Monday, June 28, 2010

ਪੰਚਾਇਤ ਯੂਨੀਅਨ ਵੱਲੋਂ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਕੀਤੇ ਵਾਧੇ ਦੀ ਸਖ਼ਤ ਨਿਖੇਧੀ


ਜੈਤੋ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਲਕਾ ਜੈਤੋ ਪੰਚਾਇਤ ਯੂਨੀਅਨ ਦੇ ਪ੍ਰਧਾਨ ਰਾਜਪਾਲ ਸਿੰਘ ਡੇਲਿਆਂਵਾਲੀ।
ਹਲਕਾ ਜੈਤੋ ਪੰਚਾਇਤ ਯੂਨੀਅਨ ਦੇ ਪ੍ਰਧਾਨ ਰਾਜਪਾਲ ਸਿੰਘ ਡੇਲਿਆਂਵਾਲੀ ਨੇ ਕੇਂਦਰ ਸਰਕਾਰ ਵੱਲੋ ਪੈਟਰੋਲ, ਡੀਜ਼ਲ, ਮਿੱਟੀ ਦੇ ਤੇਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਆਟਾ, ਦਾਲ, ਸੀਮੇਂਟ, ਰੇਤ, ਬਜਰੀ ਆਦਿ ਦੀਆਂ ਕੀਮਤਾਂ 'ਚ ਵਾਧੇ ਨੇ ਪਹਿਲਾਂ ਹੀ ਆਮ ਲੋਕਾਂ ਦਾ ਜਿਉਣਾ ਮੁਹਾਲ ਕੀਤਾ ਹੋਇਆ ਹੈ, ਉਪਰੋਂ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ 'ਚ ਕੀਤਾ ਗਿਆ ਇਹ ਵਾਧਾ ਬਲਦੀ 'ਚ ਘਿਓ ਦੇ ਬਰਾਬਰ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕੇਂਦਰ ਦੀ ਯੂ.ਪੀ.ਏ. ਸਰਕਾਰ ਨੂੰ ਜਨਤਾ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਇਸ ਦੇ ਰਾਜ ਵਿਚ ਦਿਨੋਂ-ਦਿਨ ਮਹਿੰਗਾਈ ਵਧਦੀ ਜਾ ਰਹੀ ਹੈ। ਕੇਂਦਰ ਸਰਕਾਰ ਦੇ ਮੌਜੂਦਾ ਕਦਮ ਨੇ ਆਮ ਆਦਮੀਂ ਨੂੰ ਦੋ ਸਮੇਂ ਮਿਲਣ ਵਾਲੀ ਰੋਟੀ ਨੂੰ ਵੀ ਠੋਕਰ ਮਾਰੀ ਹੈ। ਮਹਿੰਗਾਈ ਦੇ ਇਸ ਦੌਰ 'ਚ ਰਸੋਈ ਗੈਸ, ਜੋ ਕਿ ਹਰ ਘਰ 'ਚ ਵਰਤਿਆ ਜਾਣ ਵਾਲਾ ਜ਼ਰੂਰੀ ਸਾਧਨ ਹੈ, ਦੀ ਕੀਮਤ 'ਚ 35 ਰੁਪਏ ਵਾਧਾ ਬਹੁਤ ਜ਼ਿਆਦਾ ਹੈ। ਇਸੇ ਤਰਾਂ ਡੀਜ਼ਲ ਦੀਆਂ ਕੀਮਤਾਂ ਵਿਚ ਕੀਤੇ ਵਾਧੇ ਨੇ ਕਿਸਾਨੀ ਨੂੰ ਵੱਡੀ ਆਰਥਿਕ ਸੱਟ ਮਾਰੀ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਕੀਮਤਾਂ ਵਿਚ ਕੀਤਾ ਇਹ ਵਾਧਾ ਵਾਪਸ ਲੈ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ।
ਪੰਜਾਬ ਦੇ ਪਾਣੀਆਂ ਬਾਰੇ ਚੰਡੀਗੜ੍ਹ ਵਿਖੇ ਹੋਈ ਸਰਬ ਪਾਰਟੀ ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਏ ਫੈਸਲਿਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਾਂਗਰਸ ਪਾਰਟੀ ਤੋਂ ਮੰਗ ਕੀਤੀ ਹੈ ਕਿ ਉਹ ਸਾਰੀਆਂ ਸਿਆਸੀ ਪਾਰਟੀਆਂ ਨਾਲ ਰਲਕੇ ਪ੍ਰਧਾਨ ਮੰਤਰੀ ਨੂੰ ਮਿਲਣ ਅਤੇ ਪੰਜਾਬ ਦੇ ਪਾਣੀਆਂ ਦੀ ਹੋ ਰਹੀ ਲੁੱਟ ਨੂੰ ਰੋਕਣ ਲਈ ਪੰਜਾਬ ਪੱਖੀ ਪਹੁੰਚ ਦਾ ਸਬੂਤ ਦੇਣ। ਉਨ੍ਹਾਂ ਕਿਹਾ ਕਿ ਕੁਦਰਤੀ ਸੋਮਿਆਂ ਬਾਰੇ ਬਣੇ ਰਿਪੇਰੀਅਨ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਧਿਰਾਂ ਪੰਜਾਬ ਵਿਰੋਧੀ ਫੈਸਲਿਆਂ ਨੂੰ ਰੱਦ ਕਰਾਉਣ ਅਤੇ ਪੰਜਾਬ ਦਾ ਖੋਹਿਆ ਜਾ ਰਿਹਾ ਪਾਣੀ ਵਾਪਸ ਲੈਣ ਲਈ ਸਾਂਝਾ ਪ੍ਰੋਗਰਾਮ ਤਿਆਰ ਕਰਨ ਤਾਂ ਜੋ ਪੰਜਾਬ ਨੂੰ ਭਿਆਨਕ ਤਬਾਹੀ ਤੋਂ ਬਚਾਇਆ ਜਾ ਸਕੇ। ਇਸ ਮੌਕੇ ਪਿੰਡ ਰਾਮੂਵਾਲਾ (ਡੇਲਿਆਂਵਾਲੀ) ਦੇ ਪੰਚ ਮੱਲ ਸਿੰਘ ਵੀ ਉਨ੍ਹਾਂ ਦੇ ਨਾਲ ਸਨ।

No comments:

Post a Comment