Friday, June 11, 2010

ਕਾਮੇਡੀ ਫਿਲਮ 'ਕਮਲਾ ਟੱਬਰ' ਦਾ ਮਹੂਰਤ


ਪਿੰਡ ਭਗਤੂਆਣਾ ਵਿਖੇ ਕਾਮੇਡੀ ਫਿਲਮ 'ਕਮਲਾ ਟੱਬਰ' ਦਾ ਮਹੂਰਤ ਕਰਦੇ ਹੋਏ ਸੰਤ ਕ੍ਰਿਸ਼ਨਾ ਨੰਦ ਸ਼ਾਸ਼ਤਰੀ ਅਤੇ ਗੁਰਸਾਹਿਬ ਸਿੰਘ ਬਰਾੜ ਐਡਵੋਕੇਟ।
ਜੈਤੋ ਦੇ ਨੌਜਵਾਨ ਨਿਰਦੇਸ਼ਕ ਟੀਟੂ ਗੋਇਲ ਦੇ ਨਿਰਦੇਸ਼ਨ ਹੇਠ ਬਣ ਰਹੀ ਟੈਲੀ ਫਿਲਮ 'ਕਮਲਾ ਟੱਬਰ' ਦੀ ਸ਼ੂਟਿੰਗ ਦਾ ਸ਼ੁੱਭ ਮਹੂਰਤ ਇਥੋਂ ਨੇੜਲੇ ਪਿੰਡ ਭਗਤੂਆਣਾ ਦੇ ਡੇਰਾ ਭਾਈ ਭਗਤੂ ਵਿਖੇ ਹੋਇਆ। ਸ਼ੂਟਿੰਗ ਦਾ ਉਦਘਾਟਨ ਡੇਰੇ ਦੇ ਮੁਖੀ ਸੰਤ ਕ੍ਰਿਸ਼ਨਾ ਨੰਦ ਸ਼ਾਸ਼ਤਰੀ, ਬਾਰ ਐਸੋਸੀਏਸ਼ਨ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਗੁਰਸਾਹਿਬ ਸਿੰਘ ਬਰਾੜ ਐਡਵੋਕੇਟ ਅਤੇ ਗੰਗਸਰ ਸਪੋਰਟਸ ਕਲੱਬ ਜੈਤੋ ਦੇ ਆਗੂ ਜਸਵਿੰਦਰ ਸਿੰਘ ਜੈਤੋ ਨੇ ਕੀਤਾ। ਨਿਰਦੇਸ਼ਕ ਟੀਟੂ ਗੋਇਲ ਨੇ ਦੱਸਿਆ ਹੈ ਕਿ ਇਹ ਕਾਮੇਡੀ ਫਿਲਮ ਸਮਾਜਿਕ ਬੁਰਾਈਆਂ ਉਪਰ ਕਰਾਰੀ ਚੋਟ ਕਰਦੀ ਹੈ ਅਤੇ ਹਾਸੇ ਦੇ ਨਾਲ ਨਾਲ ਲੋਕਾਂ ਨੂੰ ਚੰਗਾ ਜੀਵਨ ਜਿਉਣ ਦੀ ਪ੍ਰੇਰਨਾ ਦਿੰਦੀ ਹੈ। ਸੰਤ ਕ੍ਰਿਸ਼ਨਾ ਨੰਦ ਨੇ ਸਮਾਜਿਕ ਬੁਰਾਈਆਂ ਨੂੰ ਉਭਾਰ ਕੇ ਲੋਕਾਂ ਨੂੰ ਸੁਚੇਤ ਕਰਨ ਦੇ ਇਸ ਯਤਨ ਲਈ ਫਿਲਮ ਦੀ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਸਕੂਲੀ ਬੱਚਿਆਂ ਦਾ ਇਕ ਦ੍ਰਿਸ਼ ਫਿਲਮਾਇਆ ਗਿਆ। ਇਸ ਫਿਲਮ ਨੂੰ 'ਅਪਨਾ ਸਟੂਡਿਓ' ਜੈਤੋ ਦੀ ਟੀਮ ਵੱਲੋਂ ਕੈਮਰਾਬੰਦ ਕੀਤਾ ਗਿਆ। ਇਸ ਫਿਲਮ ਵਿਚ ਅੰਮ੍ਰਿਤ ਆਲਮ, ਬੱਬੂ, ਭੂਸ਼ਣ, ਗੇਂਦਾ ਰਾਮ ਬਿੱਲੂ, ਰਾਮ ਭਈਆ ਅਤੇ ਸੁਰਜੀਤ ਬੋਦਾ ਮੁੱਖ ਕਲਾਕਾਰਾਂ ਦੀ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦੇ ਮਹੂਰਤ ਸਮੇਂ ਅਕਾਲੀ ਆਗੂ ਸਾਹਿਬ ਸਿੰਘ ਮੌੜ, ਇਕਬਾਲ ਸਿੰਘ ਕਾਲੀ, ਲੋਕ ਸੱਭਿਆਚਾਰ ਵਿਕਾਸ ਮੰਚ ਜੈਤੋ ਦੇ ਆਗੂ ਹਰਦਮ ਸਿੰਘ ਮਾਨ, ਐਨ. ਆਰ. ਆਈ. ਸਤਿੰਦਰਪਾਲ ਸਿੰਘ ਰੋਮਾਣਾ, ਹਜੂਰਾ ਸਿੰਘ, ਸੱਤਿਆ ਮਿਤਰਾ ਨੰਦ ਅਤੇ ਪਿੰਡ ਦੇ ਕਈ ਪਤਵੰਤੇ ਹਾਜਰ ਸਨ।

No comments:

Post a Comment