
ਅਕਾਲੀ-ਭਾਜਪਾ ਸਰਕਾਰ ਨੇ ਸੂਬੇ ਦਾ ਵਿਕਾਸ ਸਿਰਫ ਕਾਗਜ਼ਾਂ 'ਚ ਹੀ ਕੀਤਾ ਨਾ ਕਿ ਜ਼ਮੀਨੀ ਪੱਧਰ 'ਤੇ, ਅਕਾਲੀ ਆਗੂ ਤਾਂ ਸਿਰਫ ਦੂਜਿਆਂ ਵੱਲੋਂ ਕੀਤੇ ਕੰਮਾਂ 'ਤੇ ਆਪਣੀ ਮੋਹਰ ਲਾਉਣ ਲਈ ਹੀ ਉਤਾਵਲੇ ਰਹਿੰਦੇ ਹਨ। ਇਹ ਵਿਚਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸਾਬਕਾ ਮੈਂਬਰ ਐਡਵੋਕੇਟ ਗੁਰਸਾਹਿਬ ਸਿੰਘ ਬਰਾੜ ਨੇ ਇਥੇ ਸਾਂਝੇ ਕਰਦਿਆਂ ਕਿਹਾ ਹੈ ਕਿ ਇਸ ਸਰਕਾਰ ਦੇ ਸਾਢੇ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਵੀ ਸੂਬੇ ਅੰਦਰ ਨੀਂਹ ਪੱਥਰ ਰੱਖਣ ਤੋਂ ਇਲਾਵਾ ਅਮਲੀ ਰੂਪ 'ਚ ਕੋਈ ਵੀ ਵਿਕਾਸ ਕਾਰਜ ਸ਼ੁਰੂ ਨਹੀਂ ਹੋ ਸਕੇ। ਟੁੱਟੀਆਂ ਸੜਕਾਂ, ਬਿਜਲੀ, ਪਾਣੀ ਤੋਂ ਕਿੱਲਤ ਤੋਂ ਇਲਾਵਾ ਹੋਰ ਕਈ ਬੁਨਿਆਦੀ ਲੋੜਾਂ ਤੋਂ ਸੱਖਣੀ ਸੂਬੇ ਦੀ ਜਨਤਾ ਬੇਹੱਦ ਤਰਸਯੋਗ ਸਥਿਤੀ 'ਚੋਂ ਗੁਜ਼ਰ ਰਹੀ ਹੈ। ਜਨਤਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਸੁਹਿਰਦ ਯਤਨ ਕਰਨ ਦੀ ਬਜਾਏ ਅਕਾਲੀ ਆਗੂ ਝੂਠੀ ਬਿਆਨਬਾਜੀ ਕਰਕੇ ਹੀ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਸਿਰਫ ਸੁਪਨਿਆਂ ਦੀ ਸਲਤਨਤ ਹੀ ਸਿਰਜ ਰਹੇ ਹਨ, ਪਰ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਲੋਕ ਅਕਾਲੀਆਂ ਦੇ ਇਨ੍ਹਾਂ ਭਰਮਾਂ ਨੂੰ ਚਕਨਾਚੂਰ ਕਰ ਦੇਣਗੇ।
ਕਾਂਗਰਸੀ ਆਗੂਆਂ ਨੇ ਕਿਹਾ ਕਿ ਅਕਾਲੀ ਸਰਕਾਰ ਨੇ ਲੋਕਤੰਤਰ ਕਦਰਾਂ ਕੀਮਤਾਂ ਦਾ ਘਾਣ ਕਰਕੇ ਤਾਨਾਸ਼ਾਹੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਪੰਜਾਬ ਅੰਦਰ ਆਮ ਜਨਤਾ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਸਰਕਾਰ ਦੇ ਨੁਮਾਇੰਦੇ ਆਪਣੇ ਨਿੱਜੀ ਮੁਫ਼ਾਦਾਂ ਦੀ ਪੂਰਤੀ ਲਈ ਜਨਤਾ ਦੇ ਹਿੱਤਾਂ ਦੀ ਅਣਦੇਖੀ ਕਰ ਰਹੇ ਹਨ। ਅਕਾਲੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਅੱਜ ਕਿਸਾਨ, ਮਜ਼ਦੂਰ, ਵਪਾਰੀ ਅਤੇ ਦਲਿਤ ਆਦਿ ਵਰਗ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਅਕਾਲੀ-ਭਾਜਪਾ ਸਰਕਾਰ ਵੱਲੋਂ ਬਿਜਲੀ ਨੂੰ ਲੈ ਕੇ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵੇ ਬੁਰੀ ਤਰ੍ਹਾਂ ਫੇਲ੍ਹ ਹੋ ਗਏ ਕਿਉਂਕਿ ਅੱਜ ਪਿੰਡਾਂ ਅਤੇ ਸ਼ਹਿਰਾਂ ਲੱਗ ਰਹੇ ਬਿਜਲੀ ਦੇ ਕੱਟਾਂ ਨਾਲ ਜਿੱਥੇ ਲੋਕੀ ਪ੍ਰੇਸ਼ਾਨ ਹਨ ਉੱਥੇ ਹੀ ਸਰਕਾਰ ਵੱਲੋਂ ਕਿਸਾਨਾਂ ਲਈ ਵੀ ਅੱਠ ਘੰਟੇ ਬਿਜਲੀ ਮੁਹੱਈਆ ਨਹੀਂ ਕਰਵਾਈ ਜਾ ਰਹੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮਸਾਂ 5-6 ਘੰਟੇ ਹੀ ਬਿਜਲੀ ਮਿਲ ਰਹੀ ਹੈ। ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਸਕੱਤਰ ਹਰਦੇਵ ਸਿੰਘ ਜੈਤੋ, ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਗੁਰਸੇਵਕ ਸਿੰਘ ਜੈਤੋ ਵੀ ਉਨ੍ਹਾਂ ਦੇ ਨਾਲ ਸਨ।