀ ਭੀੜੇ ਭੀੜੇ ਜਾਪਦੇ



ਜੈਤੋ ਵਿਚ ਪਾਰਕਿੰਗ ਸਥਾਨ ਨਾ ਹੋਣ ਕਾਰਨ ਚੌਕ ਨੰਬਰ ਇਕ ਵਿਚ ਆਵਾਜਾਈ ਲਈ ਵਿਘਨ ਪਾ ਰਹੇ ਟਰੈਕਟਰ-ਟਰਾਲੀਆਂ, ਕਾਰਾਂ, ਰੇਹੜੀਆਂ, ਰਿਕਸ਼ੇ ਆਦਿ।
ਜੈਤੋ ਸ਼ਹਿਰ ਵਿਚ ਨਜਾਇਜ਼ ਕਬਜ਼ਿਆਂ ਉਪਰ ਕੋਈ ਰੋਕ ਟੋਕ ਨਾ ਹੋਣ ਕਾਰਨ ਅਤੇ ਵਾਹਨਾਂ ਲਈ ਪਾਰਕਿੰਗ ਦੀ ਕੋਈ ਸਹੂਲਤ ਨਾ ਹੋਣ ਕਾਰਨ ਸ਼ਹਿਰ ਦੇ ਖੁੱਲ੍ਹੇ ਚੌੜੇ ਬਾਜ਼ਾਰ ਵੀ ਦਿਨੋ ਦਿਨ ਭੀੜੇ ਹੋ ਰਹੇ ਹਨ। ਨਤੀਜੇ ਵਜੋਂ ਬਾਜ਼ਾਰਾਂ ਵਿਚੋਂ ਲੰਘਣਾ ਵੀ ਕਈ ਵਾਰ ਤਾਂ ਬਹੁਤ ਮੁਸ਼ਕਲ ਹੋ ਜਾਂਦਾ ਹੈ। ਨਜਾਇਜ਼ ਕਬਜ਼ੇ ਹਟਾਉਣ ਲਈ ਬੇਸ਼ੱਕ ਡਿਪਟੀ ਕਮਿਸ਼ਨਰ ਫ਼ਰੀਦਕੋਟ ਦਾ ਹੁਕਮ ਹੋਵੇ ਜਾਂ ਕਿਸੇ ਹੋਰ ਵੱਡੇ ਅਧਿਕਾਰੀ ਦਾ, ਇਸ ਸ਼ਹਿਰ ਦੀ ਇਹ ਪਰੰਪਰਾ ਰਹੀ ਹੈ ਕਿ ਸਥਾਨਕ ਅਧਿਕਾਰੀ ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜਨ ਦਾ ਕੰਮ ਹੀ ਕਰਦੇ ਹਨ ਅਤੇ ਕਦੇ ਵੀ ਇਥੇ ਨਜਾਇਜ਼ ਕਬਜ਼ਾਕਾਰਾਂ ਵਿਰੁੱਧ ਕਿਸੇ ਨੇ ਸਖਤੀ ਨਹੀਂ ਵਰਤੀ। ਹਾਲਤ ਇਹ ਹੈ ਕਿ ਸ਼ਹਿਰ ਦੇ 30- 30 ਫੁੱਟ ਚੌੜੇ ਬਜ਼ਾਰਾਂ ਵਿਚ ਦੁਕਾਨਦਾਰਾਂ ਨੇ ਦੋਹੀਂ ਪਾਸੀਂ 5-5 ਫੁੱਟ ਦੇ ਥੜ੍ਹੇ ਸਥਾਈ ਤੌਰ ਤੇ ਬਣਾਏ ਹੋਏ ਹਨ ਅਤੇ ਇਨ੍ਹਾਂ ਥੜ੍ਹਿਆਂ ਤੋਂ ਅੱਗੇ ਦੋ ਦੋ ਫੁੱਟ ਪੌੜੀਆਂ ਹਨ ਅਤੇ ਪੌੜੀਆਂ ਤੋਂ ਅੱਗੇ ਦੁਕਾਨਾਂ ਦੇ ਚੱਕਵੇਂ ਬੋਰਡ ਆਦਿ ਰੱਖੇ ਹੋਏ ਹਨ। ਇਸ ਤਰਾਂ ਲੋਕਾਂ ਦੇ ਅਤੇ ਵਾਹਨਾਂ ਦੇ ਲੰਘਣ ਲਈ ਮਸਾਂ 15-16 ਫੁਟ ਜਗ੍ਹਾ ਬਚਦੀ ਹੈ ਅਤੇ Àਸ ਵਿਚ ਵੀ ਸਕੂਟਰ , ਮੋਟਰਸਾਈਕਲ, ਸਾਈਕਲ, ਕਾਰਾਂ, ਜੀਪਾਂ ਖੜ੍ਹੀਆਂ ਹੋਣ ਕਰਕੇ ਆਵਾਜਾਈ ਲਈ ਬਹੁਤ ਸਮੱਸਿਆ ਪੈਦਾ ਹੋ ਜਾਂਦੀ ਹੈ।
ਸ਼ਹਿਰ ਦਾ ਚੌਕ ਨੰਬਰ ਇਕ, ਚੈਨਾ ਬਾਜ਼ਾਰ, ਰੇਲਵੇ ਬਾਜ਼ਾਰ, ਬਿਸ਼ਨੰਦੀ ਬਾਜ਼ਾਰ, ਮੇਨ ਬਾਜ਼ਾਰ, ਬਾਜਾ ਰੋਡ ਆਦਿ ਬਹੁਤ ਹੀ ਚੌੜੇ ਬਾਜ਼ਾਰ ਹਨ ਪਰ ਨਜਾਇਜ਼ ਕਬਜ਼ਿਆਂ ਕਾਰਨ ਇਹ ਬਾਜ਼ਾਰ ਭੀੜੇ ਭੀੜੇ ਜਾਪਦੇ ਹਨ। ਚੌਕ ਨੰਬਰ ਇਕ ਵਿਚ ਅਵਾਰਾ ਪਸ਼ੂਆਂ, ਰਿਕਸ਼ਿਆਂ, ਟਰੈਕਟਰ-ਟਰਾਲੀਆਂ, ਰੇਹੜੀਆਂ, ਕਾਰਾਂ ਅਤੇ ਹੋਰ ਵਾਹਨਾਂ ਦੇ ਖੜ੍ਹਨ ਨਾਲ ਆਵਾਜਾਈ ਦੀ ਸਮੱਸਿਆ ਅਕਸਰ ਹੀ ਬਣੀ ਰਹਿੰਦੀ ਹੈ। ਬਾਜਾ ਰੋਡ 'ਤੇ ਸਟੇਟ ਬੈਂਕ ਆਫ ਪਟਿਆਲਾ ਦੇ ਸਾਹਮਣੇ ਤਾਂ ਹਰ 15 ਮਿੰਟ ਬਾਅਦ ਟਰੈਫਿਕ ਜਾਮ ਦਾ ਦ੍ਰਿਸ਼ ਵੇਖਿਆ ਜਾ ਸਕਦਾ ਹੈ। ਰਾਮ ਗਰਾਊਂਡ ਵਾਲੀ ਸੜਕ ਸਬਜ਼ੀ ਰੇਹੜੀਆਂ ਵਾਲਿਆਂ ਨੇ ਰੋਕੀ ਹੁੰਦੀ ਹੈ। ਸ਼ਹਿਰ ਦੀ ਪ੍ਰਮੁੱਖ ਰੋਡ (ਮੁਕਤਸਰ ਰੋਡ) ਉਪਰ ਰੇਤਾ ਆਦਿ ਪਿਆ ਹੋਣ ਕਾਰਨ ਹਰ ਪਲ ਧੂੜ ਹੀ ਉਡਦੀ ਰਹਿੰਦੀ ਹੈ। ਸ਼ਹਿਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਿਚ ਟਰੈਫਿਕ ਦਾ ਸੁਚਾਰੂ ਪ੍ਰਬੰਧ ਚਲਾਉਣ ਲਈ ਸ਼ਹਿਰ ਚੋਂ ਨਜ਼ਾਇਜ਼ ਕਬਜ਼ੇ ਸਖਤੀ ਨਾਲ ਹਟਾਏ ਜਾਣ ਅਤੇ ਵੱਡੇ ਵਾਹਨਾਂ ਲਈ ਸ਼ਹਿਰ ਦੇ ਬਾਹਰਵਾਰ ਪਾਰਕਿੰਗ ਸਥਾਨ ਬਣਾ ਕੇ ਲੋਕਾਂ ਨੂੰ ਦਰਪੇਸ਼ ਨਿੱਤ ਦਿਨ ਦੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਈ ਜਾਵੇ।

ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ


ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਜੈਤੋ ਦੇ ਹੋਣਹਾਰ ਬੱਚਿਆਂ ਨੂੰ ਬੈਚ ਪਹਿਨਾਉਂਦੇ ਹੋਏ ਸਕੂਲ ਦੀ ਪ੍ਰਿੰਸੀਪਲ ਡਿੰਪਲ ਢਿੱਲੋਂ ਅਤੇ ਗੁਰਦੇਵ ਸਿੰਘ ਬਾਦਲ ।
ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਥੇ ਕੋਟਕਪੂਰਾ ਸੜਕ ਤੇ ਚਲਾਏ ਜਾ ਰਹੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦੇ ਨਵੇਂ ਸੈਸ਼ਨ ਦੀ ਸ਼ੁਰੂ ਅੱਜ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਉਪਰੰਤ ਹੋਈ। ਇਸ ਸਮਾਗਮ ਵਿਚ ਵੇਸ਼ੇ ਤੌਰ ਤੇ ਪਹੁੰਚੇ ਸਾਬਕਾ ਖੇਤੀਬਾੜੀ ਮੰਤਰੀ ਗੁਰਦੇਵ ਸਿੰਘ ਬਾਦਲ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੰਦਿਆਂ ਸਖਤ ਮਿਹਨਤ ਕਰਨ ਅਤੇ ਪੂਰੀ ਲਗਨ ਨਾਲ ਵਿਦਿਆ ਹਾਸਲ ਕਰਨ ਦੀ ਪ੍ਰੇਰਨਾ ਦਿੱਤੀ। ਸਮਾਗਮ ਵਿਚ ਸ਼ਰੋਮਣੀ ਕਮੇਟੀ ਮੈਂਬਰ ਨਾਜਰ ਸਿੰਘ ਸਰਾਵਾਂ ਤੇ ਸੁਖੇਦਵ ਸਿੰਘ ਬਾਠ ਤੋਂ ਇਲਾਵਾ ਸ਼ਰਮੋਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਗੁਰਮੀਤ ਸਿੰਘ ਵਿੱਕੀ ਬਰਾੜ, ਨਗਰ ਕੌਂਸਲਰ ਜਸਵੰਤ ਸਿੰਘ ਰਾਮਗੜ੍ਹੀਆ, ਮੁਕੰਦ ਸਿੰਘ ਸਰਾਵਾਂ ਅਤੇ ਲੋਕਲ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਪ੍ਰਧਾਨ ਸਿੰਘ ਮੱਕੜ ਤੋਂ ਇਲਾਵਾ ਇਲਾਕੇ ਦੇ ਹੋਰ ਕਈ ਪਤਵੰਤੇ ਮੌਜੂਦ ਸਨ। ਸਕੂਲ ਦੀ ਪ੍ਰਿੰਸੀਪਲ ਡਿੰਪਲ ਢਿੱਲੋਂ ਨੇ ਆਏ ਮਹਿਮਾਨਾਂ, ਬੱਚਿਆਂ ਦੇ ਮਾਪਿਆਂ ਅਤੇ ਬੱਚਿਆਂ ਨੂੰ ਜੀ ਆਇਆਂ ਕਿਹਾ। ਇਸ ਮੌਕੇ ਹਰੇਕ ਜਮਾਤ ਵਿਚੋਂ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਬੈਚ ਪਹਿਨਾ ਕੇ ਪ੍ਰਿੰਸੀਪਲ ਢਿੱਲੋਂ ਅਤੇ ਗੁਰਦੇਵ ਸਿੰਘ ਬਾਦਲ ਨੇ ਉਨ੍ਹਾਂ ਦਾ ਸਨਮਾਨ ਕੀਤਾ। ਸਕੂਲ ਦੇ ਅਧਿਆਪਕ ਸਟਾਫ ਵਿਚ ਸ਼ਾਮਲ ਮੈਡਮ ਕੁਲਵਿੰਦਰ ਕੌਰ, ਰਵਨੀਤ ਕੌਰ, ਸੁਖਜੀਤ ਕੌਰ, ਸ਼ਵਿਤਾ ਅਰੋੜਾ, ਨਿਮਰਤਾ ਗੋਇਲ, ਅਮਰਜੀਤ ਸਿੰਘ, ਗੁਰਤੇਜ ਸਿੰਘ ਅਤੇ ਅਰਸ਼ਦੀਪ ਸ਼ਰਮਾ ਨੇ ਨਵੇਂ ਸਾਲ ਦੌਰਾਨ ਬੱਚਿਆਂ ਦੀ ਚੰਗੇਰੀ ਸਿਹਤ ਅਤੇ ਵਿਦਿਆ ਲਈ ਕਾਮਨਾ ਕੀਤੀ।

Sunday, April 25, 2010

ਜੇਲ੍ਹਾਂ ਭਰਨ ਵੇਲੇ ਜੱਫੇ ਤੇ ਰਿਆਇਤਾਂ ਵੇਲੇ ਧੱਫੇ



ਆਪਣੀ ਜੇਲ੍ਹ ਯਾਤਰਾ ਦਾ ਸਰਟੀਫੀਕੇਟ ਵਿਖਾਉਂਦੇ ਹੋਏ ਦਲ ਸਿੰਘ ਵਾਲਾ ਦੇ ਟਕਸਾਲੀ ਅਕਾਲੀ ਵਰਕਰ ਗੁਰਦੀਪ ਸਿੰਘ

ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਲਈ 2003 ਵਿਚ ਜੇਲ੍ਹ ਕੱਟਣ ਵਾਲੇ ਪਿੰਡ ਦਲ ਸਿੰਘ ਵਾਲਾ ਦੇ ਇਕ ਟਕਸਾਲੀ ਅਕਾਲੀ ਵਰਕਰ ਨੇ ਮੌਜੂਦਾ ਸਰਕਾਰ ਦੌਰਾਨ ਅਕਾਲੀ ਵਰਕਰਾਂ ਦੀ ਕੋਈ ਪੁੱਛ ਗਿੱਛ ਨਾ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਇਸ ਕਾਰਨ ਆਮ ਤੇ ਗਰੀਬ ਅਕਾਲੀ ਵਰਕਰ ਬੇਹੱਦ ਨਿਰਾਸ਼ ਹਨ। ਇਥੇ ਪੱਤਰਕਾਰਾਂ ਨੂੰ ਆਪਣੀ ਜੇਲ੍ਹ ਯਾਤਰਾ ਦਾ ਸਰਟੀਫੀਕੇਟ ਵਿਖਾਉਂਦਿਆਂ 70 ਸਾਲਾ ਬਜ਼ੁਰਗ ਅਕਾਲੀ ਵਰਕਰ ਗੁਰਦੀਪ ਸਿੰਘ ਪੁੱਤਰ ਬੂੜ ਸਿੰਘ ਨੇ ਦੱਸਿਆ ਹੈ ਕਿ 2003 ਵਿਚ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ ਤਾਂ ਉਸ ਨੇ ਪਾਰਟੀ ਦੇ ਹੁਕਮਾਂ ਦੀ ਪਾਲਣਾਂ ਕਰਦਿਆਂ ਆਪਣੇ 6 ਹੋਰਨਾਂ ਸਾਥੀਆਂ ਨਾਲ ਸਰਕਲ ਦਿਹਾਤੀ ਜੈਤੋ ਦੇ ਤੱਤਕਾਲੀ ਪ੍ਰਧਾਨ ਜੱਥੇਦਾਰ ਅਜੈਬ ਸਿੰਘ ਦਲ ਸਿੰਘ ਵਾਲਾ ਦੀ ਅਗਵਾਈ ਵਿਚ ਲੌਂਗੋਵਾਲ ਥਾਣੇ ਵਿਚ ਮਿਤੀ 1.12. 2003 ਨੂੰ ਗ੍ਰਿਫਤਾਰੀ ਦਿੱਤੀ ਸੀ ਅਤੇ ਉਨ੍ਹਾਂ ਨੂੰ 9 ਦਿਨ ਸੰਗਰੂਰ ਜੇਲ੍ਹ ਵਿਚ ਰੱਖਿਆ ਗਿਆ ਸੀ। ਜਦੋਂ ਉਹ ਜੇਲ੍ਹ ਵਿਚ ਤਾਂ ਦਲ ਦੇ ਸੀਨੀਅਰ ਆਗੂ ਸੁਖੇਦਵ ਸਿੰਘ ਢੀਂਡਸਾ ਨੇ ਜੇਲ੍ਹ ਵਿਚ ਮੁਲਾਕਾਤ ਦੌਰਾਨ ਕਿਹਾ ਕਿ ਅਕਾਲੀ ਸਰਕਾਰ ਆਉਣ 'ਤੇ ਉਨ੍ਹਾਂ ਨੂੰ ਵਿਸ਼ੇਸ਼ ਰਿਆਇਤਾਂ ਦਿੱਤੀਆਂ ਜਾਣਗੀਆਂ।
ਗੁਰਦੀਪ ਸਿੰਘ ਨੇ ਕਿਹਾ ਕਿ ਮੌਜੂਦਾ ਅਕਾਲੀ ਸਰਕਾਰ ਹੋਂਦ ਵਿਚ ਆਇਆਂ ਸਵਾ ਤਿੰਨ ਸਾਲ ਹੋ ਗਏ ਹਨ ਪਰ ਇਸ ਸਮੇਂ ਦੌਰਾਨ ਉਨ੍ਹਾਂ ਦੀ ਕਿਸੇ ਆਗੂ ਨੇ ਬਾਤ ਨਹੀਂ ਪੁੱਛੀ। ਵਿਸ਼ੇਸ਼ ਸਹੂਲਤਾਂ ਤਾਂ ਕੀ ਮਿਲਣੀਆਂ ਸਨ ਸਗੋਂ ਕੈਪਟਨ ਸਰਕਾਰ ਵੇਲੇ ਉਨ੍ਹਾਂ ਦੀ ਬੁਢਾਪਾ ਪੈਨਸ਼ਨ ਪਾਰਟੀਬਾਜ਼ੀ ਕਰਕੇ ਕੱਟ ਦਿੱਤੀ ਗਈ ਸੀ, ਉਹ ਵੀ ਇਸ ਸਰਕਾਰ ਵੱਲੋਂ ਅਜੇ ਤੱਕ ਬਹਾਲ ਨਹੀਂ ਕੀਤੀ ਗਈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਸੰਗਰੂਰ ਜੇਲ੍ਹ ਦੇ ਸੁਪਰਡੈਂਟ ਵੱਲੋਂ ਦਿੱਤਾ ਗਿਆ ਸਰਟੀਫੀਕੇਟ ਲੈ ਕੇ ਮੁੱਖ ਮੰਤਰੀ ਸ. ਬਾਦਲ ਨੂੰ ਉਨ੍ਹਾਂ ਦੀ ਚੰਡੀਗੜ੍ਹ ਸਰਕਾਰੀ ਕੋਠੀ ਵਿਚ ਮਿਲੇ ਸਨ ਤਾਂ ਸ. ਬਾਦਲ ਨੇ ਅਗਲੇ ਦਿਨ ਆਉਣ ਦਾ ਬਹਾਨਾ ਲਾ ਦਿੱਤਾ ਸੀ। ਫਿਰ ਉਨ੍ਹਾਂ ਫ਼ਰੀਦਕੋਟ ਵਿਖੇ ਆਏ ਸ਼ਰਮੋਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਆਪਣੀ ਸਾਰੀ ਕਹਾਣੀ ਦੱਸੀ ਅਤੇ ਉਨ੍ਹਾਂ ਵੀ ਅਜੇ ਤੱਕ ਕੁਝ ਨਹੀਂ ਕੀਤਾ। ਸ਼ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਮਨਤਾਰ ਸਿੰਘ ਬਰਾੜ ਨੇ ਵੀ ਉਨ੍ਹਾਂ ਦੀ ਬਾਂਹ ਨਹੀਂ ਫੜੀ। ਉਨ੍ਹਾਂ ਬੜੇ ਦੁੱਖ ਨਾਲ ਕਿਹਾ ਕਿ ਵੱਡੇ ਅਕਾਲੀ ਆਗੂਆਂ ਨੂੰ ਜੇਲ੍ਹਾਂ ਭਰਨ ਵੇਲੇ ਤਾਂ ਅਕਾਲੀ ਵਰਕਰ ਯਾਦ ਆ ਜਾਂਦੇ ਹਨ ਪਰ ਅਕਾਲੀ ਸਰਕਾਰ ਆਉਣ ਤੇ ਇਨ੍ਹਾਂ ਵਰਕਰਾਂ ਦੀ ਕੋਈ ਸਾਰ ਨਹੀਂ ਲੈਂਦਾ। ਉਨ੍ਹਾਂ ਦੱਸਿਆ ਕਿ ਉਹ ਨਾਲ ਜੇਲ੍ਹ ਕੱਟਣ ਵਾਲੇ ਪਿੰਡ ਦਲ ਸਿੰਘ ਵਾਲਾ ਦੇ ਦੋ ਅਕਾਲੀ ਵਰਕਰ ਸਹੂਲਤਾਂ ਨੂੰ ਉਡੀਕਦੇ ਉਡੀਕਦੇ ਇਸ ਸੰਸਾਰ ਤੋਂ ਕੂਚ ਕਰ ਗਏ ਹਨ। ਉਨ੍ਹਾਂ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਉਹ ਆਪਣੇ ਵਾਅਦੇ ਅਨੁਸਾਰ ਟਕਸਾਲੀ ਵਰਕਰਾਂ ਲਈ ਕੋਈ ਸਰਕਾਰੀ ਸਹੂਲਤਾਂ ਉਪਲਬਧ ਕਰਵਾਉਣ।-ਰਿਪੋਰਟ- ਕਰਮਜੀਤ ਮਾਨ

Wednesday, April 21, 2010

ਪ੍ਰਦੂਸ਼ਣ ਅੱਜ ਦੇ ਪੰਜਾਬ ਦੀ ਮੁੱਖ ਸਮਾਜਿਕ ਸਮੱਸਿਆ -ਤਰਕਸ਼ੀਲ ਆਗੂ

ਤਰਕਸ਼ੀਲ ਸੁਸਾਇਟੀ ਜੈਤੋ ਦੀ ਮੀਟਿੰਗ ਇਥੇ ਤਰਕਸ਼ੀਲ ਦਫਤਰ ਵਿਚ ਹੋਈ ਜਿਸ ਵਿਚ ਸੂਬਾਈ ਆਗੂ ਹੇਮ ਰਾਜ ਸਟੈਨੋ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਮੀਟਿੰਗ ਵਿਚ ਪੰਜਾਬ ਦੇ ਵਿਗੜ ਰਹੇ ਵਾਤਾਵਰਣ ਉਪਰ ਚਰਚਾ ਕਰਦਿਆਂ ਹੇਮ ਰਾਜ ਸਟੈਨੋ ਨੇ ਕਿਹਾ ਕਿ ਵਧ ਰਿਹਾ ਪ੍ਰਦੂਸ਼ਣ ਪੰਜਾਬ ਦੀ ਅੱਜ ਮੁੱਖ ਸਮਾਜਿਕ ਸਮੱਸਿਆ ਬਣ ਚੁੱਕਿਆ ਹੈ। ਇਸ ਸਮੇਂ ਪੰਜਾਬ ਦੇ ਬਹੁਤੇ ਹਿੱਸੇ ਦਾ ਪਾਣੀ ਏਨਾ ਗੰਦਾ ਹੋ ਚੁੱਕਿਆ ਹੈ ਕਿ ਇਸ ਨੂੰ ਪੀਣ ਦਾ ਮਤਲਬ ਪੀਲੀਆ ਅਤੇ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਨੂੰ ਬੁਲਾਵਾ ਦੇਣਾ ਹੈ। ਮਾਨਯੋਗ ਅਦਾਲਤਾਂ ਵੱਲੋਂ ਵੀ ਵਧਦੇ ਇਸ ਪ੍ਰਦੂਸ਼ਣ ਦੇ ਮੱਦੇਨਜ਼ਰ ਕਈ ਵਾਰ ਸਰਕਾਰਾਂ ਨੂੰ ਹਦਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਸਨਅਤੀ ਕਚਰਾ ਅਤੇ ਗੰਦਾ ਪਾਣੀ ਨਦੀਆਂ, ਨਹਿਰਾਂ ਵਿਚ ਸੁੱਟਣ ਵਾਲੀਆਂ ਸਨਅਤੀ ਇਕਾਈਆਂ ਦੇ ਵਿਰੁੱਧ ਅਦਾਲਤਾਂ ਕਈ ਵਾਰ ਸਪੱਸ਼ਟ ਦਿਸ਼ਾ-ਨਿਰਦੇਸ਼ ਵੀ ਜਾਰੀ ਕਰ ਚੁੱਕੀਆਂ ਹਨ ਪਰ ਇਸ ਦੇ ਬਾਵਜੂਦ ਵੀ ਸੰਬੰਧਿਤ ਸਨਅਤਕਾਰਾਂ ਵੱਲੋਂ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਭਰਿਆ ਗਿਆ। ਉਨ੍ਹਾਂ ਕਿਹਾ ਕਿ ਇਹ ਸਮੱਸਿਆ ਸੱਚਮੁੱਚ ਬਹੁਤ ਗੰਭੀਰ ਹੈ। ਇਹ ਪ੍ਰਦੂਸ਼ਣ ਸਾਰੇ ਪੰਜਾਬ ਵਿਚ ਹੀ ਵੱਡੀ ਪੱਧਰ 'ਤੇ ਫੈਲ ਰਿਹਾ ਹੈ ਅਤੇ ਸਨਅਤੀ ਇਕਾਈਆਂ ਦਾ ਗੰਦਾ ਪਾਣੀ ਪੰਜਾਬ ਦੇ ਵਡਮੁੱਲੇ ਜਲ-ਸੋਮਿਆਂ ਵਿਚ ਅੰਨ੍ਹੇਵਾਹ ਸੁੱਟਿਆ ਜਾ ਰਿਹਾ ਹੈ। ਇਸ ਨਾਲ ਰਾਜ ਦੇ ਸਮੁੱਚੇ ਵਾਤਾਵਰਨ 'ਤੇ ਗੰਭੀਰ ਖ਼ਤਰਾ ਮੰਡਰਾਉਣ ਲੱਗਾ ਹੈ।ਲੋਕਾਂ ਦੀ ਸਿਹਤ ਵੀ ਖ਼ਤਰੇ ਵਿਚ ਪੈ ਗਈ ਹੈ। ਜੇਕਰ ਜੀਵਨ ਹੋਂਦ ਲਈ ਜ਼ਰੂਰੀ ਪਾਣੀ ਹੀ ਗੰਧਲਾ ਹੋ ਗਿਆ ਤਾਂ ਲੋਕ ਸਿਹਤਮੰਦ ਜ਼ਿੰਦਗੀ ਕਿਵੇਂ ਜੀਅ ਸਕਣਗੇ? ਇਨ੍ਹਾਂ ਖ਼ਤਰਿਆਂ ਅਤੇ ਨਿੱਘਰੇ ਇਸ ਮਾਹੌਲ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰਾਂ ਲਈ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਉਹ ਇਸ ਮੁਹਾਜ਼ 'ਤੇ ਜੰਗੀ ਪੱਧਰ 'ਤੇ ਕਾਰਵਾਈ ਕਰਨ ਅਤੇ ਲੋਕਾਂ ਨੂੰ ਪ੍ਰਦੂਸ਼ਣ ਤੋਂ ਰਾਹਤ ਦਿਵਾਉਣ।
ਤਰਕਸ਼ੀਲ ਸੁਸਾਇਟੀ ਜੈਤੋ ਦੇ ਆਗੂ ਰਾਵਿੰਦਰ ਰਾਹੀ ਅਤੇ ਗੁਰਦੀਪ ਸਿੰਘ ਨੇ ਕਿਹਾ ਕਿ ਪਾਣੀ ਵਿਚ ਕੇਵਲ ਰਸਾਇਣਕ ਖਾਦਾਂ, ਕੀਟਨਾਸ਼ਕ ਦਵਾਈਆਂ ਅਤੇ ਹੋਰ ਜ਼ਹਿਰੀਲੀਆਂ ਵਸਤਾਂ ਹੀ ਨਹੀਂ ਮਿਲੀਆਂ ਹੋਈਆਂ ਬਲਕਿ ਮਰਕਰੀ ਅਤੇ ਆਰਸੈਨਿਕ ਵਰਗੀਆਂ ਭਾਰੀਆਂ ਧਾਤਾਂ ਵੀ ਕਿਤੇ ਵਧ ਚੁੱਕੀਆਂ ਹਨ ਜੋ ਮਨੁੱਖੀ ਸਰੀਰ ਨੂੰ ਘੁਣ ਵਾਂਗ ਖਾ ਰਹੀਆਂ ਹਨ। ਇਸੇ ਤਰ੍ਹਾਂ ਪੰਜਾਬ ਦੇ ਲਗਭਗ 129 ਸ਼ਹਿਰਾਂ ਅਤੇ ਕਸਬਿਆਂ ਦੇ ਸੀਵਰੇਜ ਦਾ ਪਾਣੀ ਹੋਰ ਰੋਜ਼ 650 ਐਮ. ਐਲ. ਡੀ. ਗੰਦ-ਮੰਦ ਕੱਢ ਰਿਹਾ ਹੈ ਜੋ ਪੀਣ ਵਾਲੇ ਪਾਣੀ ਨੂੰ ਬੁਰੀ ਤਰ੍ਹਾਂ ਗੰਧਲਾ ਕਰ ਰਿਹਾ ਹੈ। ਸਾਡੀਆਂ ਸਾਰੀਆਂ ਪ੍ਰਮੁੱਖ ਨਦੀਆਂ ਅਤੇ ਦਰਿਆ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕੇ ਹਨ। ਬਹੁਤੀਆਂ ਸਥਿਤੀਆਂ ਵਿਚ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇ ਉਪਰਾਲੇ ਮਹਿਜ਼ ਕਾਗਜ਼ਾਂ ਤੱਕ ਹੀ ਸੀਮਤ ਹਨ। ਥਾਂ-ਥਾਂ ਲੱਗੇ ਕੂੜੇ ਦੇ ਢੇਰ ਅਤੇ ਪਲਾਸਟਿਕ ਦੇ ਲਿਫਾਫੇ ਸਿਵਾਏ ਬਿਮਾਰੀਆਂ ਦੇ ਵਾਧੇ ਦੇ ਹੋਰ ਕੁਝ ਵੀ ਨਹੀਂ ਕਰ ਰਹੇ। ਇਹ ਸਾਰਾ ਪ੍ਰਦੂਸ਼ਣ ਬੀਮਾਰ ਸਮਾਜ ਦੀ ਹੀ ਸਿਰਜਣਾ ਕਰ ਰਿਹਾ ਹੈ।

ਪੰਜਾਬ ਦੇ ਬੁੱਧੀਜੀਵੀਆਂ ਨੂੰ ਜਾਗਣ ਦੀ ਅਪੀਲ

ਫਰੀਡਮ ਫਾਈਟਰਜ਼ ਆਰਗੇਨਾਈਜੇਸ਼ਨ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਮਾਸਟਰ ਕਰਤਾ ਸੇਵਕ ਨੇ ਪੰਜਾਬ ਦੇ ਬੁੱਧੀਜੀਵੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਮਾਜ ਵਿਚ ਹੋ ਰਹੇ ਜਬਰ ਅਤੇ ਧੱਕੇਸ਼ਾਹੀ ਵਿਰੁੱਧ ਆਵਾਜ਼ ਬੁਲੰਦ ਕਰਕੇ ਲੋਕਾਂ ਦੀ ਯੋਗ ਅਗਵਾਈ ਕਰਨ। ਉਨ੍ਹਾਂ ਕਿਹਾ ਕਿ ਅੱਜ ਸਾਡੇ ਇਰਦ ਗਿਰਦ ਜੋ ਕੁੱਝ ਵਾਪਰ ਰਿਹਾ ਹੈ ਉਸ ਬਾਰੇ ਸਭ ਕੁੱਝ ਗਿਆਨ ਹੁੰਦਿਆਂ ਹੋਇਆਂ ਵੀ ਬੁੱਧੀਜੀਵੀਆਂ ਨੂੰ ਚੁੱਪ ਨਹੀਂ ਰਹਿਣਾ ਚਾਹੀਦਾ ਸਗੋਂ ਅਜਿਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰਕੇ ਲੋਕਾਂ ਨੂੰ ਸਹੀ ਦਿਸ਼ਾ ਅਤੇ ਦਸ਼ਾ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ। ਬਜ਼ੁਰਗ ਆਜ਼ਾਦੀ ਘੁਲਾਟੀਏ ਨੇ ਕਿਹਾ ਕਿ ਰੁਜ਼ਗਾਰ ਦੀ ਪ੍ਰਾਪਤੀ ਲਈ ਕੰਵਲਜੀਤ ਕੌਰ ਵਰਗੇ ਨੌਜਵਾਨਾਂ ਵੱਲੋਂ ਆਪਣੇ ਜੀਵਨ ਦੀ ਅਹੂਤੀ ਦੇ ਦੇਣੀ ਅੱਜ ਦੇ ਸਮਾਜ ਅਤੇ ਸਰਕਾਰਾਂ ਉਪਰ ਬਹੁਤ ਵੱਡੀ ਲਾਹਨਤ ਹੈ ਪਰ ਸਰਕਾਰ ਦੇ ਨੁਮਾਇੰਦਿਆਂ ਨੇ ਸਰਕਾਰੀ ਖਜ਼ਾਨੇ ਵਿਚੋਂ ਰਕਮ ਦੇ ਕੇ ਹੀ ਉਸ ਦੇ ਪਰਿਵਾਰ ਦੀਆਂ ਅੱਖਾਂ ਪੂੰਝ ਦੇਣ ਨੂੰ ਆਪਣਾ ਫਰਜ਼ ਸਮਝਿਆ ਹੈ ਜਦੋਂ ਕਿ ਉਸ ਦੇ ਸ਼ਰਧਾਂਜ਼ਲੀ ਸਮਾਗਮ ਵਿਚ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਸ਼ਾਮਲ ਨਹੀਂ ਹੋਇਆ। ਉਨ੍ਹਾਂ ਬੜੇ ਦੁੱਖ ਨਾਲ ਕਿਹਾ ਕਿ ਸਿਆਸਤਦਾਨਾਂ ਤੋਂ ਤਾਂ ਲੋਕਾਂ ਨੂੰ ਸਮਾਜ ਦੇ ਭਲੇ ਦੀਆਂ ਬਹੁਤੀਆਂ ਉਮੀਦਾਂ ਨਹੀਂ ਪਰ ਬੁੱਧੀਜੀਵੀਆਂ ਵੱਲੋਂ ਇਸ ਘਟਨਾ ਵਿਰੁੱਧ ਆਪਣਾ ਮੂੰਹ ਨਾ ਖੋਲ੍ਹਣਾ ਅਤੇ ਅਜਿਹੇ ਦੌਰ ਵਿਚ ਲੋਕਾਂ ਦੀ ਸਹੀ ਅਗਵਾਈ ਨਾ ਕਰਨਾ ਸੱਚਮੁੱਚ ਹੀ ਵੱਡੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਬੁੱਧੀਜੀਵਆਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਬਾਰੇ ਆਪਣੀ ਜ਼ਿੰਮੇਵਾਰੀ ਪ੍ਰਤੀ ਸੁਚੇਤ ਹੋਣ ਅਤੇ ਸੱਚਾਈ ਲਿਖਣ, ਕਹਿਣ ਤੋਂ ਗੁਰੇਜ਼ ਕਰਕੇ ਬੁੱਧੀਜੀਵੀ ਸ਼੍ਰੇਣੀ ਦੇ ਨਾਂ ਨੂੰ ਧੱਬਾ ਨਾ ਲਾਉਣ।

ਪੰਜਾਬੀ ਗਾਇਕੀ ਦਾ ਵਪਾਰਕ ਹੋਣਾ ਖਤਰਨਾਕ-ਸੁਖਵਿੰਦਰ ਸੁੱਖੀ

ਪ੍ਰਸਿੱਧ ਪੰਜਾਬੀ ਗਾਇਕ ਸੁਖਵਿੰਦਰ ਸੁੱਖੀ ਦਾ ਕਹਿਣਾ ਹੈ ਕਿ ਅੱਜ ਦੀ ਪੰਜਾਬੀ ਗਾਇਕੀ ਪੂਰੀ ਤਰਾਂ ਵਪਾਰਕ ਲੀਹਾਂ 'ਤੇ ਪੈ ਗਈ ਹੈ ਅਤੇ ਇਹ ਰੁਝਾਨ ਪੰਜਾਬੀ ਸਮਾਜ ਲਈ ਖਤਰਨਾਕ ਹੈ ਕਿਉਂਕਿ ਮਿਆਰੀ ਗੀਤ ਅਤੇ ਮਿਆਰੀ ਗਾਇਕੀ ਤਾਂ ਹੁਣ ਬੀਤੇ ਸਮੇਂ ਦੀ ਗੱਲ ਬਣਦੀ ਜਾ ਰਹੀ ਹੈ। ਇਥੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਰੀਦਕੋਟ ਦੇ ਪ੍ਰਧਾਨ ਐਡਵੋਕੇਟ ਗੁਰਸਾਹਿਬ ਸਿੰਘ ਬਰਾੜ ਦੇ ਨਿਵਾਸ ਸਥਾਨ ਤੇ ਇਕ ਮੁਲਾਕਾਤ ਦੌਰਾਨ ਉਨ੍ਹਾਂ ਕਿਹਾ ਕਿ ਅੱਜ ਜੇਕਰ ਪੰਜਾਬੀ ਗਾਇਕਾਂ ਦੀ ਲੰਮੀ ਸੂਚੀ ਨੂੰ ਵੇਖਿਆ ਜਾਵੇ ਅਤੇ ਟੀ. ਵੀ. ਚੈਨਲਾਂ ਤੇ ਨਿੱਤ ਨਵੇਂ ਪੈਦਾ ਹੋ ਰਹੇ ਗਾਇਕਾਂ ਦਾ ਲੇਖਾ ਜੋਖਾ ਕੀਤਾ ਤਾਂ 90 ਪ੍ਰਤੀਸ਼ਤ ਗਾਇਕ ਅਜਿਹੇ ਹਨ ਜੋ ਸਿਰਫ ਸ਼ੌਕੀਆ ਹੀ ਹਨ ਅਤੇ ਸਿਰਫ 10 ਪ੍ਰਤੀਸ਼ਤ ਗਾਇਕ ਹੀ ਗਾਇਕੀ ਕਲਾ ਲਈ ਸੁਹਿਰਦ ਅਤੇ ਯਤਨਸ਼ੀਲ ਹਨ। ਅੱਜ ਦੀ ਗਾਇਕੀ ਵਿਚਲੇ ਸ਼ੋਰ ਸ਼ਰਾਬੇ ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਜਿਸ ਤਰਾਂ ਦੇ ਗੀਤਾਂ ਨੂੰ ਪਸੰਦ ਕਰਦੀ ਹੈ, ਗਾਇਕਾਂ ਨੂੰ ਉਸੇ ਤਰਾਂ ਦੇ ਗੀਤ ਗਾਉਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇੰਟਰਨੈਟ ਅਤੇ ਆਰਕੈਸਟਰਾ ਗਰੁੱਪਾਂ ਨੇ ਪੰਜਾਬੀ ਗਾਇਕੀ ਦੀ ਆਰਥਿਕਤਾ ਉਪਰ ਵੱਡੀ ਸੱਟ ਮਾਰੀ ਹੈ। ਇੰਟਰਨੈਟ ਦੇ ਵਿਛੇ ਜਾਲ ਕਾਰਨ ਅੱਜ ਵੱਡੇ ਤੋਂ ਵੱਡੇ ਗਾਇਕ ਦੀ ਸੀ. ਡੀ. /ਕੈਸਿਟ ਸਿਰਫ ਪਹਿਲੇ ਲਾਟ ਤੇ ਸਿਮਟ ਗਈ ਹੈ। ਪਹਿਲਾਂ ਚਰਚਿਤ ਗਾਇਕਾਂ ਦੀਆਂ ਕੈਸਿਟਾਂ ਲੱਖਾਂ ਦੀ ਗਿਣਤੀ ਵਿਚ ਵਿਕ ਜਾਂਦੀਆਂ ਸਨ ਪਰ ਹੁਣ ਸਿਰਫ 5-7 ਹਜਾਰ ਦੀ ਵਿਕਰੀ ਤੱਕ ਹੀ ਸੀਮਤ ਹੋ ਗਈਆਂ ਹਨ। ਇਕ ਦਿਲਚਸਪ ਪ੍ਰਗਟਾਵਾ ਕਰਦਿਆਂ ਸੁਖਵਿੰਦਰ ਸੁੱਖੀ ਨੇ ਕਿਹਾ ਕਿ ਅੱਜ ਜਿਹੜੇ ਗੀਤ ਵਿਚ ਚੰਡੀਗੜ੍ਹ ਸ਼ਹਿਰ ਦਾ ਜ਼ਿਕਰ ਆ ਜਾਂਦਾ ਹੈ, ਨੌਜਵਾਨ ਪੀੜ੍ਹੀ ਉਸ ਦੀ ਸ਼ੈਦਾਈ ਹੋ ਜਾਂਦੀ ਹੈ ਅਤੇ ਇਸੇ ਕਰਕੇ ਹੀ ਅਜਿਹੇ ਗੀਤਾਂ ਦਾ ਰੁਝਾਨ ਵਧ ਰਿਹਾ ਹੈ। ਇਸ ਮੌਕੇ ਬਲਕਾਰ ਸਿੰਘ ਦਲ ਸਿੰਘ ਵਾਲਾ, ਜਰਨੈਲ ਸਿੰਘ ਬਰਾੜ ਮਨੀਲਾ ਵੀ ਮੌਜੂਦ ਸਨ।-ਕਰਮਜੀਤ ਮਾਨ

Tuesday, April 20, 2010

ਸੁਖਵੰਤ ਬਰਾੜ ਨੇ ਦੋ ਸਕੂਲਾਂ 'ਚ ਆਰ. ਓ. ਫਿਲਟਰ ਲੁਆਏ


ਰੋੜੀਕਪੂਰਾ ਵਿਖੇ ਪ੍ਰਵਾਸੀ ਭਾਰਤੀ ਸੁਖਵੰਤ ਸਿੰਘ ਬਰਾੜ ਦਾ ਸਨਮਾਨ ਕਰਦੇ ਹੋਏ ਪਿੰ.ਦਰਸ਼ਨਾ ਗੋਇਲ, ਸਕੂਲ ਸਟਾਫ ਅਤੇ ਹੋਰ ਪਤਵੰਤੇ।

ਪਿੰਡ ਰੋੜੀਕਪੂਰਾ ਦੇ ਪ੍ਰਵਾਸੀ ਭਾਰਤੀ ਸੁਖਵੰਤ ਸਿੰਘ ਬਰਾੜ (ਕੈਨੇਡੀਅਨ) ਨੇ ਪਿੰਡ ਦੇ ਸਰਕਾਰੀ ਸੈਕੰਡਰੀ ਸਕੂਲ ਅਤੇ ਸਰਕਾਰੀ ਐਲਮੈਂਟਰੀ ਸਕੂਲ ਦੇ ਬੱਚਿਆਂ ਨੂੰ ਪੀਣ ਵਾਲਾ ਸਾਫ ਪਾਣੀ ਉਪਲਬਧ ਕਰਵਾਉਣ ਲਈ ਦੋ ਆਰ. ਓ. ਫਿਲਟਰ ਲੁਆਏ ਹਨ। ਇਨ੍ਹਾਂ ਫਿਲਟਰਾਂ ਲਈ ਉਨ੍ਹਾਂ ਆਪਣੇ ਕੋਲੋਂ 50 ਹਜਾਰ ਰੁਪਏ ਦੀ ਰਾਸ਼ੀ ਦੋਹਾਂ ਸਕੂਲਾਂ ਨੂੰ ਦਾਨ ਵਜੋਂ ਦਿੱਤੀ ਹੈ। ਪਿੰਡ ਦੇ ਲੋਕਾਂ ਨੇ ਉਨ੍ਹਾਂ ਦੇ ਉਦਮ ਨੂੰ ਉਸਾਰੂ ਕਦਮ ਕਿਹਾ ਹੈ।
ਇਸ ਸਬੰਧ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੋੜਕੀਪੂਰਾ ਵਿਖੇ ਇਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਸੁਖਵੰਤ ਸਿੰਘ ਬਰਾੜ ਦੀ ਸੋਚ ਅਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਸਕੂਲ ਦੀ ਪ੍ਰਿੰਸਪੀਲ ਮੈਡਮ ਦਰਸ਼ਨਾ ਗੋਇਲ ਅਤੇ ਪਸਵਕ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਸੁਖਵੰਤ ਸਿੰਘ ਬਰਾੜ ਨੇ ਸਕੂਲੀ ਬੱਚਿਆਂ ਲਈ ਇਹ ਬਹੁਤ ਵੱਡਾ ਪਰਉਪਕਾਰ ਕੀਤਾ ਹੈ ਅਤੇ ਇਸ ਨਾਲ ਬੱਚਿਆਂ ਦੀ ਸਿਹਤ ਉਪਰ ਚੰਗਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਸੁਖੰਵਤ ਸਿੰਘ ਬਰਾੜ ਦਾ ਪਿੰਡ ਨਾਲ ਅਤੇ ਪਿੰਡ ਦੇ ਲੋਕਾਂ ਨਾਲ ਬਹੁਤ ਲਗਾਓ ਹੈ ਅਤੇ ਉਹ ਹਰ ਪੱਖੋਂ ਪਿੰਡ ਦੀ ਤਰੱਕੀ ਲਈ ਦੁਆ ਕਰਦੇ ਹਨ। ਸੁਖਵੰਤ ਸਿੰਘ ਬਰਾੜ ਨੇ ਕਿਹਾ ਕਿ ਉਨ੍ਹਾਂ ਇਹ ਫਿਲਟਰ ਕਿਸੇ ਨਾਮਣਾ ਖੱਟਣ ਦੇ ਇਰਾਦੇ ਨਾਲ ਨਹੀਂ ਸਗੋਂ ਮਨੁੱਖਤਾ ਪ੍ਰਤੀ ਆਪਣੇ ਫਰਜ਼ ਦੀ ਪਾਲਣਾ ਹਿਤ ਦਿੱਤੇ ਹਨ। ਇਸ ਸਮਾਗਮ ਵਿਚ ਰੋੜੀਕਪੂਰਾ ਦੇ ਸਰਪੰਚ ਕੁਲਵੰਤ ਸਿੰਘ, ਨਵਾਂ ਰੋੜਕੀਪੂਰਾ ਦੇ ਸਰੰਪਚ ਗੁਰਮੇਲ ਸਿੰਘ, ਸਾਬਕਾ ਸਰਪੰਚ ਜਸਵੰਤ ਸਿੰਘ ਢਿੱਲੋਂ, ਡੀ. ਈ. ਐਫ. ਦੇ ਸਾਬਕਾ ਆਗੂ ਜਗਤਾਰ ਸਿੰਘ ਰੋੜੀਕਪੂਰਾ, ਬਾਬਾ ਗੋਕਲ ਦਾਸ ਕਬੱਡੀ ਕਲੱਬ ਦੇ ਆਗੂ, ਡਾ. ਜਲੰਧਰ ਸਿੰਘ, ਪੰਚ ਕਿੱਕਰ ਸਿੰਘ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ ਹਾਜਰ ਸੀ। ਇਸ ਮੌਕੇ ਸੁਖਵੰਤ ਸਿੰਘ ਬਰਾੜ ਨੂੰ ਸਕੂਲ ਵੱਲੋਂ ਯਾਦਗਾਰੀ ਸਨਮਾਨ ਚਿੰਨ੍ਹ ਦਿੱਤਾ ਗਿਆ।
ਰਿਪੋਰਟ : ਕਰਮਜੀਤ ਮਾਨ

Monday, April 19, 2010

ਪੰਜਾਬ ਸਰਕਾਰ ਝੋਨੇ ਹੇਠਲਾ ਰਕਬਾ ਘਟਾਉਣ ਲਈ ਤੁਰੰਤ ਕਾਨੂੰਨ ਬਣਾਵੇ-ਐਡਵੋਕੇਟ ਬਰਾੜ


ਪੰਜਾਬ ਦੇ ਡੈਮਾਂ ਵਿਚ ਦਿਨੇ ਦਿਨ ਘਟ ਰਿਹਾ ਪਾਣੀ ਦਾ ਪੱਧਰ, ਸਮੁੱਚੇ ਪੰਜਾਬ ਦੀਆਂ ਨਹਿਰਾਂ ਵਿਚ ਵਗ ਰਹੀ ਖੁਸ਼ਕੀ ਅਤੇ ਜ਼ਮੀਨਦੋਜ਼ ਪਾਣੀ ਦਾ ਲਗਾਤਾਰ ਡੂੰਘਾ ਹੋਈ ਜਾਣਾ ਪੰਜਾਬ ਵਾਸੀਆਂ ਲਈ ਵੱਡੀ ਚਿੰਤਾ ਦੇ ਵਿਸ਼ੇ ਹਨ ਅਤੇ ਪੰਜਾਬ ਸਰਕਾਰ ਨੂੰ ਇਸ ਪਾਸੇ ਤੁਰੰਤ ਗੰਭੀਰ ਹੁੰਦਿਆਂ ਇਕ ਅਜਿਹਾ ਕਾਨੂੰਨ ਅਮਲ ਵਿਚ ਲਿਆਉਣਾ ਚਾਹੀਦਾ ਹੈ ਜਿਸ ਨਾਲ ਝੋਨੇ ਹੇਠਲਾ ਰਕਬਾ ਘਟਾਇਆ ਜਾ ਸਕੇ। ਇਹ ਵਿਚਾਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਰੀਦਕੋਟ ਦੇ ਪ੍ਰਧਾਨ ਐਡਵੋਕੇਟ ਗੁਰਸਾਹਿਬ ਸਿੰਘ ਬਰਾੜ ਨੇ ਇਥੇ ਚੋਣਵੇ ਪੱਤਰਕਾਰਾਂ ਦੀ ਮੌਜੂਦਗੀ ਵਿਚ ਕੀਤਾ। ਉਨ੍ਹਾਂ ਕਿਹਾ ਕਿ ਉਹ ਦੋ ਦਿਨ ਪਹਿਲਾਂ ਪੂਰੇ ਪੰਜਾਬ ਦਾ ਚੱਕਰ ਲਾ ਕੇ ਆਏ ਹਨ ਅਤੇ ਰਸਤੇ ਵਿਚ ਉਨ੍ਹਾਂ ਕੋਈ ਵੀ ਨਹਿਰ ਜਾਂ ਰਜਬਾਹਾ ਵਗਦਾ ਨਹੀਂ ਵੇਖਿਆ। ਸਭ ਸੁੱਕੇ ਪਏ ਹਨ। ਡੈਮਾਂ ਵਿਚ ਵੀ ਪੰਜਾਬ ਦਿਨ ਬ ਦਿਨ ਘਟਣ ਦੀਆਂ ਰਿਪੋਰਟਾਂ ਹਨ। ਜ਼ਮੀਨਦੋਜ਼ ਪਾਣੀ ਦੀ ਇਹ ਹਾਲਤ ਹੈ ਕਿ ਅਨੇਕਾਂ ਬਲਾਕ ਨੂੰ ਡਾਕਜ਼ੋਨ ਕਰਾਰ ਦਿੱਤਾ ਗਿਆ ਅਤੇ ਬਹੁਤ ਸਾਰੇ ਇਲਾਕਿਆਂ ਵਿਚ ਮੱਛੀ ਮੋਟਰਾਂ ਵੀ ਟਿਊਬਵੈਲਾਂ ਦਾ ਪਾਣਂ ਚੁੱਕਣ ਤੋਂ ਜਵਾਬ ਦੇ ਰਹੀਆਂ ਹਨ। ਇਹ ਸਾਰੇ ਹਾਲਤ ਸਾਨੂੰ ਸੁਚੇਤ ਕਰ ਰਹੇ ਹਨ ਕਿ ਪੰਜਾਬ ਨੂੰ ਰੇਗਿਸਤਾਨ ਬਣਨ ਤੋਂ ਰੋਕਣਾ ਹੁਣ ਸਮੇਂ ਦੀ ਅਤੇ ਪੰਜਾਬੀਆਂ ਦੀ ਪ੍ਰਮੁੱਖ ਲੋੜ ਬਣ ਗਿਆ ਹੈ।
ਉਨ੍ਹ ਕਿਹਾ ਕਿ ਅਜਿਹੇ ਹਾਲਾਤ ਵਿਚ ਪੰਜਾਬ ਸਰਕਾਰ ਦਾ ਇਹ ਮੁੱਢਲਾ ਫਰਜ਼ ਬਣ ਜਾਂਦਾ ਹੈ ਕਿ ਉਹ ਰਾਜ ਵਿਚ ਝੋਨੇ ਦੀ ਕਾਸ਼ ਹੇਠਲਾ ਰਕਬਾ ਘਟਾਉਣ ਲਈ ਠੋਸ ਕਦਮ ਪੁੱਟੇ। ਇਸ ਸਬੰਧ ਵਿਚ ਉਨ੍ਹਾਂ ਸੁਝਾਅ ਦਿੱਤਾ ਕਿ ਝੋਨੇ ਦੀ ਕਾਸ਼ਤ ਬਾਰੇ ਇਕ ਕਾਨੂੰਨ ਬਣਾਇਆ ਜਾਵੇ ਜਿਸ ਤਹਿਤ ਕੋਈ ਵੀ ਕਿਸਾਨ ਆਪਣੀ ਮਲਕੀਅਤ ਦੀ ਅੱਧੀ ਜ਼ਮੀਨ ਤੋਂ ਵੱਧ ਰਕਬੇ ਵਿਚ ਝੋਨਾ ਨਾ ਲਾ ਸਕੇ। ਉਨ੍ਹਾਂ ਕਿਹਾ ਜਿੰਨਾ ਚਿਰ ਅਜਿਹਾ ਕੋਈ ਸਖਤ ਕਦਮ ਨਹੀਂ ਪੁੱਟਿਆ ਜਾਂਦਾ ਓਨਾ ਚਿਰ ਖੇਤੀ ਵਿਚ ਪਾਣੀ ਦੀ ਖਪਤ ਨੂੰ ਘਟਾਇਆ ਨਹੀਂ ਜਾ ਸਕਦਾ। ਸ੍ਰੀ ਬਰਾੜ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਦਾ ਤਜਰਬਾ ਦਸਦਾ ਹੈ ਕਿ ਕਿਸਾਨਾਂ ਅਪੀਲਾਂ ਦੀ ਬਜਾਏ ਸਖਤੀ ਕਿਸੇ ਵੀ ਗੱਲ ਨੂੰ ਮੰਨਣ ਦੇ ਆਦੀ ਹੋ ਗਏ ਹਨ। ਦੋ ਸਾਲ ਪਹਿਲਾਂ ਸਰਕਾਰ ਨੇ 15 ਜੂਨ ਤੋਂ ਪਹਿਲਾਂ ਝੋਨਾ ਲਾਉਣ ਵਾਲੇ ਕਿਸਾਨਾਂ ਵਿਰੁੱਧ ਸਖਤੀ ਵਰਤੀ ਤਾਂ ਅੱਜ ਕਿਸਾਨ ਇਸ ਸਖਤੀ ਉਪਰ ਪਹਿਰਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਵਿਚ ਸਮਝ ਦੀ ਘਾਟ ਨਹੀਂ ਪਰ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਸਖਤ ਕਦਮਾਂ ਦੀ ਬੇਹੱਦ ਜ਼ਰੂਰਤ ਹੈ।
ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਇਹ ਵੀ ਕਿਹਾ ਕਿ ਪੰਜਾਬ ਦਾ ਵਾਤਾਵਰਣ ਪ੍ਰਦੂਸ਼ਣ ਦੂਰ ਕਰਨ ਅਤੇ ਰਾਜ ਵਿਚ ਵਰਖਾ ਦੀ ਆਮਦ ਵਧਾਉਣ ਲਈ ਵੀ ਸਰਕਾਰ ਨੂੰ ਇਕ ਐਕਟ ਬਣਾਉਣਾ ਚਾਹੀਦਾ ਹੈ ਜਿਸ ਤਹਿਤ ਹਰ ਇਕ ਕਿਸਾਨ ਲਈ ਇਹ ਜ਼ਰੂਰੀ ਹੋਵੇ ਕਿ ਉਹ ਆਪਣੀ ਜ਼ਮੀਨ ਵਿਚ ਘੱਟੋ ਘੱਟ 20 ਦਰੱਖਤ ਪ੍ਰਤੀ ਏਕੜ ਲਾ ਕੇ ਉਨ੍ਹਾਂ ਦਾ ਪਾਲਣ ਪੋਸ਼ਣ ਵੀ ਕਰੇ। ਅਜਿਹਾ ਨਾ ਕਰਨ ਵਾਲੇ ਕਿਸਾਨਾਂ ਵਿਰੁੱਧ ਕਾਰਵਾਈ ਕਰਨ ਲਈ ਪੁਲਿਸ ਨੂੰ ਅਧਿਕਾਰ ਦਿੱਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰੀ ਤੌਰ ਤੇ ਅਜਿਹੇ ਸਖਤ ਕਦਮ ਨਾ ਚੁੱਕੇ ਗਏ ਤਾਂ 2025 ਤੱਕ ਤਾਂ ਕੀ ਅਗਲੇ 5 ਸਾਲਾਂ ਬਾਅਦ ਹੀ ਪੰਜਾਬ ਵਾਸੀ ਪੀਣ ਵਾਲੇ ਪਾਣੀ ਨੂੰ ਤਰਸ ਜਾਣਗੇ।

ਗੰਗਸਰ ਸਪੋਰਟਸ ਕਲੱਬ ਵੱਲੋਂ ਕਬੱਡੀ ਖਿਡਾਰੀ ਜੀਤ ਬਰਗਾੜੀ ਦਾ ਸਨਮਾਨ


ਇਟਲੀ ਖਿਡਾਰੀ ਜੀਤ ਬਰਗਾੜੀ ਨੂੰ ਸਨਮਾਨ ਚਿੰਨ੍ਹ ਦਿੰਦੇ ਹੋਏ ਗੰਗਸਰ ਸਪੋਰਟਸ ਕਲੱਬ ਜੈਤੋ ਦੇ ਆਗੂ
ਗੰਗਸਰ ਸਪੋਰਟਸ ਕਲੱਬ ਜੈਤੋ ਵੱਲੋਂ ਇਥੇ ਖੇਡ ਸਟੇਡੀਅਮ ਵਿਚ ਇਟਲੀ ਟੀਮ ਦੀ ਕਬੱਡੀ ਟੀਮ ਦੇ ਜਾਫੀ ਜੀਤ ਬਰਗਾੜੀ ਦੇ ਮਾਣ ਵਿਚ ਵਿਸ਼ੇਸ਼ ਸਮਾਗਮ ਕੀਤਾ ਗਿਆ। ਸਮਾਗਮ ਵਿਚ ਪੁੱਜਣ ਤੇ ਕਲੱਬ ਜੈਤੋ ਦੇ ਆਗੂਆਂ ਅਤੇ ਖਿਡਾਰੀਆਂ ਨੇ ਜੀਤ ਬਰਗਾੜੀ ਦਾ ਭਰਵਾਂ ਸਵਾਗਤ ਕੀਤਾ। ਕਲੱਬ ਦੇ ਜਨਰਲ ਸਕੱਤਰ ਅਤੇ ਕੋਚ ਦਵਿੰਦਰ ਬਾਬੂ ਅਤੇ ਸਰਪ੍ਰਸਤ ਹਰਦਮ ਸਿੰਘ ਮਾਨ ਨੇ ਪ੍ਰਵਾਸੀ ਖਿਡਾਰੀ ਨੂੰ ਜੀ ਆਇਆਂ ਕਿਹਾ ਅਤੇ ਉਸ ਨੂੰ ਕਲੱਬ ਵੱਲੋਂ ਸਨਮਾਨ ਚਿੰਨ੍ਹ ਭੇਟ ਕੀਤਾ। ਇਸ ਮੌਕੇ ਬੋਲਦਿਆਂ ਜੀਤ ਬਰਗਾੜੀ ਨੇ ਦੱਸਿਆ ਕਿ ਉਹ ਤਿੰਨ ਸਾਲ ਪਹਿਲਾਂ ਹੀ ਇਟਲੀ ਦੀ ਧਰਤੀ ਤੇ ਗਿਆ ਸੀ ਅਤੇ ਇਸ ਸਮੇਂ ਦੌਰਾਨ ਉਸ ਨੇ ਆਪਣੀ ਕਬੱਡੀ ਅਤੇ ਪ੍ਰੈਕਟਿਸ ਵੀ ਜਾਰੀ ਰੱਖੀ ਤਾਂ ਹੀ ਉਸ ਦੀ ਚੋਣ ਇਟਲੀ ਦੀ ਟੀਮ ਵਿਚ ਬਤੌਰ ਜਾਫੀ ਹੋਈ। ਉਹ ਵਿਸ਼ਵ ਕਬੱਡੀ ਕੱਪ ਤੋਂ ਪਹਿਲਾਂ ਆਸਟਰੀਆ ਅਤੇ ਜਰਮਨੀ ਨਾਲ ਵੀ ਕਈ ਮੈਚ ਖੇਡ ਕੇ ਨਾਮਣਾ ਖੱਟ ਚੁੱਕਿਆ ਹੈ।
ਜੀਤ ਬਰਗਾੜੀ ਨੇ ਕਿਹਾ ਕਿ ਇਟਲੀ ਦੀ ਟੀਮ ਵਿਸ਼ਵ ਕੱਪ ਵਿਚ ਪਹਿਲਾਂ ਜਾਂ ਦੂਜਾ ਸਥਾਨ ਹਾਸਲ ਕਰਨ ਦਾ ਉਦੇਸ਼ ਲੈ ਕੇ ਆਈ ਸੀ ਪਰ ਉਸ ਦੇ ਕੁਝ ਖਿਡਾਰੀਆਂ ਦੇ ਜ਼ਖਮੀ ਹੋ ਜਾਣ ਕਾਰਨ ਉਨ੍ਹਾਂ ਨੂੰ ਚੌਥੇ ਸਥਾਨ ਤੇ ਸਬਰ ਕਰਨਾ ਪਿਆ। ਉਸ ਨੇ ਇਹ ਵੀ ਕਿਹਾ ਕਿ ਅਗਲਾ ਵਿਸ਼ਵ ਕੱਪ ਜਿੱਤਣ ਲਈ ਉਨ੍ਹਾਂ ਦੀ ਟੀਮ ਵੱਡੀ ਦਾਅਵੇਦਾਰ ਹੋਵੇਗੀ। ਉਨ੍ਹਾਂ ਵਿਸ਼ਵ ਕਬੱਡੀ ਕੱਪ ਟੂਰਨਾਮੈਂਟ ਤੋਂ ਪਹਿਲਾਂ ਖਿਡਾਰੀਆਂ ਦੇ ਡੌਂਪਿੰਗ ਟੈਸਟ ਲੈਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਟੈਸਟ ਹੇਠਲੇ ਪੱਧਰ ਦੇ ਟੂਰਨਾਮੈਂਟ ਦੌਰਾਨ ਵੀ ਲਏ ਜਾਣ ਤਾਂ ਨਸ਼ਿਆਂ ਦੇ ਕੋੜ੍ਹ ਦਾ ਇਲਾਜ ਸ਼ੁਰੂ ਤੋਂ ਹੀ ਹੋ ਸਕਦਾ ਹੈ। ਜੀਤ ਬਰਗਾੜੀ ਨੇ ਉਭਰ ਰਹੇ ਨਵੇਂ ਖਿਡਾਰੀਆਂ ਨੂੰ ਨਸ਼ਿਆਂ ਦਾ ਸੇਵਨ ਨਾ ਕਰਨ, ਖੂਬ ਮਿਹਨਤ ਅਤੇ ਪ੍ਰੈਕਟਿਸ ਕਰਨ ਦੀ ਅਪੀਲ ਕੀਤੀ। ਉਸ ਨੇ ਲੋਕਾਂ ਵੱਲੋਂ ਕਬੱਡੀ ਕੱਪ ਨੂੰ ਮਿਲੇ ਲਾਮਿਸਾਲ ਹੁੰਗਾਰੇ ਦੀ ਪ੍ਰਸੰਸਾ ਕੀਤੀ। ਇਸ ਸਮਾਗਮ ਵਿਚ ਜੈਤੋ ਕ੍ਰਿਕਟ ਕਲੱਬ ਜੈਤੋ ਦੇ ਸੰਸਥਾਪਕ ਕੁਲਦੀਪ ਕੋਛੜ, ਬਲਾਕ ਸੰਮਤੀ ਦੇ ਸਾਬਕਾ ਮੈਂਬਰ ਕੁਲਦੀਪ ਸਿੰਘ ਬਰਾੜ ਨਿਆਮੀਵਾਲਾ, ਜਸਵਿੰਦਰ ਸਿੰਘ ਡੇਲਿਆਂਵਾਲੀ ਅਤੇ ਯੂਥ ਸਪੋਰਟਸ ਕਲੱਬ ਬਰਗਾੜੀ ਦੇ ਕਈ ਮੈਂਬਰ ਵੀ ਮੌਜੂਦ ਸਨ।