Sunday, August 1, 2010

ਆਜ਼ਾਦੀ ਘੁਲਾਟੀਆਂ ਵੱਲੋਂ ਆਜ਼ਾਦੀ ਸਮਾਰੋਹਾਂ ਦੇ ਬਾਈਕਾਟ ਦਾ ਐਲਾਨ


ਆਜ਼ਾਦੀ ਘੁਲਾਟੀਆਂ ਦੀ ਸਰਕਾਰੀ ਦਰਬਾਰੇ ਹੋ ਰਹੀ ਦੁਰਗਤੀ ਦੇ ਰੋਸ ਵਜੋਂ ਜ਼ਿਲ੍ਹਾ ਫ਼ਰੀਦਕੋਟ ਦੇ ਆਜ਼ਾਦੀਏ ਘੁਲਾਟੀਏ 15 ਅਗਸਤ ਨੂੰ ਅਜ਼ਾਦੀ ਦਿਵਸ ਦੇ ਮੌਕੇ ਤੇ ਕਰਵਾਏ ਜਾ ਰਹੇ ਸਰਕਾਰੀ ਸਮਾਗਮਾਂ ਦਾ ਬਾਈਕਾਟ ਕਰਨਗੇ ਅਤੇ ਉਸ ਦਿਨ ਗ਼ੈਰ-ਸਰਕਾਰੀ ਸੰਸਥਾਵਾਂ ਵੱਲੋਂ ਕਰਵਾਏ ਜਾਣ ਵਾਲੇ ਸਮਾਰੋਹਾਂ ਵਿਚ ਸ਼ਾਮਲ ਹੋ ਕੇ ਦੇਸ਼ ਵਾਸੀਆਂ ਨਾਲ ਆਜ਼ਾਦੀ ਦੀ ਖੁਸ਼ੀ ਸਾਂਝੀ ਕਰਨਗੇ।
ਪੱਤਰਕਾਰਾਂ ਕੋਲ ਇਹ ਪ੍ਰਗਟਾਵਾ ਕਰਦਿਆਂ ਫਰੀਡਮ ਫਾਈਟਰਜ਼ ਆਰਗੇਨਾਈਜੇਸ਼ਨ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਮਾਸਟਰ ਕਰਤਾ ਰਾਮ ਸੇਵਕ ਨੇ ਇਥੇ ਕਿਹਾ ਹੈ ਕਿ ਇਹ ਫੈਸਲਾ ਲੈਣ ਲਈ ਉਨ੍ਹਾਂ ਨੂੰ ਇਸ ਕਰਕੇ ਮਜ਼ਬੂਰ ਹੋਣਾ ਪਿਆ ਹੈ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਸਿਰਫ ਰਸਮੀ ਤੌਰ ਤੇ ਆਜ਼ਾਦੀ ਦਿਵਸ ਅਤੇ ਗਣਤੰਤਰ ਦਿਵਸ ਦੇ ਸਮਾਰੋਹਾਂ ਸਮੇਂ ਆਜ਼ਾਦੀ ਘੁਲਾਟੀਆਂ ਨੂੰ ਸੱਦਾ ਪੱਤਰ ਭੇਜ ਦਿੰਦੇ ਹਨ ਪਰ ਅਸਲੀਅਤ ਇਹ ਹੈ ਕਿ ਆਜ਼ਾਦੀ ਘੁਲਾਟੀਆਂ ਨੂੰ ਸਰਕਾਰੀ ਦਰਬਾਰੇ ਕਿਤੇ ਵੀ ਬਣਦਾ ਸਨਮਾਨ ਨਹੀਂ ਦਿੱਤਾ ਜਾਂਦਾ। ਸਨਮਾਨ ਤਾਂ ਦੂਰ ਦੀ ਗੱਲ ਆਜ਼ਾਦੀ ਘੁਲਾਟੀਆਂ ਨਾਲ ਹੋ ਰਹੀ ਬੇਇਨਸਾਫੀ ਅਤੇ ਧੱਕੇਸ਼ਾਹੀ ਦੀ ਕਿਤੇ ਵੀ ਸੁਣਵਾਈ ਨਹੀਂ ਅਤੇ ਉਨ੍ਹਾਂ ਨੂੰ ਆਪਣੇ ਨਿਜੀ ਮਸਲਿਆਂ ਲਈ ਥਾਂ ਥਾਂ ਖੱਜਲ ਖ਼ੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਅਫਸੋਸ ਜ਼ਾਹਰ ਕੀਤਾ ਕਿ ਆਜ਼ਾਦੀ ਪਰਵਾਨਿਆਂ ਨੇ ਜਿਸ ਸੋਚ ਅਤੇ ਸੁਪਨਿਆਂ ਤਹਿਤ ਗ਼ੁਲਾਮੀ ਦਾ ਜੂਲਾ ਗਲੋਂ ਲਾਹਿਆ ਸੀ, ਅੱਜ ਦੇ ਰਾਜਨੀਤਕ ਆਗੂਆਂ ਅਤੇ ਅਫਸਰਸ਼ਾਹੀ ਨੇ ਆਜ਼ਾਦੀ ਘੁਲਾਟੀਅ ਦੇ ਉਨ੍ਹਾਂ ਸੁਪਨਿਆਂ ਨੂੰ ਚਕਨਾਚੂਰ ਕਰ ਦਿੱਤਾ ਹੈ। ਇਨ੍ਹਾਂ ਨੇਤਾਵਾਂ ਅਤੇ ਅਫਸਰਾਂ ਨੂੰ ਸਿਰਫ ਤੇ ਸਿਰਫ ਆਪਣੇ ਪਰਵਾਰਾਂ, ਰਿਸ਼ਤੇਦਾਰਾਂ ਅਤੇ ਚਹੇਤਿਆਂ ਤੋਂ ਸਿਵਾ ਹੋਰ ਕੋਈ ਵੀ ਨਾਗਰਿਕ ਨਜ਼ਰ ਆ ਰਿਹਾ ਹੈ ਅਤੇ ਇਹੀ ਵਜ੍ਹਾ ਹੈ ਕਿ ਦੇਸ਼ ਵਿਚ ਅਰਾਜਕਤਾ ਵਰਗੇ ਹਾਲਾਤ ਬਣਦੇ ਜਾ ਰਹੇ ਹਨ। ਸਰਕਾਰਾਂ ਚਲਾਉਣ ਵਾਲਿਆਂ ਨੂੰ ਨਾ ਦੇਸ਼ ਦੀ ਵਧਦੀ ਆਬਾਦੀ ਦੀ ਚਿੰਤਾ ਹੈ, ਨਾ ਬੇਰੁਜ਼ਗਾਰੀ ਦਾ ਕੋਈ ਖ਼ਿਆਲ ਹੈ ਅਤੇ ਨਾ ਹੀ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਲੋਕਾਂ ਨੂੰ ਸਹਾਰਾ ਦੇਣ ਲਈ ਕੋਈ ਸਰਕਾਰੀ ਵਿਉਂਤਬੰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਮਾਰੋਹਾਂ ਵਿਚ ਵੱਡੀਆਂ ਵੱਡੀਆਂ ਯੋਜਨਾਵਾਂ ਦਾ ਐਲਾਨ ਕਰਕੇ ਮੁੜ ਉਨ੍ਹਾਂ ਨੂੰ ਅਮਲੀ ਰੂਪ ਨਾ ਦੇਣਾ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਵੱਡਾ ਖਿਲਵਾੜ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਹੱਕਾਂ ਪ੍ਰਤੀ ਸੁਚੇਤ ਹੋਣ ਕਿਉਂਕਿ ਰਾਜਨੀਤਕ ਲੋਕਾਂ ਅਤੇ ਅਫਸਰਸ਼ਾਹੀ ਨੂੰ ਮਨਮਾਨੀਆਂ ਕਰਨ ਤੋਂ ਵਰਜਣਾ ਹੁਣ ਸਮੇਂ ਦੀ ਲੋੜ ਹੈ।

No comments:

Post a Comment