Wednesday, April 21, 2010

ਪੰਜਾਬ ਦੇ ਬੁੱਧੀਜੀਵੀਆਂ ਨੂੰ ਜਾਗਣ ਦੀ ਅਪੀਲ

ਫਰੀਡਮ ਫਾਈਟਰਜ਼ ਆਰਗੇਨਾਈਜੇਸ਼ਨ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਮਾਸਟਰ ਕਰਤਾ ਸੇਵਕ ਨੇ ਪੰਜਾਬ ਦੇ ਬੁੱਧੀਜੀਵੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਮਾਜ ਵਿਚ ਹੋ ਰਹੇ ਜਬਰ ਅਤੇ ਧੱਕੇਸ਼ਾਹੀ ਵਿਰੁੱਧ ਆਵਾਜ਼ ਬੁਲੰਦ ਕਰਕੇ ਲੋਕਾਂ ਦੀ ਯੋਗ ਅਗਵਾਈ ਕਰਨ। ਉਨ੍ਹਾਂ ਕਿਹਾ ਕਿ ਅੱਜ ਸਾਡੇ ਇਰਦ ਗਿਰਦ ਜੋ ਕੁੱਝ ਵਾਪਰ ਰਿਹਾ ਹੈ ਉਸ ਬਾਰੇ ਸਭ ਕੁੱਝ ਗਿਆਨ ਹੁੰਦਿਆਂ ਹੋਇਆਂ ਵੀ ਬੁੱਧੀਜੀਵੀਆਂ ਨੂੰ ਚੁੱਪ ਨਹੀਂ ਰਹਿਣਾ ਚਾਹੀਦਾ ਸਗੋਂ ਅਜਿਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰਕੇ ਲੋਕਾਂ ਨੂੰ ਸਹੀ ਦਿਸ਼ਾ ਅਤੇ ਦਸ਼ਾ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ। ਬਜ਼ੁਰਗ ਆਜ਼ਾਦੀ ਘੁਲਾਟੀਏ ਨੇ ਕਿਹਾ ਕਿ ਰੁਜ਼ਗਾਰ ਦੀ ਪ੍ਰਾਪਤੀ ਲਈ ਕੰਵਲਜੀਤ ਕੌਰ ਵਰਗੇ ਨੌਜਵਾਨਾਂ ਵੱਲੋਂ ਆਪਣੇ ਜੀਵਨ ਦੀ ਅਹੂਤੀ ਦੇ ਦੇਣੀ ਅੱਜ ਦੇ ਸਮਾਜ ਅਤੇ ਸਰਕਾਰਾਂ ਉਪਰ ਬਹੁਤ ਵੱਡੀ ਲਾਹਨਤ ਹੈ ਪਰ ਸਰਕਾਰ ਦੇ ਨੁਮਾਇੰਦਿਆਂ ਨੇ ਸਰਕਾਰੀ ਖਜ਼ਾਨੇ ਵਿਚੋਂ ਰਕਮ ਦੇ ਕੇ ਹੀ ਉਸ ਦੇ ਪਰਿਵਾਰ ਦੀਆਂ ਅੱਖਾਂ ਪੂੰਝ ਦੇਣ ਨੂੰ ਆਪਣਾ ਫਰਜ਼ ਸਮਝਿਆ ਹੈ ਜਦੋਂ ਕਿ ਉਸ ਦੇ ਸ਼ਰਧਾਂਜ਼ਲੀ ਸਮਾਗਮ ਵਿਚ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਸ਼ਾਮਲ ਨਹੀਂ ਹੋਇਆ। ਉਨ੍ਹਾਂ ਬੜੇ ਦੁੱਖ ਨਾਲ ਕਿਹਾ ਕਿ ਸਿਆਸਤਦਾਨਾਂ ਤੋਂ ਤਾਂ ਲੋਕਾਂ ਨੂੰ ਸਮਾਜ ਦੇ ਭਲੇ ਦੀਆਂ ਬਹੁਤੀਆਂ ਉਮੀਦਾਂ ਨਹੀਂ ਪਰ ਬੁੱਧੀਜੀਵੀਆਂ ਵੱਲੋਂ ਇਸ ਘਟਨਾ ਵਿਰੁੱਧ ਆਪਣਾ ਮੂੰਹ ਨਾ ਖੋਲ੍ਹਣਾ ਅਤੇ ਅਜਿਹੇ ਦੌਰ ਵਿਚ ਲੋਕਾਂ ਦੀ ਸਹੀ ਅਗਵਾਈ ਨਾ ਕਰਨਾ ਸੱਚਮੁੱਚ ਹੀ ਵੱਡੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਬੁੱਧੀਜੀਵਆਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਬਾਰੇ ਆਪਣੀ ਜ਼ਿੰਮੇਵਾਰੀ ਪ੍ਰਤੀ ਸੁਚੇਤ ਹੋਣ ਅਤੇ ਸੱਚਾਈ ਲਿਖਣ, ਕਹਿਣ ਤੋਂ ਗੁਰੇਜ਼ ਕਰਕੇ ਬੁੱਧੀਜੀਵੀ ਸ਼੍ਰੇਣੀ ਦੇ ਨਾਂ ਨੂੰ ਧੱਬਾ ਨਾ ਲਾਉਣ।

No comments:

Post a Comment