Sunday, August 1, 2010

ਨਿਸ਼ਕਾਮ ਸਮਾਜ ਸੇਵਕ ਸੰਤ ਸ਼ਮਿੰਦਰ ਸਿੰਘ ਯੂ. ਐਨ. ਦੇ ਮੈਂਬਰ ਨਾਮਜ਼ਦ 18 ਅਗਸਤ ਨੂੰ ਫਰਾਂਸ ਵਿਚ ਹੋਣ ਵਾਲੀ ਮੀਟਿੰਗ 'ਚ ਹੋਣਗੇ ਸ਼ਾਮਲ


ਯੂਨਾਈਟਿਡ ਨੇਸ਼ਨ (ਯੂ. ਐਨ.) ਵੱਲੋਂ ਜੈਤੋ ਇਲਾਕੇ ਦੇ ਨਿਸ਼ਕਾਮ ਸਮਾਜ ਸੇਵਕ ਅਤੇ ਜੈਤੋ ਵਿਖੇ ਮਾਤਾ ਅਮਰ ਕੌਰ ਚੈਰੀਟੇਬਲ ਅੱਖਾਂ ਦੇ ਹਸਪਤਾਲ ਰਾਹੀਂ ਮਨੁੱਖੀ ਭਲਾਈ ਲਈ ਅਹਿਮ ਕਾਰਜ ਕਰ ਰਹੇ ਸੰਤ ਸ਼ਮਿੰਦਰ ਸਿੰਘ ਦੀਆਂ ਸੇਵਾਵਾਂ ਨੂੰ ਮੁੱਖ ਰਖਦਿਆਂ ਉਨ੍ਹਾਂ ਨੂੰ ਯੂ. ਐਨ. ਦਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ ਅਤੇ ਉਹ 18 ਅਗਸਤ 2010 ਨੂੰ ਫਰਾਂਸ ਵਿਚ ਯੂ. ਐਨ. ਦੀ ਹੋ ਰਹੀ ਮੀਟਿੰਗ ਵਿਚ ਸ਼ਾਮਲ ਹੋਣ ਲਈ ਸੱਦਾ ਪੱਤਰ ਭੇਜਿਆ ਗਿਆ ਹੈ।
ਇਥੇ ਵਿਵੇਕ ਆਸ਼ਰਮ ਵਿਚ ਬੁਲਾਈ ਪ੍ਰੈਸ ਕਾਨਫਰੰਸ ਵਿਚ ਇਹ ਪ੍ਰਗਟਾਵਾ ਕਰਦਿਆਂ ਯੂ. ਐਨ. ਦੇ ਮੈਂਬਰ ਅਤੇ ਅੰਤਰ ਰਾਸ਼ਟਰੀ ਮਨੁੱਖੀ ਅਧਿਕਾਰ ਸੰਸਥਾ (ਆਈ. ਐਚ. ਆਰ. ਏ.) ਦੇ ਪੰਜਾਬ ਦੇ ਕੋਆਰਡੀਨੇਟਰ ਹਰਮਨਪ੍ਰੀਤ ਸਿੰਘ ਰੰਧਾਵਾ ਨੇ ਦੱਸਿਆ ਹੈ ਕਿ ਸੰਤ ਸ਼ਮਿੰਦਰ ਸਿੰਘ ਨੂੰ ਇਹ ਵਡੇਰਾ ਮਾਣ ਉਨ੍ਹਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਮਨੁੱਖੀ ਸੇਵਾ ਲਈ ਕੀਤੇ ਜਾ ਰਹੇ ਸ਼ਲਾਘਾਯੋਗ ਕਾਰਜਾਂ ਦੀ ਬਦੌਲਤ ਮਿਲਿਆ ਹੈ ਅਤੇ ਉਨ੍ਹਾਂ ਦੀਆਂ ਸੇਵਾਵਾਂ ਵਿਸ਼ੇਸ਼ ਤੌਰ ਤੇ ਵਿਸ਼ਵ ਸਿਹਤ ਸੰਸਥਾ ਨੂੰ ਸਮੱਰਪਿਤ ਹੋਣਗੀਆਂ। ਪ੍ਰੈਸ ਕਾਨਫਰੰਸ ਵਿਚ ਹਾਜਰ ਆਈ. ਐਚ. ਆਰ. ਏ. ਕੌਮੀ ਮੁੱਖ ਸਲਾਹਕਾਰ ਪ੍ਰੋ. ਤਰਸੇਮ ਨਰੂਲਾ ਨੇ ਕਿਹਾ ਕਿ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਜੈਤੋ ਦੇ ਕਿਸੇ ਸ਼ਖ਼ਸੀਅਤ ਨੂੰ ਸਮੁੱਚੀ ਦੁਨੀਆਂ ਦੀ ਸਰਵਉਚ ਸੰਸਥਾ ਦੇ ਮੈਂਬਰ ਬਣਨ ਦਾ ਮਾਣ ਹਾਸਲ ਹੋਇਆ ਹੈ ਅਤੇ ਉਨ੍ਹਾਂ ਦੀ ਨਿਯੁਕਤੀ ਨਾਲ ਇਤਿਹਾਸਕ ਸ਼ਹਿਰ ਜੈਤੋ ਦੇ ਗੌਰਵ ਵਿਚ ਇਕ ਨਵਾਂ ਅਧਿਆਇ ਜੁੜ ਗਿਆ ਹੈ।
ਇਸ ਨਿਯੁਕਤੀ ਨੂੰ ਪੰਜਾਬ ਦੇ ਸਮੂਹ ਸਮਾਜ ਸੇਵਕਾਂ ਦਾ ਮਾਣ ਦਸਦਿਆਂ ਸੰਤ ਸ਼ਮਿੰਦਰ ਸਿੰਘ ਨੇ ਕਿਹਾ ਕਿ ਉਹ ਯੂ. ਐਨ. ਰਾਹੀਂ ਜੈਤੋ ਇਲਾਕੇ ਅਤੇ ਪੰਜਾਬ ਦੇ ਲੋਕਾਂ ਲਈ ਵੱਧ ਤੋਂ ਵੱਧ ਕਾਰਜ ਕਰਨ ਦਾ ਉਪਰਾਲਾ ਕਰਨਗੇ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਸਭ ਤੋਂ ਪਹਿਲਾ ਕਾਰਜ ਵਿਸ਼ਵ ਸਿਹਤ ਸੰਸਥਾ ਦੀ ਸਹਾਇਤਾ ਨਾਲ ਜੈਤੋ ਵਿਖੇ ਯਤੀਮ ਬੱਚਿਆਂ ਲਈ 7 ਕਰੋੜ ਦੀ ਲਾਗਤ ਨਾਲ ਇਕ ਆਸ਼ਰਮ ਦੀ ਉਸਾਰੀ ਕਰਨਾ ਹੋਵੇਗਾ। ਇਹ ਆਸ਼ਰਮ ਵਿਚ ਅਨਾਥ ਬੱਚਿਆਂ ਦੀ ਪਾਲਣਾ ਪੋਸ਼ਣਾ ਪਰਵਾਰਿਕ ਮੈਂਬਰਾਂ ਵਾਂਗ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਵਿਦਿਆ ਦੀਆਂ ਸਭ ਸਹੂਲਤਾਂ ਪ੍ਰਦਾਨ ਕਰਵਾਈਆਂ ਜਾਣਗੀਆਂ। ਇਸ ਮੌਕੇ ਆਈ. ਐਚ. ਆਰ. ਏ. ਦੇ ਮਾਲਵਾ ਜ਼ੋਨ ਦੇ ਪ੍ਰਧਾਨ ਐਡਵੋਕੇਟ ਸੰਜੀਵ ਮੰਗਲਾ, ਮੀਤ ਪ੍ਰਧਾਨ ਓਮ ਪ੍ਰਕਾਸ਼ ਸਿੰਗਲਾ ਤੋਂ ਇਲਾਵਾ ਪੰਜਾਬ ਦੇ ਸਕੱਤਰ ਦਰਸ਼ਨ ਕੁਮਾਰ ਗੋਇਲ, ਗੁਰਤੇਜ ਸਿੰਘ ਸਿੱਧੂ, ਵੀਰਪਾਲ ਸ਼ਰਮਾ, ਸਤਿੰਦਰਪਾਲ ਸਿੰਘ ਅਤੇ ਜਗਰੂਪ ਸਿੰਘ ਬਰਾੜ ਨੇ ਸੰਤ ਸ਼ਮਿੰਦਰ ਸਿੰਘ ਨੂੰ ਇਸ ਨਿਯੁਕਤੀ ਲਈ ਮੁਬਾਰਕਬਾਦ ਦਿੱਤੀ ਅਤੇ ਯੂ. ਐਨ. ਸੰਸਥਾ ਦਾ ਧੰਨਵਾਦ ਕੀਤਾ।

No comments:

Post a Comment