Sunday, May 9, 2010

ਅਕਾਲੀ ਸਰਕਾਰ ਨੇ ਪੰਜਾਬ ਨੂੰ ਵਿਕਾਸ ਪੱਖੋਂ ਫਾਡੀ ਬਣਾਇਆ-ਰਿਪਜੀਤ ਬਰਾੜ


ਪੰਜਾਬ ਵਿਚ ਰਾਜ ਕਰ ਰਹੀ ਅਕਾਲੀ-ਭਾਜਪਾ ਸਰਕਾਰ ਨੇ ਲੋਕਾਂ ਦੀਆਂ ਭਾਵਨਾਵਾਂ ਨਾਲ ਬੁਰੀ ਤਰਾਂ ਖਿਲਵਾੜ ਕਰਨ ਦੇ ਨਾਲ ਨਾਲ ਅਮਨ ਕਾਨੂੰਨ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਹਨ ਅਤੇ ਸਿਰਫ ਅਖਬਾਰੀ ਬਿਆਨਾਂ ਰਾਹੀਂ ਪੰਜਾਬ ਦਾ ਵਿਕਾਸ ਕਰਕੇ ਹਕੀਕਤ ਰੂਪ ਵਿਚ ਪੰਜਾਬ ਨੂੰ ਵਿਕਾਸ ਪੱਖੋਂ ਸਾਰੇ ਰਾਜਾਂ ਤੋਂ ਫਾਡੀ ਬਣਾ ਦਿੱਤਾ ਹੈ। ਇਹ ਸ਼ਬਦ ਹਲਕਾ ਕੋਟਕਪੂਰਾ ਦੇ ਕਾਂਗਰਸੀ ਵਿਧਾਇਕ ਰਿਪਜੀਤ ਸਿੰਘ ਬਰਾੜ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਇਹ ਪਹਿਲੀ ਸਰਕਾਰ ਹੈ ਜੋ ਹਰ ਫਰੰਟ ਉਪਰ ਬੁਰੀ ਤਰਾਂ ਫੇਲ੍ਹ ਹੋ ਚੁੱਕੀ ਹੈ।
ਕਾਂਗਰਸੀ ਵਿਧਾਇਕ ਨੇ ਕਿਹਾ ਕਿ ਕਿਸਾਨਾਂ ਦੀ ਸਭ ਤੋਂ ਵੱਡੀ ਹਿਤੈਸ਼ੀ ਕਹਾਉਣ ਵਾਲੀ ਇਸ ਸਰਕਾਰ ਵੱਲੋਂ ਕਿਸਾਨਾਂ ਨੂੰ ਬਿਜਲੀ, ਪਾਣੀ ਸਹੀ ਮਾਤਰਾ ਨਾ ਦੇਣ ਕਾਰਨ ਹੀ ਐਤਕੀਂ ਕਣਕ ਦਾ ਝਾੜ ਕਾਫੀ ਘਟ ਗਿਆ ਅਤੇ ਕਿਸਾਨਾਂ ਨੂੰ ਕਣਕ ਵੇਚਣ ਲਈ ਵੀ ਕਈ ਕਈ ਦਿਨ ਮੰਡੀਆਂ ਵਿਚ ਖੱਜਲ ਖੁਆਰ ਹੋਣਾ ਪਿਆ। ਹੁਣ ਜਦੋਂ ਨਰਮੇ ਦੀ ਬਿਜਾਈ ਪੂਰੇ ਸਿਖਰਾਂ ਤੇ ਹੈ ਪਰ ਹਾਲਤ ਇਹ ਹੈ ਕਿ ਕਿਸਾਨਾਂ ਨੂੰ ਮੋਟਰਾਂ ਲਈ ਬਿਜਲੀ ਨਹੀਂ ਮਿਲ ਰਹੀ ਅਤੇ ਨਹਿਰੀ ਪਾਣੀ ਨਹੀਂ ਮਿਲ ਰਿਹਾ ਜਿਸ ਦੇ ਨਤੀਜੇ ਵਜੋਂ ਨਰਮੇ ਦੀ ਬਿਜਾਈ ਪਛੜ ਰਹੀ ਹੈ ਅਤੇ ਇਸ ਦਾ ਸਿੱਧਾ ਅਸਰ ਨਰਮੇ ਦੇ ਝਾੜ ਤੇ ਪਵੇਗਾ। ਖੇਤੀ ਉਤਪਾਦਨ ਘਟਣ ਨਾਲ ਕਿਸਾਨਾਂ ਦੇ ਕਰਜ਼ੇ ਦੀ ਪੰਡ ਦਿਨੋ ਦਿਨ ਪੀਡੀ ਹੋ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਦਾ ਰੁਝਾਨ ਨਸ਼ਿਆਂ ਵੱਲ ਹੋਣ ਦਾ ਸਭ ਤੋਂ ਵੱਡਾ ਕਾਰਨ ਬੇਰੁਜ਼ਗਾਰੀ ਹੈ ਪਰ ਅਫਸੋਸ ਕਿ ਇਸ ਸਰਕਾਰ ਨੇ ਸਵਾ ਤਿੰਨ ਸਾਲਾਂ ਦੌਰਾਨ ਬੇਰੁਜ਼ਗਾਰੀ ਘਟਾਉਣ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਅਤੇ ਨਾ ਹੀ ਸਵੈ-ਰੁਜ਼ਗਾਰ ਧੰਦੇ ਚਲਾਉਣ ਲਈ ਹਕੀਕੀ ਰੂਪ ਵਿਚ ਬੇਰੁਜ਼ਗਾਰਾਂ ਦੀ ਕੋਈ ਮਦਦ ਕੀਤੀ ਜਾ ਰਹੀ ਹੈ।
ਪੰਜਾਬ ਅੰਦਰ ਕਾਂਗਰਸ ਦੀ ਭਰਤੀ ਮੁਹਿੰਮ ਦੀ ਗੱਲ ਕਰਦਿਆਂ ਸ੍ਰੀ ਬਰਾੜ ਨੇ ਕਿਹਾ ਕਿ ਹਲਕਾ ਕੋਟਕਪੂਰਾ ਅੰਦਰ ਕਾਂਗਰਸੀ ਮੈਂਬਰਸ਼ਿਪ ਲਈ ਰਿਕਾਰਡਤੋੜ ਭਰਤੀ ਹੋਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਅਗਲੇ ਮਹੀਨੇ ਪੂਰੇ ਹਲਕੇ ਅੰਦਰ ਜਨ ਸੰਪਰਕ ਮੁਹਿੰਮ ਸ਼ੁਰੂ ਕਰਨਗੇ ਜਿਸ ਤਹਿਤ ਪਿੰਡਾਂ, ਸ਼ਹਿਰਾਂ ਦੇ ਆਮ ਲੋਕਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ ਅਤੇ ਇਨ੍ਹਾਂ ਲੋਕ ਮਸਲਿਆਂ ਪ੍ਰਤੀ ਵਿਧਾਨ ਸਭਾ ਦੇ ਆਉਂਦੇ ਸ਼ੈਸਨ ਵਿਚ ਆਵਾਜ਼ ਉਠਾਈ ਜਾਵੇਗੀ। ਇਸ ਗੱਲਬਾਤ ਸਮੇਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਮੈਂਬਰ ਗੁਰਸਾਹਿਬ ਸਿੰਘ ਬਰਾੜ ਐਡਵੋਕੇਟ ਵੀ ਮੌਜੂਦ ਸਨ

No comments:

Post a Comment