
ਇਟਲੀ ਖਿਡਾਰੀ ਜੀਤ ਬਰਗਾੜੀ ਨੂੰ ਸਨਮਾਨ ਚਿੰਨ੍ਹ ਦਿੰਦੇ ਹੋਏ ਗੰਗਸਰ ਸਪੋਰਟਸ ਕਲੱਬ ਜੈਤੋ ਦੇ ਆਗੂ
ਗੰਗਸਰ ਸਪੋਰਟਸ ਕਲੱਬ ਜੈਤੋ ਵੱਲੋਂ ਇਥੇ ਖੇਡ ਸਟੇਡੀਅਮ ਵਿਚ ਇਟਲੀ ਟੀਮ ਦੀ ਕਬੱਡੀ ਟੀਮ ਦੇ ਜਾਫੀ ਜੀਤ ਬਰਗਾੜੀ ਦੇ ਮਾਣ ਵਿਚ ਵਿਸ਼ੇਸ਼ ਸਮਾਗਮ ਕੀਤਾ ਗਿਆ। ਸਮਾਗਮ ਵਿਚ ਪੁੱਜਣ ਤੇ ਕਲੱਬ ਜੈਤੋ ਦੇ ਆਗੂਆਂ ਅਤੇ ਖਿਡਾਰੀਆਂ ਨੇ ਜੀਤ ਬਰਗਾੜੀ ਦਾ ਭਰਵਾਂ ਸਵਾਗਤ ਕੀਤਾ। ਕਲੱਬ ਦੇ ਜਨਰਲ ਸਕੱਤਰ ਅਤੇ ਕੋਚ ਦਵਿੰਦਰ ਬਾਬੂ ਅਤੇ ਸਰਪ੍ਰਸਤ ਹਰਦਮ ਸਿੰਘ ਮਾਨ ਨੇ ਪ੍ਰਵਾਸੀ ਖਿਡਾਰੀ ਨੂੰ ਜੀ ਆਇਆਂ ਕਿਹਾ ਅਤੇ ਉਸ ਨੂੰ ਕਲੱਬ ਵੱਲੋਂ ਸਨਮਾਨ ਚਿੰਨ੍ਹ ਭੇਟ ਕੀਤਾ। ਇਸ ਮੌਕੇ ਬੋਲਦਿਆਂ ਜੀਤ ਬਰਗਾੜੀ ਨੇ ਦੱਸਿਆ ਕਿ ਉਹ ਤਿੰਨ ਸਾਲ ਪਹਿਲਾਂ ਹੀ ਇਟਲੀ ਦੀ ਧਰਤੀ ਤੇ ਗਿਆ ਸੀ ਅਤੇ ਇਸ ਸਮੇਂ ਦੌਰਾਨ ਉਸ ਨੇ ਆਪਣੀ ਕਬੱਡੀ ਅਤੇ ਪ੍ਰੈਕਟਿਸ ਵੀ ਜਾਰੀ ਰੱਖੀ ਤਾਂ ਹੀ ਉਸ ਦੀ ਚੋਣ ਇਟਲੀ ਦੀ ਟੀਮ ਵਿਚ ਬਤੌਰ ਜਾਫੀ ਹੋਈ। ਉਹ ਵਿਸ਼ਵ ਕਬੱਡੀ ਕੱਪ ਤੋਂ ਪਹਿਲਾਂ ਆਸਟਰੀਆ ਅਤੇ ਜਰਮਨੀ ਨਾਲ ਵੀ ਕਈ ਮੈਚ ਖੇਡ ਕੇ ਨਾਮਣਾ ਖੱਟ ਚੁੱਕਿਆ ਹੈ।
ਜੀਤ ਬਰਗਾੜੀ ਨੇ ਕਿਹਾ ਕਿ ਇਟਲੀ ਦੀ ਟੀਮ ਵਿਸ਼ਵ ਕੱਪ ਵਿਚ ਪਹਿਲਾਂ ਜਾਂ ਦੂਜਾ ਸਥਾਨ ਹਾਸਲ ਕਰਨ ਦਾ ਉਦੇਸ਼ ਲੈ ਕੇ ਆਈ ਸੀ ਪਰ ਉਸ ਦੇ ਕੁਝ ਖਿਡਾਰੀਆਂ ਦੇ ਜ਼ਖਮੀ ਹੋ ਜਾਣ ਕਾਰਨ ਉਨ੍ਹਾਂ ਨੂੰ ਚੌਥੇ ਸਥਾਨ ਤੇ ਸਬਰ ਕਰਨਾ ਪਿਆ। ਉਸ ਨੇ ਇਹ ਵੀ ਕਿਹਾ ਕਿ ਅਗਲਾ ਵਿਸ਼ਵ ਕੱਪ ਜਿੱਤਣ ਲਈ ਉਨ੍ਹਾਂ ਦੀ ਟੀਮ ਵੱਡੀ ਦਾਅਵੇਦਾਰ ਹੋਵੇਗੀ। ਉਨ੍ਹਾਂ ਵਿਸ਼ਵ ਕਬੱਡੀ ਕੱਪ ਟੂਰਨਾਮੈਂਟ ਤੋਂ ਪਹਿਲਾਂ ਖਿਡਾਰੀਆਂ ਦੇ ਡੌਂਪਿੰਗ ਟੈਸਟ ਲੈਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਟੈਸਟ ਹੇਠਲੇ ਪੱਧਰ ਦੇ ਟੂਰਨਾਮੈਂਟ ਦੌਰਾਨ ਵੀ ਲਏ ਜਾਣ ਤਾਂ ਨਸ਼ਿਆਂ ਦੇ ਕੋੜ੍ਹ ਦਾ ਇਲਾਜ ਸ਼ੁਰੂ ਤੋਂ ਹੀ ਹੋ ਸਕਦਾ ਹੈ। ਜੀਤ ਬਰਗਾੜੀ ਨੇ ਉਭਰ ਰਹੇ ਨਵੇਂ ਖਿਡਾਰੀਆਂ ਨੂੰ ਨਸ਼ਿਆਂ ਦਾ ਸੇਵਨ ਨਾ ਕਰਨ, ਖੂਬ ਮਿਹਨਤ ਅਤੇ ਪ੍ਰੈਕਟਿਸ ਕਰਨ ਦੀ ਅਪੀਲ ਕੀਤੀ। ਉਸ ਨੇ ਲੋਕਾਂ ਵੱਲੋਂ ਕਬੱਡੀ ਕੱਪ ਨੂੰ ਮਿਲੇ ਲਾਮਿਸਾਲ ਹੁੰਗਾਰੇ ਦੀ ਪ੍ਰਸੰਸਾ ਕੀਤੀ। ਇਸ ਸਮਾਗਮ ਵਿਚ ਜੈਤੋ ਕ੍ਰਿਕਟ ਕਲੱਬ ਜੈਤੋ ਦੇ ਸੰਸਥਾਪਕ ਕੁਲਦੀਪ ਕੋਛੜ, ਬਲਾਕ ਸੰਮਤੀ ਦੇ ਸਾਬਕਾ ਮੈਂਬਰ ਕੁਲਦੀਪ ਸਿੰਘ ਬਰਾੜ ਨਿਆਮੀਵਾਲਾ, ਜਸਵਿੰਦਰ ਸਿੰਘ ਡੇਲਿਆਂਵਾਲੀ ਅਤੇ ਯੂਥ ਸਪੋਰਟਸ ਕਲੱਬ ਬਰਗਾੜੀ ਦੇ ਕਈ ਮੈਂਬਰ ਵੀ ਮੌਜੂਦ ਸਨ।
No comments:
Post a Comment