Monday, April 26, 2010

ਨਜਾਇਜ਼ ਕਬਜ਼ਿਆਂ ਕਾਰਨ ਜੈਤੋ ਦੇ ਚੌੜੇ ਬਾਜ਼ਾਰ ਵੀ ਭੀੜੇ ਭੀੜੇ ਜਾਪਦੇ



ਜੈਤੋ ਵਿਚ ਪਾਰਕਿੰਗ ਸਥਾਨ ਨਾ ਹੋਣ ਕਾਰਨ ਚੌਕ ਨੰਬਰ ਇਕ ਵਿਚ ਆਵਾਜਾਈ ਲਈ ਵਿਘਨ ਪਾ ਰਹੇ ਟਰੈਕਟਰ-ਟਰਾਲੀਆਂ, ਕਾਰਾਂ, ਰੇਹੜੀਆਂ, ਰਿਕਸ਼ੇ ਆਦਿ।
ਜੈਤੋ ਸ਼ਹਿਰ ਵਿਚ ਨਜਾਇਜ਼ ਕਬਜ਼ਿਆਂ ਉਪਰ ਕੋਈ ਰੋਕ ਟੋਕ ਨਾ ਹੋਣ ਕਾਰਨ ਅਤੇ ਵਾਹਨਾਂ ਲਈ ਪਾਰਕਿੰਗ ਦੀ ਕੋਈ ਸਹੂਲਤ ਨਾ ਹੋਣ ਕਾਰਨ ਸ਼ਹਿਰ ਦੇ ਖੁੱਲ੍ਹੇ ਚੌੜੇ ਬਾਜ਼ਾਰ ਵੀ ਦਿਨੋ ਦਿਨ ਭੀੜੇ ਹੋ ਰਹੇ ਹਨ। ਨਤੀਜੇ ਵਜੋਂ ਬਾਜ਼ਾਰਾਂ ਵਿਚੋਂ ਲੰਘਣਾ ਵੀ ਕਈ ਵਾਰ ਤਾਂ ਬਹੁਤ ਮੁਸ਼ਕਲ ਹੋ ਜਾਂਦਾ ਹੈ। ਨਜਾਇਜ਼ ਕਬਜ਼ੇ ਹਟਾਉਣ ਲਈ ਬੇਸ਼ੱਕ ਡਿਪਟੀ ਕਮਿਸ਼ਨਰ ਫ਼ਰੀਦਕੋਟ ਦਾ ਹੁਕਮ ਹੋਵੇ ਜਾਂ ਕਿਸੇ ਹੋਰ ਵੱਡੇ ਅਧਿਕਾਰੀ ਦਾ, ਇਸ ਸ਼ਹਿਰ ਦੀ ਇਹ ਪਰੰਪਰਾ ਰਹੀ ਹੈ ਕਿ ਸਥਾਨਕ ਅਧਿਕਾਰੀ ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜਨ ਦਾ ਕੰਮ ਹੀ ਕਰਦੇ ਹਨ ਅਤੇ ਕਦੇ ਵੀ ਇਥੇ ਨਜਾਇਜ਼ ਕਬਜ਼ਾਕਾਰਾਂ ਵਿਰੁੱਧ ਕਿਸੇ ਨੇ ਸਖਤੀ ਨਹੀਂ ਵਰਤੀ। ਹਾਲਤ ਇਹ ਹੈ ਕਿ ਸ਼ਹਿਰ ਦੇ 30- 30 ਫੁੱਟ ਚੌੜੇ ਬਜ਼ਾਰਾਂ ਵਿਚ ਦੁਕਾਨਦਾਰਾਂ ਨੇ ਦੋਹੀਂ ਪਾਸੀਂ 5-5 ਫੁੱਟ ਦੇ ਥੜ੍ਹੇ ਸਥਾਈ ਤੌਰ ਤੇ ਬਣਾਏ ਹੋਏ ਹਨ ਅਤੇ ਇਨ੍ਹਾਂ ਥੜ੍ਹਿਆਂ ਤੋਂ ਅੱਗੇ ਦੋ ਦੋ ਫੁੱਟ ਪੌੜੀਆਂ ਹਨ ਅਤੇ ਪੌੜੀਆਂ ਤੋਂ ਅੱਗੇ ਦੁਕਾਨਾਂ ਦੇ ਚੱਕਵੇਂ ਬੋਰਡ ਆਦਿ ਰੱਖੇ ਹੋਏ ਹਨ। ਇਸ ਤਰਾਂ ਲੋਕਾਂ ਦੇ ਅਤੇ ਵਾਹਨਾਂ ਦੇ ਲੰਘਣ ਲਈ ਮਸਾਂ 15-16 ਫੁਟ ਜਗ੍ਹਾ ਬਚਦੀ ਹੈ ਅਤੇ Àਸ ਵਿਚ ਵੀ ਸਕੂਟਰ , ਮੋਟਰਸਾਈਕਲ, ਸਾਈਕਲ, ਕਾਰਾਂ, ਜੀਪਾਂ ਖੜ੍ਹੀਆਂ ਹੋਣ ਕਰਕੇ ਆਵਾਜਾਈ ਲਈ ਬਹੁਤ ਸਮੱਸਿਆ ਪੈਦਾ ਹੋ ਜਾਂਦੀ ਹੈ।
ਸ਼ਹਿਰ ਦਾ ਚੌਕ ਨੰਬਰ ਇਕ, ਚੈਨਾ ਬਾਜ਼ਾਰ, ਰੇਲਵੇ ਬਾਜ਼ਾਰ, ਬਿਸ਼ਨੰਦੀ ਬਾਜ਼ਾਰ, ਮੇਨ ਬਾਜ਼ਾਰ, ਬਾਜਾ ਰੋਡ ਆਦਿ ਬਹੁਤ ਹੀ ਚੌੜੇ ਬਾਜ਼ਾਰ ਹਨ ਪਰ ਨਜਾਇਜ਼ ਕਬਜ਼ਿਆਂ ਕਾਰਨ ਇਹ ਬਾਜ਼ਾਰ ਭੀੜੇ ਭੀੜੇ ਜਾਪਦੇ ਹਨ। ਚੌਕ ਨੰਬਰ ਇਕ ਵਿਚ ਅਵਾਰਾ ਪਸ਼ੂਆਂ, ਰਿਕਸ਼ਿਆਂ, ਟਰੈਕਟਰ-ਟਰਾਲੀਆਂ, ਰੇਹੜੀਆਂ, ਕਾਰਾਂ ਅਤੇ ਹੋਰ ਵਾਹਨਾਂ ਦੇ ਖੜ੍ਹਨ ਨਾਲ ਆਵਾਜਾਈ ਦੀ ਸਮੱਸਿਆ ਅਕਸਰ ਹੀ ਬਣੀ ਰਹਿੰਦੀ ਹੈ। ਬਾਜਾ ਰੋਡ 'ਤੇ ਸਟੇਟ ਬੈਂਕ ਆਫ ਪਟਿਆਲਾ ਦੇ ਸਾਹਮਣੇ ਤਾਂ ਹਰ 15 ਮਿੰਟ ਬਾਅਦ ਟਰੈਫਿਕ ਜਾਮ ਦਾ ਦ੍ਰਿਸ਼ ਵੇਖਿਆ ਜਾ ਸਕਦਾ ਹੈ। ਰਾਮ ਗਰਾਊਂਡ ਵਾਲੀ ਸੜਕ ਸਬਜ਼ੀ ਰੇਹੜੀਆਂ ਵਾਲਿਆਂ ਨੇ ਰੋਕੀ ਹੁੰਦੀ ਹੈ। ਸ਼ਹਿਰ ਦੀ ਪ੍ਰਮੁੱਖ ਰੋਡ (ਮੁਕਤਸਰ ਰੋਡ) ਉਪਰ ਰੇਤਾ ਆਦਿ ਪਿਆ ਹੋਣ ਕਾਰਨ ਹਰ ਪਲ ਧੂੜ ਹੀ ਉਡਦੀ ਰਹਿੰਦੀ ਹੈ। ਸ਼ਹਿਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਿਚ ਟਰੈਫਿਕ ਦਾ ਸੁਚਾਰੂ ਪ੍ਰਬੰਧ ਚਲਾਉਣ ਲਈ ਸ਼ਹਿਰ ਚੋਂ ਨਜ਼ਾਇਜ਼ ਕਬਜ਼ੇ ਸਖਤੀ ਨਾਲ ਹਟਾਏ ਜਾਣ ਅਤੇ ਵੱਡੇ ਵਾਹਨਾਂ ਲਈ ਸ਼ਹਿਰ ਦੇ ਬਾਹਰਵਾਰ ਪਾਰਕਿੰਗ ਸਥਾਨ ਬਣਾ ਕੇ ਲੋਕਾਂ ਨੂੰ ਦਰਪੇਸ਼ ਨਿੱਤ ਦਿਨ ਦੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਈ ਜਾਵੇ।

No comments:

Post a Comment