
ਸਰਕਾਰੀ ਕੰਨਿਆਂ ਸੈਕੰਡਰੀ ਸਕੂਲ ਜੈਤੋ ਵਿਖੇ ਨੀਵੇਂ ਗਰਾਊਂਡ ਵਿਚ ਭਰਤ ਪਾਉਣ ਦਾ ਚੱਲ ਰਿਹਾ ਕਾਰਜ
ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਜੈਤੋ ਦੀ ਅੰਦਰੂਨੀ ਦਿੱਖ ਸੰਵਾਰਨ ਲਈ ਸਕੂਲ ਦੇ ਨੀਵੇਂ ਗਰਾਉਂਡਾਂ ਨੂੰ ਉੱਚਾ ਕਰਨ, ਘਾਹ ਪਾਰਕ ਬਣਾਉਣ ਅਤੇ ਦੋ ਨਵੇਂ ਕਮਰਿਆਂ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਸਕੂਲ ਦੇ ਪ੍ਰਿੰਸੀਪਲ ਪਰਦੀਪ ਕੁਮਾਰ ਸ਼ਰਮਾ ਅਤੇ ਇਨ੍ਹਾਂ ਨਿਰਮਾਣ ਕਾਰਜਾਂ ਦੀ ਨਿਗਰਾਨੀ ਕਰ ਰਹੇ ਸਕੂਲ ਦੇ ਗਣਿਤ ਅਧਿਆਾਪਕ ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਹੈ ਕਿ ਸਕੂਲ ਦੀ ਮੁੱਖ ਇਮਾਰਤ ਦੇ ਅੱਗੇ ਗਰਾਊਂਡ ਕਾਫੀ ਨੀਵਾਂ ਸੀ ਜਿਸ ਵਿਚ ਮੀਂਹ ਪੈਣ ਨਾਲ ਪਾਣੀ ਭਰ ਜਾਂਦਾ ਸੀ ਅਤੇ ਬੱਚਿਆਂ ਤੇ ਅਧਿਆਪਕਾਂ ਨੂੰ ਪ੍ਰੇਸ਼ਾਨੀ ਹੁੰਦੀ ਸੀ। ਉਸ ਗਰਾਊਂਡ ਨੂੰ ਉੱਚਾ ਕਰਨ ਲਈ 200 ਟਰਾਲੀਆਂ ਭਰਤ ਪਾਈ ਜਾ ਰਹੀ ਹੈ। ਇਸ ਕਾਰਜ ਲਈ ਪੀ. ਟੀ. ਏ. ਦੇ ਫੰਡ ਤੋਂ ਇਲਾਵਾ ਪੀ. ਟੀ. ਏ. ਦੇ ਪ੍ਰਧਾਨ ਬ੍ਰਿਜ ਲਾਲ ਗੋਇਲ ਨੇ 15 ਹਜਾਰ ਰੁਪਏ ਅਤੇ ਸਕੂਲ ਦੇ ਲੈਕਚਰਾਰ ਜਸਵੰਤ ਸਿੰਘ ਸਰਾੜ ਨੇ 5 ਹਜਾਰ ਰੁਪਏ ਦਿੱਤੇ ਹਨ। ਈਕੋ ਕਲੱਬ ਨੂੰ ਮਿਲੀ ਗਰਾਂਟ ਨਾਲ ਸਕੂਲ ਵਿਚ ਘਾਹ ਦਾ ਪਾਰਕ ਵੀ ਤਿਆਰ ਕੀਤਾ ਜਾ ਰਿਹਾ ਹੈ।
ਸਕੂਲ ਦੀ ਵਸਵਕ ਕਮੇਟੀ ਦੇ ਚੇਅਰਮੈਨ ਪ੍ਰੋ. ਤਰਸੇਮ ਨਰੂਲਾ ਨੇ ਦੱਸਿਆ ਕਿ ਸਰਵ ਸਿੱਖਆ ਅਭਿਆਨ ਤਹਿਤ ਇਸ ਸਕੂਲ ਨੂੰ ਮਿਲੀ ਗਰਾਂਟ ਨਾਲ ਦੋ ਵੱਡੇ ਕਮਰਿਆਂ ਦੀ ਉਸਾਰੀ ਵੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ ਤਹਿਤ ਸਕੂਲ ਨੂੰ ਮਿਲੀ 65 ਹਜਾਰ ਰੁਪਏ ਦੀ ਸਹਾਇਤਾ ਸਕੂਲ ਦੀ ਇਮਾਰਤ ਦੀ ਮੁਰੰਮਤ ਲਈ, ਪਾਣੀ ਬਿਜਲੀ ਲਈ, ਸਾਇੰਸ ਲੈਬਾਰਟਰੀ ਅਤੇ ਲਾਇਬਰੇਰੀ ਦੇ ਯੋਗ ਕਾਰਜਾਂ ਲਈ ਖਰਚ ਕੀਤੀ ਗਈ ਹੈ। ਸਕੂਲ ਵਿਚ ਨਵੀਂ ਪਿਰਤ ਪਾਉਂਦਿਆਂ ਸਕੂਲ ਦੀ ਲੈਕਚਰਾਰ ਬਬੀਤਾ ਗੁਪਤਾ ਨੇ ਆਪਣੇ ਬੇਟੇ ਦੇ ਜਨਮ ਦਿਨ ਦੀ ਖੁਸ਼ੀ ਵਿਚ ਸਕੂਲ ਲਈ ਕੰਪਿਊਟਰ ਪ੍ਰਿੰਟਰ ਭੇਟ ਕੀਤਾ ਹੈ।
No comments:
Post a Comment