
ਆਪਣੀ ਜੇਲ੍ਹ ਯਾਤਰਾ ਦਾ ਸਰਟੀਫੀਕੇਟ ਵਿਖਾਉਂਦੇ ਹੋਏ ਦਲ ਸਿੰਘ ਵਾਲਾ ਦੇ ਟਕਸਾਲੀ ਅਕਾਲੀ ਵਰਕਰ ਗੁਰਦੀਪ ਸਿੰਘ
ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਲਈ 2003 ਵਿਚ ਜੇਲ੍ਹ ਕੱਟਣ ਵਾਲੇ ਪਿੰਡ ਦਲ ਸਿੰਘ ਵਾਲਾ ਦੇ ਇਕ ਟਕਸਾਲੀ ਅਕਾਲੀ ਵਰਕਰ ਨੇ ਮੌਜੂਦਾ ਸਰਕਾਰ ਦੌਰਾਨ ਅਕਾਲੀ ਵਰਕਰਾਂ ਦੀ ਕੋਈ ਪੁੱਛ ਗਿੱਛ ਨਾ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਇਸ ਕਾਰਨ ਆਮ ਤੇ ਗਰੀਬ ਅਕਾਲੀ ਵਰਕਰ ਬੇਹੱਦ ਨਿਰਾਸ਼ ਹਨ। ਇਥੇ ਪੱਤਰਕਾਰਾਂ ਨੂੰ ਆਪਣੀ ਜੇਲ੍ਹ ਯਾਤਰਾ ਦਾ ਸਰਟੀਫੀਕੇਟ ਵਿਖਾਉਂਦਿਆਂ 70 ਸਾਲਾ ਬਜ਼ੁਰਗ ਅਕਾਲੀ ਵਰਕਰ ਗੁਰਦੀਪ ਸਿੰਘ ਪੁੱਤਰ ਬੂੜ ਸਿੰਘ ਨੇ ਦੱਸਿਆ ਹੈ ਕਿ 2003 ਵਿਚ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ ਤਾਂ ਉਸ ਨੇ ਪਾਰਟੀ ਦੇ ਹੁਕਮਾਂ ਦੀ ਪਾਲਣਾਂ ਕਰਦਿਆਂ ਆਪਣੇ 6 ਹੋਰਨਾਂ ਸਾਥੀਆਂ ਨਾਲ ਸਰਕਲ ਦਿਹਾਤੀ ਜੈਤੋ ਦੇ ਤੱਤਕਾਲੀ ਪ੍ਰਧਾਨ ਜੱਥੇਦਾਰ ਅਜੈਬ ਸਿੰਘ ਦਲ ਸਿੰਘ ਵਾਲਾ ਦੀ ਅਗਵਾਈ ਵਿਚ ਲੌਂਗੋਵਾਲ ਥਾਣੇ ਵਿਚ ਮਿਤੀ 1.12. 2003 ਨੂੰ ਗ੍ਰਿਫਤਾਰੀ ਦਿੱਤੀ ਸੀ ਅਤੇ ਉਨ੍ਹਾਂ ਨੂੰ 9 ਦਿਨ ਸੰਗਰੂਰ ਜੇਲ੍ਹ ਵਿਚ ਰੱਖਿਆ ਗਿਆ ਸੀ। ਜਦੋਂ ਉਹ ਜੇਲ੍ਹ ਵਿਚ ਤਾਂ ਦਲ ਦੇ ਸੀਨੀਅਰ ਆਗੂ ਸੁਖੇਦਵ ਸਿੰਘ ਢੀਂਡਸਾ ਨੇ ਜੇਲ੍ਹ ਵਿਚ ਮੁਲਾਕਾਤ ਦੌਰਾਨ ਕਿਹਾ ਕਿ ਅਕਾਲੀ ਸਰਕਾਰ ਆਉਣ 'ਤੇ ਉਨ੍ਹਾਂ ਨੂੰ ਵਿਸ਼ੇਸ਼ ਰਿਆਇਤਾਂ ਦਿੱਤੀਆਂ ਜਾਣਗੀਆਂ।
ਗੁਰਦੀਪ ਸਿੰਘ ਨੇ ਕਿਹਾ ਕਿ ਮੌਜੂਦਾ ਅਕਾਲੀ ਸਰਕਾਰ ਹੋਂਦ ਵਿਚ ਆਇਆਂ ਸਵਾ ਤਿੰਨ ਸਾਲ ਹੋ ਗਏ ਹਨ ਪਰ ਇਸ ਸਮੇਂ ਦੌਰਾਨ ਉਨ੍ਹਾਂ ਦੀ ਕਿਸੇ ਆਗੂ ਨੇ ਬਾਤ ਨਹੀਂ ਪੁੱਛੀ। ਵਿਸ਼ੇਸ਼ ਸਹੂਲਤਾਂ ਤਾਂ ਕੀ ਮਿਲਣੀਆਂ ਸਨ ਸਗੋਂ ਕੈਪਟਨ ਸਰਕਾਰ ਵੇਲੇ ਉਨ੍ਹਾਂ ਦੀ ਬੁਢਾਪਾ ਪੈਨਸ਼ਨ ਪਾਰਟੀਬਾਜ਼ੀ ਕਰਕੇ ਕੱਟ ਦਿੱਤੀ ਗਈ ਸੀ, ਉਹ ਵੀ ਇਸ ਸਰਕਾਰ ਵੱਲੋਂ ਅਜੇ ਤੱਕ ਬਹਾਲ ਨਹੀਂ ਕੀਤੀ ਗਈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਸੰਗਰੂਰ ਜੇਲ੍ਹ ਦੇ ਸੁਪਰਡੈਂਟ ਵੱਲੋਂ ਦਿੱਤਾ ਗਿਆ ਸਰਟੀਫੀਕੇਟ ਲੈ ਕੇ ਮੁੱਖ ਮੰਤਰੀ ਸ. ਬਾਦਲ ਨੂੰ ਉਨ੍ਹਾਂ ਦੀ ਚੰਡੀਗੜ੍ਹ ਸਰਕਾਰੀ ਕੋਠੀ ਵਿਚ ਮਿਲੇ ਸਨ ਤਾਂ ਸ. ਬਾਦਲ ਨੇ ਅਗਲੇ ਦਿਨ ਆਉਣ ਦਾ ਬਹਾਨਾ ਲਾ ਦਿੱਤਾ ਸੀ। ਫਿਰ ਉਨ੍ਹਾਂ ਫ਼ਰੀਦਕੋਟ ਵਿਖੇ ਆਏ ਸ਼ਰਮੋਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਆਪਣੀ ਸਾਰੀ ਕਹਾਣੀ ਦੱਸੀ ਅਤੇ ਉਨ੍ਹਾਂ ਵੀ ਅਜੇ ਤੱਕ ਕੁਝ ਨਹੀਂ ਕੀਤਾ। ਸ਼ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਮਨਤਾਰ ਸਿੰਘ ਬਰਾੜ ਨੇ ਵੀ ਉਨ੍ਹਾਂ ਦੀ ਬਾਂਹ ਨਹੀਂ ਫੜੀ। ਉਨ੍ਹਾਂ ਬੜੇ ਦੁੱਖ ਨਾਲ ਕਿਹਾ ਕਿ ਵੱਡੇ ਅਕਾਲੀ ਆਗੂਆਂ ਨੂੰ ਜੇਲ੍ਹਾਂ ਭਰਨ ਵੇਲੇ ਤਾਂ ਅਕਾਲੀ ਵਰਕਰ ਯਾਦ ਆ ਜਾਂਦੇ ਹਨ ਪਰ ਅਕਾਲੀ ਸਰਕਾਰ ਆਉਣ ਤੇ ਇਨ੍ਹਾਂ ਵਰਕਰਾਂ ਦੀ ਕੋਈ ਸਾਰ ਨਹੀਂ ਲੈਂਦਾ। ਉਨ੍ਹਾਂ ਦੱਸਿਆ ਕਿ ਉਹ ਨਾਲ ਜੇਲ੍ਹ ਕੱਟਣ ਵਾਲੇ ਪਿੰਡ ਦਲ ਸਿੰਘ ਵਾਲਾ ਦੇ ਦੋ ਅਕਾਲੀ ਵਰਕਰ ਸਹੂਲਤਾਂ ਨੂੰ ਉਡੀਕਦੇ ਉਡੀਕਦੇ ਇਸ ਸੰਸਾਰ ਤੋਂ ਕੂਚ ਕਰ ਗਏ ਹਨ। ਉਨ੍ਹਾਂ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਉਹ ਆਪਣੇ ਵਾਅਦੇ ਅਨੁਸਾਰ ਟਕਸਾਲੀ ਵਰਕਰਾਂ ਲਈ ਕੋਈ ਸਰਕਾਰੀ ਸਹੂਲਤਾਂ ਉਪਲਬਧ ਕਰਵਾਉਣ।-ਰਿਪੋਰਟ- ਕਰਮਜੀਤ ਮਾਨ
No comments:
Post a Comment