Saturday, May 8, 2010

ਅਕਾਲੀ ਦਲ ਦਿੱਲੀ ਵੱਲੋਂ ਸ਼ਰੋਮਣੀ ਕਮੇਟੀ ਚੋਣਾਂ ਲਈ ਸਰਗਰਮੀਆਂ


ਰਸਾਲ ਪੱਤੀ ਜੈਤੋ ਵਿਚ ਲੋਕਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ਼ਰੋਮਣੀ ਅਕਾਲੀ ਦਲ ਦਿੱਲੀ (ਪੰਜਾਬ) ਦੇ ਪ੍ਰਧਾਨ ਜਸਵਿੰਦਰ ਸਿੰਘ ਬਲੀਏਵਾਲ
ਬੇਸ਼ੱਕ ਅਜੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਕਿਸੇ ਚੋਣ ਪ੍ਰੋਗਰਾਮ ਦਾ ਐਲਾਨ ਨਹੀਂ ਹੋਇਆ ਪਰ ਸ਼ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਹੁਣੇ ਤੋਂ ਹੀ ਸਿੱਖ ਵੋਟਰ ਦੀ ਨਬਜ਼ਾਂ ਨੂੰ ਟੋਹਿਆ ਜਾ ਰਿਹਾ ਹੈ ਅਤੇ ਇਸ ਸਬੰਧ ਵਿਚ ਆਮ ਲੋਕਾਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ। ਇਨ੍ਹਾ ਚੋਣਾਂ ਦੇ ਸਬੰਧ ਵਿਚ ਹੀ ਦਲ ਦੇ ਪੰਜਾਬ ਦੇ ਪ੍ਰਧਾਨ ਜਸਵਿੰਦਰ ਸਿੰਘ ਬਲੀਏਵਾਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਉਣ ਵਾਲੀਆਂ ਚੋਣਾਂ ਵਿਚ ਬੇ-ਦਾਗ਼, ਮਿਹਨਤੀ ਅਤੇ ਸੂਝਵਾਨ ਉਮੀਦਵਾਰਾਂ ਨੂੰ ਅੱਗੇ ਲਿਆਂਦਾ ਜਾਵੇ ਤਾਂ ਜੋ ਸਿੱਖ ਵਿਚ ਦਿਨ ਬ ਦਿਨ ਵਧ ਰਹੀਆਂ ਕੁ-ਰਹਿਤਾਂ ਨੂੰ ਠੱਲ੍ਹ ਪਾਈ ਜਾ ਸਕੇ ਅਤੇ ਦੁਨੀਆਂ ਭਰ ਵਿਚ ਸਿੱਖੀ ਦੇ ਪ੍ਰਚਾਰ ਸਬੰਧੀ ਠੋਸ ਯੋਜਨਾਬੰਦੀ ਕੀਤੀ ਜਾ ਸਕੇ। ਉਹ ਇਥੇ ਰਸਾਲ ਪੱਤੀ ਵਿਚ ਲੋਕਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਸਿੱਖ ਧਰਮ ਦੁਨੀਆਂ ਦਾ ਸਭ ਤੋਂ ਆਧੁਨਿਕ ਧਰਮ ਹੈ ਜਿਸ ਵਿਚ ਕਿਸੇ ਵੀ ਅਡੰਬਰ ਲਈ ਕੋਈ ਥਾਂ ਨਹੀਂ, ਨਾ ਇਸ ਵਿਚ ਕੋਈ ਜਾਤ ਪਾਤ ਹੈ। ਸਿੱਖ ਧਰਮ ਦੇ ਅਨੁਆਈ ਹਰ ਰੋਜ਼ ਸਵੇਰੇ ਸ਼ਾਮ ਹੋਣ ਵਾਲੀ ਅਰਦਾਸ ਵਿਚ ਸਰਬੱਤ ਦੇ ਭਲੇ ਦੀ ਕਾਮਨਾ ਕਰਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਧਰਮ ਦੇ ਪ੍ਰਚਾਰ ਦੀ ਵੱਡੇ ਪੱਧਰ ਤੇ ਜ਼ਰੂਰਤ ਹੈ ਕਿਉਂਕਿ ਸਾਡੀ ਅੱਜ ਦੀ ਪੀੜ੍ਹੀ ਸਿੱਖ ਧਰਮ ਦੀ ਰਹਿਤ ਮਰਯਾਦਾ ਤੋਂ ਬੇਮੁੱਖ ਹੁੰਦੀ ਜਾ ਰਹੀ ਹੈ ਅਤੇ ਇਸ ਵਿਚ ਸਾਰਾ ਕਸੂਰ ਸਿੱਖ ਧਰਮ ਦੇ ਪੈਰੋਕਾਰਾਂ ਦਾ ਹੀ ਹੈ। ਇਸ ਮੀਟਿੰਗ ਵਿਚ ਬੋਲਦਿਆਂ ਦਲ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਭੋਗਲ ਲੁਧਿਆਣਾ, ਲੱਖਾ ਸਿੰਘ ਮਲੋਟ, ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਮੀਤ ਸਿੰਘ ਮੁੰਡੀਆਂ ਨੇ ਵੀ ਅਗਲੀਆਂ ਸ਼ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਸਾਫ ਸੁਥਰੇ ਅਕਸ ਵਾਲੇ ਸਿੱਖਾਂ ਨੂੰ ਜਿਤਾਉਣ ਦੀ ਅਪੀਲ ਕੀਤੀ।
ਇਸ ਮੌਕੇ ਰਸਾਲ ਪੱਤੀ ਦੀ ਆਗੂ ਬੀਬੀ ਜਸਮੇਰ ਕੌਰ ਢਿੱਲੋਂ, ਰਵਤਾਰ ਸਿੰਘ ਰਿੰਪੀ ਅਤੇ ਹੋਰ ਆਗੂਆਂ ਨੇ ਜਸਵਿੰਦਰ ਸਿੰਘ ਬਲੀਏਵਾਲ ਸਿਰੋਪਾਓ ਭੇਟ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ। ਮੀਟਿੰਗ ਵਿਚ ਸੋਨੀ ਕਾਂਸਲ, ਬਲਰਾਜ ਸਿੰਘ, ਬਲਵਿੰਦਰ ਸਿੰਘ, ਨੱਥਾ ਸਿੰਘ, ਕਾਲਾ ਸਿੰਘ ਅਤੇ ਹੋਰ ਕਈ ਪਤਵੰਤੇ ਸ਼ਾਮਲ ਹੋਏ।

No comments:

Post a Comment