Wednesday, April 21, 2010

ਪ੍ਰਦੂਸ਼ਣ ਅੱਜ ਦੇ ਪੰਜਾਬ ਦੀ ਮੁੱਖ ਸਮਾਜਿਕ ਸਮੱਸਿਆ -ਤਰਕਸ਼ੀਲ ਆਗੂ

ਤਰਕਸ਼ੀਲ ਸੁਸਾਇਟੀ ਜੈਤੋ ਦੀ ਮੀਟਿੰਗ ਇਥੇ ਤਰਕਸ਼ੀਲ ਦਫਤਰ ਵਿਚ ਹੋਈ ਜਿਸ ਵਿਚ ਸੂਬਾਈ ਆਗੂ ਹੇਮ ਰਾਜ ਸਟੈਨੋ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਮੀਟਿੰਗ ਵਿਚ ਪੰਜਾਬ ਦੇ ਵਿਗੜ ਰਹੇ ਵਾਤਾਵਰਣ ਉਪਰ ਚਰਚਾ ਕਰਦਿਆਂ ਹੇਮ ਰਾਜ ਸਟੈਨੋ ਨੇ ਕਿਹਾ ਕਿ ਵਧ ਰਿਹਾ ਪ੍ਰਦੂਸ਼ਣ ਪੰਜਾਬ ਦੀ ਅੱਜ ਮੁੱਖ ਸਮਾਜਿਕ ਸਮੱਸਿਆ ਬਣ ਚੁੱਕਿਆ ਹੈ। ਇਸ ਸਮੇਂ ਪੰਜਾਬ ਦੇ ਬਹੁਤੇ ਹਿੱਸੇ ਦਾ ਪਾਣੀ ਏਨਾ ਗੰਦਾ ਹੋ ਚੁੱਕਿਆ ਹੈ ਕਿ ਇਸ ਨੂੰ ਪੀਣ ਦਾ ਮਤਲਬ ਪੀਲੀਆ ਅਤੇ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਨੂੰ ਬੁਲਾਵਾ ਦੇਣਾ ਹੈ। ਮਾਨਯੋਗ ਅਦਾਲਤਾਂ ਵੱਲੋਂ ਵੀ ਵਧਦੇ ਇਸ ਪ੍ਰਦੂਸ਼ਣ ਦੇ ਮੱਦੇਨਜ਼ਰ ਕਈ ਵਾਰ ਸਰਕਾਰਾਂ ਨੂੰ ਹਦਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਸਨਅਤੀ ਕਚਰਾ ਅਤੇ ਗੰਦਾ ਪਾਣੀ ਨਦੀਆਂ, ਨਹਿਰਾਂ ਵਿਚ ਸੁੱਟਣ ਵਾਲੀਆਂ ਸਨਅਤੀ ਇਕਾਈਆਂ ਦੇ ਵਿਰੁੱਧ ਅਦਾਲਤਾਂ ਕਈ ਵਾਰ ਸਪੱਸ਼ਟ ਦਿਸ਼ਾ-ਨਿਰਦੇਸ਼ ਵੀ ਜਾਰੀ ਕਰ ਚੁੱਕੀਆਂ ਹਨ ਪਰ ਇਸ ਦੇ ਬਾਵਜੂਦ ਵੀ ਸੰਬੰਧਿਤ ਸਨਅਤਕਾਰਾਂ ਵੱਲੋਂ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਭਰਿਆ ਗਿਆ। ਉਨ੍ਹਾਂ ਕਿਹਾ ਕਿ ਇਹ ਸਮੱਸਿਆ ਸੱਚਮੁੱਚ ਬਹੁਤ ਗੰਭੀਰ ਹੈ। ਇਹ ਪ੍ਰਦੂਸ਼ਣ ਸਾਰੇ ਪੰਜਾਬ ਵਿਚ ਹੀ ਵੱਡੀ ਪੱਧਰ 'ਤੇ ਫੈਲ ਰਿਹਾ ਹੈ ਅਤੇ ਸਨਅਤੀ ਇਕਾਈਆਂ ਦਾ ਗੰਦਾ ਪਾਣੀ ਪੰਜਾਬ ਦੇ ਵਡਮੁੱਲੇ ਜਲ-ਸੋਮਿਆਂ ਵਿਚ ਅੰਨ੍ਹੇਵਾਹ ਸੁੱਟਿਆ ਜਾ ਰਿਹਾ ਹੈ। ਇਸ ਨਾਲ ਰਾਜ ਦੇ ਸਮੁੱਚੇ ਵਾਤਾਵਰਨ 'ਤੇ ਗੰਭੀਰ ਖ਼ਤਰਾ ਮੰਡਰਾਉਣ ਲੱਗਾ ਹੈ।ਲੋਕਾਂ ਦੀ ਸਿਹਤ ਵੀ ਖ਼ਤਰੇ ਵਿਚ ਪੈ ਗਈ ਹੈ। ਜੇਕਰ ਜੀਵਨ ਹੋਂਦ ਲਈ ਜ਼ਰੂਰੀ ਪਾਣੀ ਹੀ ਗੰਧਲਾ ਹੋ ਗਿਆ ਤਾਂ ਲੋਕ ਸਿਹਤਮੰਦ ਜ਼ਿੰਦਗੀ ਕਿਵੇਂ ਜੀਅ ਸਕਣਗੇ? ਇਨ੍ਹਾਂ ਖ਼ਤਰਿਆਂ ਅਤੇ ਨਿੱਘਰੇ ਇਸ ਮਾਹੌਲ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰਾਂ ਲਈ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਉਹ ਇਸ ਮੁਹਾਜ਼ 'ਤੇ ਜੰਗੀ ਪੱਧਰ 'ਤੇ ਕਾਰਵਾਈ ਕਰਨ ਅਤੇ ਲੋਕਾਂ ਨੂੰ ਪ੍ਰਦੂਸ਼ਣ ਤੋਂ ਰਾਹਤ ਦਿਵਾਉਣ।
ਤਰਕਸ਼ੀਲ ਸੁਸਾਇਟੀ ਜੈਤੋ ਦੇ ਆਗੂ ਰਾਵਿੰਦਰ ਰਾਹੀ ਅਤੇ ਗੁਰਦੀਪ ਸਿੰਘ ਨੇ ਕਿਹਾ ਕਿ ਪਾਣੀ ਵਿਚ ਕੇਵਲ ਰਸਾਇਣਕ ਖਾਦਾਂ, ਕੀਟਨਾਸ਼ਕ ਦਵਾਈਆਂ ਅਤੇ ਹੋਰ ਜ਼ਹਿਰੀਲੀਆਂ ਵਸਤਾਂ ਹੀ ਨਹੀਂ ਮਿਲੀਆਂ ਹੋਈਆਂ ਬਲਕਿ ਮਰਕਰੀ ਅਤੇ ਆਰਸੈਨਿਕ ਵਰਗੀਆਂ ਭਾਰੀਆਂ ਧਾਤਾਂ ਵੀ ਕਿਤੇ ਵਧ ਚੁੱਕੀਆਂ ਹਨ ਜੋ ਮਨੁੱਖੀ ਸਰੀਰ ਨੂੰ ਘੁਣ ਵਾਂਗ ਖਾ ਰਹੀਆਂ ਹਨ। ਇਸੇ ਤਰ੍ਹਾਂ ਪੰਜਾਬ ਦੇ ਲਗਭਗ 129 ਸ਼ਹਿਰਾਂ ਅਤੇ ਕਸਬਿਆਂ ਦੇ ਸੀਵਰੇਜ ਦਾ ਪਾਣੀ ਹੋਰ ਰੋਜ਼ 650 ਐਮ. ਐਲ. ਡੀ. ਗੰਦ-ਮੰਦ ਕੱਢ ਰਿਹਾ ਹੈ ਜੋ ਪੀਣ ਵਾਲੇ ਪਾਣੀ ਨੂੰ ਬੁਰੀ ਤਰ੍ਹਾਂ ਗੰਧਲਾ ਕਰ ਰਿਹਾ ਹੈ। ਸਾਡੀਆਂ ਸਾਰੀਆਂ ਪ੍ਰਮੁੱਖ ਨਦੀਆਂ ਅਤੇ ਦਰਿਆ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕੇ ਹਨ। ਬਹੁਤੀਆਂ ਸਥਿਤੀਆਂ ਵਿਚ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇ ਉਪਰਾਲੇ ਮਹਿਜ਼ ਕਾਗਜ਼ਾਂ ਤੱਕ ਹੀ ਸੀਮਤ ਹਨ। ਥਾਂ-ਥਾਂ ਲੱਗੇ ਕੂੜੇ ਦੇ ਢੇਰ ਅਤੇ ਪਲਾਸਟਿਕ ਦੇ ਲਿਫਾਫੇ ਸਿਵਾਏ ਬਿਮਾਰੀਆਂ ਦੇ ਵਾਧੇ ਦੇ ਹੋਰ ਕੁਝ ਵੀ ਨਹੀਂ ਕਰ ਰਹੇ। ਇਹ ਸਾਰਾ ਪ੍ਰਦੂਸ਼ਣ ਬੀਮਾਰ ਸਮਾਜ ਦੀ ਹੀ ਸਿਰਜਣਾ ਕਰ ਰਿਹਾ ਹੈ।

No comments:

Post a Comment